ਪੋਤੀ ਦਾ ਵਿਆਹ ਕਰਨ ਤੋਂ ਕੀਤਾ ਇਨਕਾਰ ਤਾਂ ਨੌਜਵਾਨ ਨੇ ਦਾਦੀ ਦੀ ਧੌਣ ''ਤੇ ਚਾਕੂ ਰੱਖ ਕੇ ਲੜਕੀ ਕੀਤੀ ਅਗਵਾ

Sunday, Jul 30, 2017 - 08:05 AM (IST)

ਪੋਤੀ ਦਾ ਵਿਆਹ ਕਰਨ ਤੋਂ ਕੀਤਾ ਇਨਕਾਰ ਤਾਂ ਨੌਜਵਾਨ ਨੇ ਦਾਦੀ ਦੀ ਧੌਣ ''ਤੇ ਚਾਕੂ ਰੱਖ ਕੇ ਲੜਕੀ ਕੀਤੀ ਅਗਵਾ

ਚੰਡੀਗੜ੍ਹ  (ਸੁਸ਼ੀਲ) - ਮੌਲੀਜਾਗਰਾਂ 'ਚ ਨਾਬਾਲਿਗ ਪੋਤੀ ਦਾ ਵਿਆਹ ਕਰਨ ਤੋਂ ਇਨਕਾਰ ਕੀਤਾ ਤਾਂ ਗੁਆਂਢੀ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਲੜਕੀ ਨੂੰ ਅਗਵਾ ਕਰ ਕੇ ਆਟੋ 'ਤੇ ਫਰਾਰ ਹੋ ਗਿਆ। ਦਾਦੀ ਨੇ ਵਿਰੋਧ ਕੀਤਾ ਤਾਂ ਉਸ ਦੀ ਧੌਣ 'ਤੇ ਚਾਕੂ ਰੱਖ ਕੇ ਉਸ ਨੂੰ ਕਮਰੇ 'ਚ ਬੰਦ ਕਰ ਦਿੱਤਾ। ਦਾਦੀ ਨੇ ਰੌਲਾ ਪਾਇਆ ਤਾਂ ਗੁਆਂਢੀਆਂ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਮੌਲੀਜਾਗਰਾਂ ਵਾਸੀ ਰਾਜਕਲੀ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕਰਨ ਮਗਰੋਂ ਲੜਕੀ ਨੂੰ ਅਗਵਾ ਕਰਨ ਵਾਲੇ ਸਤੀਸ਼ ਮਿਸ਼ਰਾ, ਰਿਤਿਕ, ਬਿੱਟੂ, ਚੀਕੂ ਤੇ ਕਮਲ ਖਿਲਾਫ ਅਗਵਾ ਕਰਨ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕਰ ਲਿਆ। ਪੁਲਸ ਟੀਮ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।ਰਾਜਕਲੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਵੱਡੇ ਪੁੱਤਰ ਨਰਿੰਦਰ ਦੀ 16 ਸਾਲਾ ਧੀ ਉਸ ਕੋਲ ਗਰਾਊਂਡ ਫਲੌਰ 'ਤੇ ਰਹਿੰਦੀ ਹੈ। ਕੁਝ ਦਿਨ ਪਹਿਲਾਂ ਗੁਆਂਢ 'ਚ ਰਹਿਣ ਵਾਲਾ ਸਤੀਸ਼ ਮਿਸ਼ਰਾ ਉਨ੍ਹਾਂ ਦੇ ਘਰ ਆਇਆ ਤੇ ਕਹਿਣ ਲੱਗਾ ਕਿ ਤੁਹਾਡੀ ਪੋਤੀ ਨਾਲ ਵਿਆਹ ਕਰਨਾ ਹੈ। ਉਸ ਨੇ ਸਤੀਸ਼ ਨੂੰ ਦੱਸਿਆ ਕਿ ਪੋਤੀ ਦੀ ਉਮਰ 16 ਸਾਲ ਹੈ, ਇਸ ਲਈ ਉਹ ਵਿਆਹ ਨਹੀਂ ਕਰ ਸਕਦੀ।
ਦਾਦੀ ਨੇ ਦੋਸ਼ ਲਾਇਆ ਕਿ ਸਤੀਸ਼ ਮਿਸ਼ਰਾ ਨੇ ਧਮਕੀ ਦਿੱਤੀ ਕਿ ਜੇਕਰ ਉਹ ਪੋਤੀ ਦਾ ਵਿਆਹ ਨਹੀਂ ਕਰੇਗੀ ਤਾਂ ਉਹ ਪੋਤੀ ਨੂੰ ਚੁੱਕ ਕੇ ਲੈ ਜਾਵੇਗਾ। 26 ਜੁਲਾਈ ਨੂੰ ਉਸ ਦੇ ਪਤੀ ਰਾਜ ਕੁਮਾਰ ਦੀ ਤਬੀਅਤ ਖਰਾਬ ਹੋ ਗਈ ਤੇ ਉਸ ਨੂੰ ਸੈਕਟਰ-16 ਦੇ ਜਨਰਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦੋਵੇਂ ਪੁੱਤਰ ਤੇ ਪਰਿਵਾਰਕ ਮੈਂਬਰ ਉਸ ਦੇ ਪਤੀ ਨੂੰ ਮਿਲਣ ਹਸਪਤਾਲ ਚਲੇ ਗਏ। ਰਾਤ ਸਾਢੇ 10 ਵਜੇ ਸਤੀਸ਼ ਮਿਸ਼ਰਾ ਆਪਣੇ ਸਾਥੀਆਂ ਰਿਤਿਕ, ਬਿੱਟੂ, ਚੀਕੂ ਤੇ ਕਮਲ ਨਾਲ ਉਸ ਦੇ ਘਰ 'ਚ ਜ਼ਬਰੀ ਆ ਵੜਿਆ ਤੇ ਪੋਤੀ ਨੂੰ ਅਗਵਾ ਕਰ ਲਿਆ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੇ ਉਸ ਦੀ ਧੌਣ 'ਤੇ ਚਾਕੂ ਰੱਖ ਕੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਨੂੰ ਕਮਰੇ 'ਚ ਬੰਦ ਕਰ ਦਿੱਤਾ ਤੇ ਪੋਤੀ ਨੂੰ ਆਟੋ 'ਚ ਬਿਠਾ ਕੇ ਫਰਾਰ ਹੋ ਗਿਆ।ਮੌਲੀਜਾਗਰਾਂ ਥਾਣਾ ਮੁਖੀ ਬਲਦੇਵ ਕੁਮਾਰ ਨੇ ਦੱਸਿਆ ਕਿ ਲੜਕੀ ਨੂੰ ਅਗਵਾ ਕਰਨ ਵਾਲਿਆਂ ਖਿਲਾਫ ਅਗਵਾ ਕਰਨ ਤੇ ਜਾਨੋਂ ਮਾਰਨ ਦੀ ਧਮਕੀ ਦਾ ਮਾਮਲਾ ਦਰਜ ਕਰ ਲਿਆ ਹੈ।


Related News