ਜਿਸ ਥਾਣੇ ''ਚ ਗੁੰਮਸ਼ੁਦਗੀ ਦੀ ਸ਼ਿਕਾਇਤ, ਉਸੇ ਦੇ ਏਰੀਏ ''ਚ ਸੁੱਟੀ ਲਾਸ਼

Thursday, Nov 16, 2017 - 07:47 AM (IST)

ਜਿਸ ਥਾਣੇ ''ਚ ਗੁੰਮਸ਼ੁਦਗੀ ਦੀ ਸ਼ਿਕਾਇਤ, ਉਸੇ ਦੇ ਏਰੀਏ ''ਚ ਸੁੱਟੀ ਲਾਸ਼

ਮੋਹਾਲੀ  (ਰਾਣਾ) - 17 ਸਾਲਾ ਨਾਬਾਲਿਗਾ ਦਾ ਮਰਡਰ ਕਰਨ ਤੋਂ ਬਾਅਦ ਉਸ ਦੀ ਲਾਸ਼ ਜੰਗਲ ਵਿਚੋਂ ਮਿਲਣਾ ਇਹ ਪੁਲਸ ਦੀ ਕਾਰਜ ਪ੍ਰਣਾਲੀ ਨੂੰ ਵੀ ਸ਼ੱਕ ਦੇ ਦਾਇਰੇ ਵਿਚ ਲਿਆ ਕੇ ਖੜ੍ਹਾ ਕਰ ਰਿਹਾ ਹੈ, ਕਿਉਂਕਿ 11 ਨਵੰਬਰ ਨੂੰ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਫੇਜ਼-8 ਥਾਣਾ ਪੁਲਸ ਨੂੰ ਉਸਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਿੱਤੀ ਸੀ, ਜਿਸ 'ਤੇ ਅਗਵਾ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ । ਐੱਫ. ਆਈ. ਆਰ. ਕੱਟਣ ਤੋਂ ਬਾਅਦ ਪੁਲਸ ਨੇ ਐਡਵੋਕੇਟ ਦੇ ਘਰ ਕੋਲ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਦੀ ਜਾਂਚ ਕੀਤੀ, ਜਿਸ ਵਿਚ ਮ੍ਰਿਤਕਾ ਸ਼ਾਮ ਨੂੰ ਸਾਢੇ 4 ਵਜੇ ਐਡਵੋਕੇਟ ਦੇ ਘਰੋਂ ਬਾਹਰ ਜਾਂਦੀ ਵਿਖਾਈ ਦੇ ਰਹੀ ਹੈ, ਜਿਸ ਤੋਂ ਬਾਅਦ ਪੁਲਸ ਨੇ ਪੂਰੇ ਏਰੀਏ ਦੀ ਜਾਂਚ ਕਿਉਂ ਨਹੀਂ ਕੀਤੀ। ਪੁਲਸ ਨੇ ਐੱਫ. ਆਈ. ਆਰ. ਦਰਜ ਕਰਕੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਲਈ ਜੇਕਰ ਪੁਲਸ ਨੇ ਇਸ ਕੇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਹੁੰਦੀ ਤਾਂ ਅੱਜ ਸ਼ਾਇਦ ਨਾਬਾਲਿਗਾ ਜਿਊਂਦੀ ਹੁੰਦੀ।
ਉਥੇ ਹੀ ਪੁਲਸ ਨੇ ਲਾਸ਼ ਫੇਜ਼-6 ਦੇ ਸਿਵਲ ਹਸਪਤਾਲ ਵਿਚ ਰਖਵਾਈ ਸੀ, ਜੋ ਅੱਜ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਤੇ ਉਸ ਦਾ ਅੱਜ ਸਸਕਾਰ ਕਰ ਦਿੱਤਾ ਗਿਆ ।  
ਵੱਡੀ ਭੈਣ ਤੇ ਛੋਟੇ ਭਰਾ ਦੇ ਨਾਲ ਰਹਿੰਦੀ ਸੀ ਨਾਬਾਲਿਗਾ
ਐਡਵੋਕੇਟ ਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਉਸਦੇ ਘਰ ਵਿਚ 1 ਸਾਲ ਤੋਂ ਕੇਅਰ ਟੇਕਰ ਦਾ ਕੰਮ ਕਰ ਰਹੀ ਸੀ । ਉਹ ਤੇ ਉਸ ਦੀ ਪਤਨੀ ਕੰਮ 'ਤੇ ਚਲੇ ਜਾਂਦੇ ਹਨ ਤੇ ਪਿੱਛੇ ਘਰ ਵਿਚ ਉਸ ਦੀ ਮਾਂ ਹੁੰਦੀ ਹੈ। ਰੋਜ਼ਾਨਾ ਦੀ ਤਰ੍ਹਾਂ 9 ਨਵੰਬਰ ਸ਼ਾਮ ਨੂੰ ਸਾਢੇ 4 ਵਜੇ ਮ੍ਰਿਤਕਾ ਉਸਦੇ ਘਰੋਂ ਚਲੀ ਗਈ ਸੀ, ਉਸ ਦੇ ਅਗਲੇ ਦਿਨ ਉਸਦਾ ਛੋਟਾ ਭਰਾ ਉਸ ਦੇ ਕੋਲ ਆਇਆ ਸੀ ਕਿਉਂਕਿ ਉਸ ਦੇ ਮਾਤਾ-ਪਿਤਾ ਪਿੰਡ ਵਿਚ ਰਹਿੰਦੇ ਸਨ । ਉਹ ਮਟੌਰ ਵਿਚ ਆਪਣੀ ਵੱਡੀ ਭੈਣ ਤੇ ਛੋਟੇ ਭਰੇ ਦੇ ਨਾਲ ਰਹਿੰਦੀ ਸੀ ।
ਉਨ੍ਹਾਂ ਮ੍ਰਿਤਕਾ ਜੋਤੀ ਨੂੰ ਕਾਫੀ ਜਗ੍ਹਾ ਲੱਭਿਆ ਪਰ ਉਹ ਨਹੀਂ ਮਿਲੀ, ਜਿਸ ਤੋਂ ਬਾਅਦ ਉਹ ਸ਼ਿਕਾਇਤ ਦੇਣ ਲਈ ਮ੍ਰਿਤਕਾ ਦੇ ਛੋਟੇ ਭਰਾ ਦੇ ਨਾਲ ਫੇਜ਼-8 ਥਾਣਾ ਪੁੱਜੇ, ਜਿਥੇ ਪੁਲਸ ਨੇ ਕਿਹਾ ਕਿ ਨਾਬਾਲਿਗਾ ਸ਼ਿਕਾਇਤ ਨਹੀਂ ਦੇ ਸਕਦੇ ਤੇ ਉਸ ਦੇ ਦੋ ਦਿਨ ਬਾਅਦ ਮ੍ਰਿਤਕਾ ਦੇ ਮਾਤਾ-ਪਿਤਾ ਆਏ ਤੇ ਉਨ੍ਹਾਂ ਨੇ 11 ਨਵੰਬਰ ਨੂੰ ਸ਼ਿਕਾਇਤ ਦਿੱਤੀ।  
ਰਾਜੀਵ ਕੁਮਾਰ ਫੇਜ਼-8 ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਨੂੰ ਫੜਨ ਲਈ ਹਰ ਪਹਿਲੂ 'ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ 'ਤੇ ਵੀ ਸ਼ੱਕ ਹੈ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਮ੍ਰਿਤਕਾ ਦੀ ਮੈਡੀਕਲ ਰਿਪੋਰਟ ਸ਼ੁੱਕਰਵਾਰ ਨੂੰ ਆਏਗੀ ਤੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਨਾਬਾਲਿਗਾ ਦੀ ਹੱਤਿਆ ਤੋਂ ਪਹਿਲਾਂ ਉਸ ਨਾਲ ਰੇਪ ਹੋਇਆ ਸੀ ਜਾਂ ਨਹੀਂ । ਸੈਕਟਰ-69 ਵਲੋਂ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ ਵਿਚ ਲਈ ਗਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ।  


Related News