ਮਾਪਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਲੜਕੀ ਨਾਲ ਕੀਤਾ ਜਬਰ-ਜ਼ਨਾਹ
Thursday, Jun 27, 2019 - 10:56 AM (IST)

ਸੁਲਤਾਨਪੁਰ ਲੋਧੀ (ਧੀਰ)— ਲੜਕੀ ਨਾਲ ਜਬਰ-ਜ਼ਨਾਹ ਅਤੇ ਮਾਪਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ 'ਚ ਪੁਲਸ ਨੇ ਇਕ ਲੜਕੇ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਪੀੜਤ ਲੜਕੀ ਨੇ ਦੱਸਿਆ ਕਿ ਉਹ 12ਵੀਂ ਪਾਸ ਹੈ ਅਤੇ ਹੁਣ ਜਲੰਧਰ ਵਿਖੇ ਕਿਸੇ ਆਈਲੈਟਸ ਸੈਂਟਰ ਤੋਂ ਸਟੱਡੀ ਕਰ ਰਹੀ ਹੈ। ਉਸ ਦੀ 10ਵੀਂ 'ਚ ਹੀ ਜਲੰਧਰ ਦੇ ਇਕ ਲੜਕੇ ਨਾਲ ਦੋਸਤੀ ਹੋ ਗਈ ਸੀ, ਜੋਕਿ ਕੁਝ ਸਮੇਂ ਬਾਅਦ ਟੁੱਟ ਗਈ ਸੀ ਪਰ ਕੁਝ ਸਮੇਂ ਬਾਅਦ ਉਕਤ ਲੜਕੇ ਨੇ ਉਸ ਦੇ ਮਾਤਾ-ਪਿਤਾ ਦੇ ਫੋਨ 'ਤੇ ਲੜਕੀ ਨੂੰ ਧਮਕੀ ਦਿੱਤੀ ਕਿ ਜੇ ਉਸ ਨੇ ਉਸ ਦੇ ਨਾਲ ਗੱਲ ਨਾ ਕੀਤੀ ਤਾਂ ਉਹ ਉਸ ਦੇ ਮਾਪਿਆਂ ਨੂੰ ਜਾਨੋਂ ਮਾਰ ਦੇਵੇਗਾ।
ਪੀੜਤਾ ਅਨੁਸਾਰ ਧਮਕੀ ਤੋਂ ਡਰਦੀ ਹੋਈ ਉਸ ਨੇ ਉਕਤ ਲੜਕੇ ਨੂੰ ਆਪਣਾ ਨਵਾਂ ਫੋਨ ਨੰਬਰ ਦੇ ਦਿੱਤਾ। ਲੜਕੀ ਨੇ ਦੱਸਿਆ ਕਿ 23 ਅਪ੍ਰੈਲ 2019 ਨੂੰ ਉਸ ਨੇ ਮੈਨੂੰ ਜਲੰਧਰ ਬੁਲਾਇਆ ਅਤੇ ਮੈਨੂੰ ਇਕ ਹੋਟਲ 'ਚ ਲਿਜਾ ਕੇ ਮੇਰੇ ਨਾਲ ਜਬਰ-ਜ਼ਨਾਹ ਕੀਤਾ। ਉਪਰੰਤ 1 ਮਹੀਨੇ ਬਾਅਦ ਉਕਤ ਲੜਕੇ ਨੇ ਮੈਨੂੰ ਫੋਨ ਕਰਕੇ ਧਮਕੀ ਦਿੱਤੀ ਕਿ ਮੈਨੂੰ ਗੋਲਡ ਅਤੇ ਨਕਦੀ ਚਾਹੀਦੀ ਹੈ, ਇਸ ਲਈ ਜਲਦੀ ਤੋਂ ਜਲਦੀ ਉਹ ਉਸ ਨੂੰ ਜਲੰਧਰ ਆ ਕੇ ਮਿਲੇ ਨਹੀਂ ਤਾਂ ਉਹ ਮੇਰੇ ਮਾਤਾ-ਪਿਤਾ ਨੂੰ ਜਾਨ ਤੋਂ ਮਾਰ ਦੇਵੇਗਾ। ਲੜਕੀ ਨੇ ਦੱਸਿਆ ਕਿ ਉਹ ਅਗਲੇ ਦਿਨ 28 ਮਈ ਨੂੰ ਜਲੰਧਰ ਦੇ ਬੱਸ ਸਟੈਂਡ 'ਤੇ ਉਸ ਨੂੰ ਮਿਲੀ ਅਤੇ ਆਪਣੇ ਘਰ ਤੋਂ ਲਿਆਂਦੇ 11 ਤੋਲੇ ਸੋਨਾ ਅਤੇ 25 ਹਜ਼ਾਰ ਰੁਪਏ ਨਕਦੀ ਉਸ ਨੂੰ ਦਿੱਤੀ। ਇਸ ਦੌਰਾਨ ਉਕਤ ਲੜਕੇ ਨੇ ਮੈਨੂੰ ਆਪਣੀ ਪਾਣੀ ਵਾਲੀ ਬੋਤਲ 'ਚੋਂ ਪਾਣੀ ਪਿਆਇਆ। ਪਾਣੀ ਪੀਣ ਤੋਂ ਬਾਅਦ ਮੈਨੂੰ ਕੋਈ ਹੋਸ਼ ਨਾ ਰਹੀ ਤਾਂ ਜਦੋਂ 30 ਮਈ 2019 ਨੂੰ ਹੋਸ਼ ਆਈ ਤਾਂ ਉਸ ਨੇ ਆਪਣੇ ਆਪ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਜ਼ੇਰੇ ਇਲਾਜ ਪਾਇਆ ਅਤੇ ਦੇਖਿਆ ਕਿ ਉਸ ਦੇ ਮਾਤਾ ਪਿਤਾ ਉਸ ਦੇ ਸਾਹਮਣੇ ਹਨ। ਥਾਣਾ ਮੁਖੀ ਇੰਸ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਮੈਡੀਕਲ ਰਿਪੋਰਟ ਮਿਲਣ 'ਤੇ ਕੇਸ ਦੀ ਜਾਂਚ ਕਰਨ ਰਹੇ ਲੇਡੀ ਏ. ਐੱਸ. ਆਈ. ਮਨਦੀਪ ਕੌਰ ਵੱਲੋਂ ਉਕਤ ਲੜਕੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।