ਖੜ੍ਹੀ ਕਾਰ ’ਚ ਟੱਕਰ ਮਾਰਨ ’ਤੇ ਲੜਕੀ ਦੀ ਮੌਤ, 4 ਜ਼ਖਮੀ
Sunday, Apr 04, 2021 - 11:03 PM (IST)

ਫਗਵਾੜਾ, (ਹਰਜੋਤ)- ਫਗਵਾੜਾ-ਜਲੰਧਰ ਸੜਕ ’ਤੇ ਖੜ੍ਹੀ ਇੱਕ ਕਾਰ ’ਚ ਪਿੱਛੋਂ ਤੇਜ਼ ਰਫ਼ਤਾਰੀ ਕਾਰ ਵੱਲੋਂ ਟੱਕਰ ਮਾਰਨ ਕਾਰਣ ਕਾਰ ’ਚ ਸਵਾਰ ਇਕ 25 ਸਾਲਾ ਲੜਕੀ ਦੀ ਮੌਤ ਹੋ ਗਈ, ਜਦਕਿ ਚਾਰ ਮੈਂਬਰ ਫੱਟੜ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਦਿੰਦਿਆ ਚਹੇਡ਼ੂ ਚੌਕੀ ਇੰਚਾਰਜ ਦਰਸ਼ਨ ਸਿੰਘ ਨੇ ਦੱਸਿਆ ਕਿ ਲੁਧਿਆਣਾ ਦਾ ਇਕ ਪਰਿਵਾਰ ਅੰਮ੍ਰਿਤਸਰ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਆਪਣੀ ਕਾਰ ਰਾਹੀਂ ਵਾਪਸ ਆ ਰਿਹਾ ਸੀ, ਜਦੋਂ ਇਸ ਜਗ੍ਹਾ ’ਤੇ ਪੁੱਜੇ ਤਾਂ ਗੱਡੀ ’ਚ ਸਵਾਰ ਬੱਚੇ ਨੇ ਪਾਣੀ ਮੰਗਿਆ।
ਉਨ੍ਹਾਂ ਪਾਣੀ ਦੇਣ ਲਈ ਗੱਡੀ ਸੜਕ ਦੇ ਇਕ ਸਾਈਡ ’ਤੇ ਲੱਗਾ ਲਈ। ਜਿਸ ਦੌਰਾਨ ਮਗਰੋਂ ਆ ਰਹੀ ਇਕ ਕਾਰ ਨੇ ਉਸ ’ਚ ਟੱਕਰ ਮਾਰ ਦਿੱਤੀ। ਜਿਸ ਕਾਰਣ ਲੜਕੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਕੌਰ ਵਾਸੀ ਲੁਧਿਆਣਾ ਵਜੋਂ ਹੋਈ ਹੈ। ਜਦਕਿ ਜ਼ਖਮੀਆਂ ’ਚ ਹਰਪ੍ਰੀਤ ਸਿੰਘ, ਨੇਹਾ, ਖੁਹਾਇਸ਼ਪ੍ਰੀਤ ਕੌਰ, ਅਰਮਾਨਪ੍ਰੀਤ ਸਿੰਘ ਸ਼ਾਮਲ ਹਨ। ਪੁਲਸ ਨੇ ਟੱਕਰ ਮਾਰਨ ਵਾਲੀ ਗੱਡੀ ਤੇ ਚਾਲਕ ਨੂੰ ਕਾਬੂ ਕਰ ਕੇ ਚਾਲਕ ਰਣਧੀਰ ਸਿੰਘ ਵਾਸੀ ਲੁਧਿਆਣਾ ਖਿਲਾਫ਼ ਧਾਰਾ 304-ਏ ਤਹਿਤ ਕੇਸ ਦਰਜ ਕੀਤਾ ਹੈ।