ਮਾਸੂਮ ਬੱਚੀਆਂ ਨਾਲ ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਮਿਲੇ ਸਖਤ ਤੋਂ ਸਖਤ ਸਜ਼ਾ

03/26/2018 12:28:03 PM

ਹੁਸ਼ਿਆਰਪੁਰ (ਘੁੰਮਣ)— ਇਕ ਸਰਵੇਖਣ ਅਨੁਸਾਰ ਸਾਡੇ ਦੇਸ਼ 'ਚ ਰੋਜ਼ਾਨਾ ਹਰ 6 ਮਿੰਟ 'ਚ ਇਕ ਔਰਤ ਨਾਲ ਜਬਰ-ਜ਼ਨਾਹ ਦੇ ਅਪਰਾਧ ਨੂੰ ਅੰਜਾਮ ਦਿੱਤਾ ਜਾਂਦਾ ਹੈ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਔਰਤ ਸੱਚਮੁੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਆਜ਼ਾਦ ਹੋ ਗਈ ਹੈ ਜਾਂ ਇਹ ਸਿਰਫ ਇਕ ਦਿਖਾਵਾ ਹੈ। ਸਮਾਜ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ 'ਚ ਇਹ ਅਪਰਾਧ ਸਭ ਤੋਂ ਉੱਪਰ ਹੈ। ਗੁਆਂਢੀ ਸੂਬਿਆਂ ਦੀਆਂ ਸਰਕਾਰਾਂ ਨੇ ਪਹਿਲ-ਕਦਮੀ ਕਰਦਿਆਂ ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦਾ ਬਿੱਲ ਪਾਸ ਕਰਕੇ ਪੂਰੀ ਦੁਨੀਆਂ ਵਿਚ ਮਿਸਾਲ ਕਾਇਮ ਕੀਤੀ। ਜਿਸ ਤਰ੍ਹਾਂ ਪੰਜਾਬ 'ਚ ਰੋਜ਼ਾਨਾ ਇਸ ਤਰ੍ਹਾਂ ਦੇ ਘਿਨਾਉਣੇ ਅਪਰਾਧ ਹੋ ਰਹੇ ਹਨ, ਉਸ ਦੇ ਬਾਵਜੂਦ ਪਤਾ ਨਹੀਂ ਪੰਜਾਬ ਸਰਕਾਰ ਇਹ ਕਾਨੂੰਨ ਕਿਉਂ ਲਾਗੂ ਨਹੀਂ ਕਰ ਰਹੀ।
ਸੰਗਤ ਸਿੰਘ ਗਿਲਜੀਆਂ ਵਿਧਾਇਕ ਉੜਮੁੜ ਟਾਂਡਾ ਨੇ ਇਸ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਜਬਰ-ਜ਼ਨਾਹ ਬਹੁਤ ਸੰਗੀਨ ਅਪਰਾਧ ਹੈ, ਜੋ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ। ਛੋਟੀਆਂ ਬੱਚੀਆਂ ਨਾਲ ਗੈਰ-ਮਨੁੱਖੀ ਵਤੀਰਾ ਕਰਨਾ ਜਾਨਵਰਾਂ ਵਰਗੀ ਹਰਕਤ ਹੈ। ਇਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਇਸ ਸਬੰਧੀ ਹਰ ਪਰਿਵਾਰ ਦਾ ਵੀ ਫਰਜ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਜਾਣ ਤਾਂ ਜੋ ਅਜਿਹੇ ਅਪਰਾਧਾਂ ਨੂੰ ਰੋਕਿਆ ਜਾ ਸਕੇ ਅਤੇ ਉਨ੍ਹਾਂ ਨੂੰ ਚੰਗੇ ਰਸਤੇ 'ਤੇ ਪਾਇਆ ਜਾ ਸਕੇ ਅਤੇ ਉਹ ਆਪਣੀ ਅਤੇ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਣ।
ਇਸ ਸਬੰਧ 'ਚ ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ ਨੇ ਕਿਹਾ ਕਿ ਇਹ ਬਹੁਤ ਖਤਰਨਾਕ ਅਪਰਾਧ ਹੈ ਅਤੇ ਇਸ ਦੇ ਦੋਸ਼ੀਆਂ ਨੂੰ ਫਾਂਸੀ ਤੋਂ ਵੀ ਉੱਪਰ ਦੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਮੁੜ ਕੋਈ ਅਜਿਹੀ ਹਰਕਤ ਨਾ ਕਰੇ। ਉਨ੍ਹਾਂ ਕਿਹਾ ਕਿ ਮੈਂ ਤਾਂ ਪਾਰਟੀ ਹਾਈਕਮਾਂਡ ਨਾਲ ਵੀ ਗੱਲ ਕੀਤੀ ਹੈ ਕਿ ਵਿਧਾਨ ਸਭਾ ਵਿਚ ਇਹ ਪ੍ਰਸਤਾਵ ਲਿਆਂਦਾ ਜਾਵੇ ਤੇ ਉਸ ਵਿਚ ਸੋਧ ਕੀਤੀ ਜਾਵੇ। ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਕਿਉਂਕਿ ਅਜਿਹੇ ਕਾਰਨਾਮੇ ਕਰਨ ਵਾਲਿਆਂ ਦਾ ਹੌਂਸਲਾ ਬਹੁਤ ਵਧ ਚੁੱਕਾ ਹੈ ਤੇ ਇਨ੍ਹਾਂ ਨੂੰ ਨੱਥ ਪਾਉਣੀ ਜ਼ਰੂਰੀ ਹੋ ਗਈ ਹੈ।
ਸੰਤੋਸ਼ ਚੌਧਰੀ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਬਖਸ਼ਣਾ ਚਾਹੀਦਾ। ਉਹ ਕਿਵੇਂ ਭੁੱਲ ਜਾਂਦਾ ਹੈ ਕਿ ਉਸ ਨੂੰ ਜਨਮ ਦੇਣ ਵਾਲੀ ਵੀ ਇਕ ਔਰਤ ਹੈ। ਇਹੋ ਜਿਹੀ ਮਾਨਸਿਕਤਾ ਦੀ ਸਜ਼ਾ ਐਨੀ ਸਖ਼ਤ ਹੋਵੇ ਤੇ ਸਮਾਜ ਦੇ ਸਾਹਮਣੇ ਹੋਵੇ ਕਿ ਇਸਨੂੰ ਦੇਖ ਕੇ ਸਾਰਿਆਂ ਦਾ ਦਿਲ ਦਹਿਲ ਜਾਵੇ ਅਤੇ ਅਜਿਹਾ ਅਪਰਾਧੀ ਅੱਗੇ ਤੋਂ ਅਜਿਹਾ ਅਪਰਾਧ ਕਰਨ ਦਾ ਹੌਂਸਲਾ ਨਾ ਕਰ ਸਕੇ।
ਅਜਵਿੰਦਰ ਸਿੰਘ ਪ੍ਰਧਾਨ ਸਿੱਖ ਵੈੱਲਫੇਅਰ ਸੁਸਾਇਟੀ ਨੇ ਕਿਹਾ ਕਿ ਛੋਟੀਆਂ ਮਾਸੂਮ ਬੱਚੀਆਂ ਅਤੇ ਔਰਤਾਂ ਨਾਲ ਇਹੋ ਜਿਹੀ ਗੰਦੀ ਹਰਕਤ ਕਰਨ ਵਾਲੇ ਨੂੰ ਉਸਦੀ ਸੋਚ ਤੋਂ ਬਾਹਰ ਦੀ ਸਜ਼ਾ ਦੇਣੀ ਚਾਹੀਦੀ ਹੈ। ਸਾਡੇ ਸਮਾਜ 'ਚ ਜਿੰਨੀ ਦੇਰ ਤੱਕ ਨਸ਼ਾ ਪੈਰ ਪਸਾਰੀ ਬੈਠਾ ਹੈ, ਸਮਾਜ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਠੱਲ੍ਹ ਨਹੀਂ ਪਾਈ ਜਾ ਸਕਦੀ, ਕਿਉਂਕਿ ਨਸ਼ਾ ਵਿਅਕਤੀ ਦੀਆਂ ਸਾਰੀਆਂ ਮਰਿਆਦਾਵਾਂ ਨੂੰ ਖਤਮ ਕਰ ਦਿੰਦਾ ਹੈ। ਇਥੋਂ ਤੱਕ ਕਿ ਉਹ ਆਪਣਾ ਵਜੂਦ ਵੀ ਭੁੱਲ ਬੈਠਦਾ ਹੈ। ਇਸ ਤਰ੍ਹਾਂ ਦੀ ਗੰਦੀ ਸੋਚ ਨੂੰ ਅੰਜਾਮ ਦੇਣ ਵਾਲੇ ਦਾ ਇਕ ਹੀ ਹੱਲ ਹੋਣਾ ਚਾਹੀਦਾ ਹੈ ਫਾਂਸੀ।
ਪ੍ਰਿੰਸੀਪਲ ਕਿਰਨਪ੍ਰੀਤ ਕੌਰ ਧਾਮੀ ਨੇ ਇਸ ਸਬੰਧੀ ਕਿਹਾ ਕਿ ਇਸ ਨੂੰ ਰੋਕਣ ਦਾ ਫਾਂਸੀ ਕੋਈ ਪੱਕਾ ਹੱਲ ਨਹੀਂ ਹੈ। ਨੌਜਵਾਨ ਪੀੜ੍ਹੀ ਦੀ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ। ਅੱਜ ਜੋ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਚਲਾਈ ਜਾ ਰਹੀ ਹੈ, ਉਸਨੂੰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਸਮਝ ਆ ਸਕੇ ਕਿ ਔਰਤ ਦਾ ਮਾਣ ਕਿਵੇਂ ਕਰਨਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਬੱਚਿਆਂ ਦੀ ਗੁਰੂ ਉਨ੍ਹਾਂ ਦੀ ਮਾਂ ਹੁੰਦੀ ਹੈ ਤੇ ਉਸਨੇ ਹੀ ਚੰਗੇ ਸੰਸਕਾਰ ਦੇਣੇ ਹੁੰਦੇ ਹਨ, ਜੋ ਕਿ ਘਰ 'ਚੋਂ ਹੀ ਸ਼ੁਰੂ ਹੰਦੇ ਹਨ। ਕਿਤਾਬਾਂ ਤਾਂ ਸਕੂਲਾਂ 'ਚ ਜਾ ਕੇ ਬਾਅਦ ਵਿਚ ਹੀ ਪੜ੍ਹੀਆਂ ਜਾਂਦੀਆਂ ਹਨ। ਖਾਸ ਕਰਕੇ ਮਾਂ ਨੂੰ ਹੀ ਆਪਣੇ ਬੱਚਿਆਂ ਵੱਲ ਧਿਆਨ ਦੇਣ ਦੀ ਲੋੜ ਹੈ।


Related News