NRI ਨਾਲ ਵਿਆਹੀ ਕੁੜੀ ਦੀ ਰੁਲ੍ਹੀ ਜ਼ਿੰਦਗੀ, ਪਤੀ ਦੇ ਅਸਲ ਰੰਗ ਨੇ ਚੂਰ-ਚੂਰ ਕੀਤੇ ਸੁਫ਼ਨੇ
Saturday, Dec 19, 2020 - 11:46 AM (IST)
ਅਮਲੋਹ (ਗਰਗ) : ਇੱਥੇ ਇਕ ਐਨ. ਆਰ. ਆਈ. ਨੇ ਭੋਲੀ-ਭਾਲੀ ਕੁੜੀ ਨਾਲ ਵਿਆਹ ਕਰਵਾ ਕੇ ਉਸ ਦੀ ਜ਼ਿੰਦਗੀ ਹੀ ਰੋਲ੍ਹ ਛੱਡੀ। ਵਿਆਹ ਤੋਂ ਬਾਅਦ ਪਤੀ ਦੇ ਅਸਲ ਰੰਗਾਂ ਨੇ ਕੁੜੀ ਦੇ ਸੁਫ਼ਨਿਆਂ ਨੂੰ ਚੂਰ-ਚੂਰ ਕਰ ਦਿੱਤਾ। ਪੀੜਤ ਕੁੜੀ ਨੇ ਦੱਸਿਆ ਕਿ ਉਸ ਦੇ ਪਤੀ ਨੇ ਨਸ਼ੇ ’ਚ ਟੁੰਨ ਹੋ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਘਰੋਂ ਬਾਹਰ ਵੀ ਕੱਢ ਦਿੱਤਾ। ਸਿਵਲ ਹਸਪਤਾਲ ਅਮਲੋਹ ਵਿਖੇ ਦਾਖ਼ਲ ਰਜਨਦੀਪ ਕੌਰ ਨੇ ਆਪਣੀ ਹੱਡਬੀਤੀ ਪੱਤਰਕਾਰਾਂ ਨੂੰ ਦੱਸਦਿਆਂ ਕਿਹਾ ਕਿ ਉਸ ਦਾ ਵਿਆਹ ਪਿੰਡ ਫੈਜ਼ੁੱਲਾਪੁਰ ਦੇ ਗੁਰਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਨਾਲ ਨਵੰਬਰ-2017 ’ਚ ਹੋਇਆ ਸੀ।
ਇਹ ਵੀ ਪੜ੍ਹੋ : ਟੁਕੜੇ-ਟੁਕੜੇ ਗੈਂਗ ਵਾਲੇ ਬਿਆਨ 'ਤੇ ਭਾਜਪਾ ਦੇ ਸਿੱਖ ਨੇਤਾ ਦਾ ਪਲਟਵਾਰ, ਸੁਖਬੀਰ 'ਤੇ ਲਾਏ ਵੱਡੇ ਦੋਸ਼
ਵਿਆਹ ਸਮੇਂ ਗੁਰਿੰਦਰ ਕੈਨੇਡਾ ਵਿਖੇ ਰਹਿੰਦਾ ਸੀ ਤੇ ਉਸ ਨੂੰ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਜਲਦੀ ਹੀ ਕੈਨੇਡਾ ਲੈ ਜਾਵੇਗਾ। ਉਸ ਨੇ ਦੱਸਿਆ ਕਿ ਉਸ ਨੂੰ ਬਾਅਦ ’ਚ ਪਤਾ ਲੱਗਾ ਕਿ ਗੁਰਿਦੰਰ ਨੇ ਇਸ ਤੋਂ ਪਹਿਲਾਂ ਫਰਵਰੀ-2016 ’ਚ ਇਕ ਹੋਰ ਕੁੜੀ ਕਿਰਨਦੀਪ ਕੌਰ ਨਾਲ ਵੀ ਵਿਆਹ ਕਰਵਾ ਰੱਖਿਆ ਹੈ ਅਤੇ ਉਸ ਨੂੰ ਵੀ ਕੈਨੇਡਾ ਲਿਜਾਣ ਦਾ ਵਾਅਦਾ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਉਸ ਨੇ ਕੈਨੇਡਾ ਵਿਖੇ ਵੀ ਇਕ ਗੋਰੀ ਨਾਲ ਵਿਆਹ ਕਰਵਾਇਆ ਹੋਇਆ ਹੈ। ਰਜਨਦੀਪ ਨੇ ਦੱਸਿਆ ਕਿ ਉਹ ਇਨਸਾਫ਼ ਲੈਣ ਲਈ ਦਰ-ਦਰ ਦੀਆ ਠੋਕਰਾਂ ਖਾ ਰਹੀ ਹੈ।
ਇਹ ਵੀ ਪੜ੍ਹੋ : 'ਪੰਜਾਬ ਬੋਰਡ' ਦੀਆਂ ਪ੍ਰੀਖਿਆਵਾਂ ਲਈ ਨਹੀਂ ਬਣਾਏ ਜਾਣਗੇ ਸਕੂਲਾਂ ਦੇ ਸੈਲਫ 'ਪ੍ਰੀਖਿਆ ਕੇਂਦਰ'
ਅਮਲੋਹ ਪੁਲਸ ਵੱਲੋਂ ਉਸ ਦੀ ਸ਼ਿਕਾਇਤ ’ਤੇ ਕਾਰਵਾਈ ਨਾ ਕਰਨ ’ਤੇ ਉਸ ਵੱਲੋਂ ਐੱਸ. ਐੱਸ. ਪੀ. ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਹੈ, ਜਿਸ ’ਚ ਆਪਣੇ ਪਤੀ ਗੁਰਿੰਦਰ ਸਿੰਘ, ਸੱਸ ਚਰਨਜੀਤ ਕੌਰ, ਤਾਇਆ ਬਲਵੀਰ ਸਿੰਘ, ਤਾਈ ਜਸਵਿੰਦਰ ਕੌਰ ਤੇ ਮਾਮਾ ਅਜੈਬ ਸਿੰਘ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਹੈ। ਰਜਨਦੀਪ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਹ ਮੰਡੀ ਗੋਬਿੰਦਗੜ੍ਹ ਵਿਖੇ ਆਪਣੀ ਵਿਧਵਾ ਭੈਣ ਕੋਲ ਰਹਿੰਦੀ ਹੈ 13 ਦਸੰਬਰ ਨੂੰ ਉਸ ਦਾ ਪਤੀ ਉਸ ਕੋਲ ਆਇਆ ਤੇ ਕਹਿਣ ਲੱਗਾ ਕਿ ਉਹ ਉਸ ਨਾਲ ਪਿੰਡ ਚੱਲੇ, ਉਸ ਦੀ ਮਾਤਾ ਤੇ ਤਾਇਆ-ਤਾਈ ਕੈਨੇਡਾ ਤੋਂ ਆਏ ਹਨ, ਜਿਸ ਤੋਂ ਬਾਅਦ ਪੀੜਤਾ ਆਪਣੀ ਭੈਣ ਨਾਲ ਫੈਜ਼ੁੱਲਾਪੁਰ ਆ ਗਈ, ਜਿੱਥੇ ਉਸ ਦੀ ਅਤੇ ਉਸ ਦੀ ਭੈਣ ਦੀ ਕੁੱਟਮਾਰ ਕੀਤੀ ਗਈ।
ਇਹ ਵੀ ਪੜ੍ਹੋ : ਕੁੜੀ ਨੇ ਪਹਿਲਾਂ ਬਹਾਨੇ ਨਾਲ ਹੋਟਲ 'ਚ ਸੱਦਿਆ ਸਰਕਾਰੀ ਮੁਲਾਜ਼ਮ, ਫਿਰ ਕੀਤੀ ਘਟੀਆ ਕਰਤੂਤ
ਪੀੜਤਾ ਵੱਲੋਂ ਇਸ ਦੀ ਸੂਚਨਾ 112 ਹੈਲਪਲਾਈਨ ’ਤੇ ਦਿੱਤੀ ਗਈ ਤੇ ਅਮਲੋਹ ਪੁਲਸ ਵੱਲੋਂ ਉਸ ਨੂੰ ਤੇ ਉਸ ਦੀ ਭੈਣ ਨੂੰ ਸਿਵਲ ਹਸਪਤਾਲ ਅਮਲੋਹ ਵਿਖੇ ਦਾਖ਼ਲ ਕਰਵਾਇਆ ਗਿਆ। ਰਜਨਦੀਪ ਨੇ ਦੋਸ਼ ਲਾਇਆ ਕਿ ਪੁਲਸ ਵੱਲੋਂ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਉਸ ’ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਫ਼ੈਸਲਾ ਕਰ ਲਓ। ਰਜਨਦੀਪ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦਾ ਪਤੀ ਸਮੈਕ ਪੀਣ ਦਾ ਆਦੀ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਪੰਚਾਇਤੀ ਤੌਰ ’ਤੇ ਉਨ੍ਹਾਂ ਦਾ ਫ਼ੈਸਲਾ ਹੋ ਚੁੱਕਾ ਹੈ ਪਰ ਉਹ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆ ਰਿਹਾ। ਜਦ ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਰਾਜਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਰਜਨਦੀਪ ਦੇ 112 ਨੰਬਰ ’ਤੇ ਸ਼ਿਕਾਇਤ ਤੋਂ ਬਾਅਦ ਉਹ ਐਂਬੂਲੈਂਸ ਲੈ ਕੇ ਪਿੰਡ ਫੈਜ਼ੁੱਲਾਪੁਰ ਗਏ ਤੇ ਜ਼ਖਮੀਂ ਹਾਲਤ ’ਚ ਰਜਨਦੀਪ ਤੇ ਉਸ ਦੀ ਭੈਣ ਕੁਲਵੀਰ ਕੌਰ ਨੂੰ ਸਿਵਲ ਹਸਪਤਾਲ ਅਮਲੋਹ ਵਿਖੇ ਦਾਖ਼ਲ ਕਰਵਾਇਆ। ਉਹ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਦੇ ਆਧਾਰ ’ਤੇ ਕਾਰਵਾਈ ਕਰ ਰਹੇ ਹਨ।
ਨੋਟ : NRI ਪਤੀਆਂ ਵੱਲੋਂ ਪਤਨੀਆਂ ਨਾਲ ਕੀਤੇ ਜਾ ਰਹੇ ਜ਼ੁਲਮਾਂ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ