12 ਸਾਲ ਹੈ 7 ਮਹੀਨੇ ਦਾ ਗਰਭ ਝੱਲ ਰਹੀ ਬੱਚੀ ਦੀ ਉਮਰ, ''ਜਗ ਬਾਣੀ'' ਨੇ ਜੁਟਾਏ ਉਮਰ ਦੇ ਪੁਖਤਾ ਸਬੂਤ

07/22/2017 3:01:52 PM

ਚੰਡੀਗੜ੍ਹ  (ਅਰਚਨਾ) - ਮਾਮੇ ਦੀ ਹੈਵਾਨੀਅਤ ਦਾ ਸ਼ਿਕਾਰ ਹੋਈ ਜਿਸ ਬੱਚੀ ਦੇ ਢਿੱਡ 'ਚ 7 ਮਹੀਨੇ ਦਾ ਗਰਭ ਪਲ ਰਿਹਾ ਹੈ, ਉਸ ਦੀ ਉਮਰ ਨੂੰ ਲੈ ਕੇ ਚੱਲ ਰਹੇ ਚਰਚਿਆਂ ਦੌਰਾਨ 'ਜਗ ਬਾਣੀ' ਨੇ ਨਵਾਂ ਖੁਲਾਸਾ ਕੀਤਾ ਹੈ। ਕਈ ਮਾਹਿਰਾਂ ਤੇ ਮਨੋਵਿਗਿਆਨਕਾਂ ਅਨੁਸਾਰ ਇੰਨੀ ਉਮਰ 'ਚ ਗਰਭ ਧਾਰਨ ਕਰਨਾ ਸੰਭਵ ਨਹੀਂ ਹੁੰਦਾ। ਮਾਹਿਰਾਂ ਨਾਲ ਗੱਲਬਾਤ ਤੋਂ ਬਾਅਦ 'ਜਗ ਬਾਣੀ' ਨੇ ਰੇਪ ਪੀੜਤਾ ਦੀ ਸਹੀ ਉਮਰ ਜਾਣਨ ਲਈ ਤਹਿਕੀਕਾਤ ਕੀਤੀ ਤਾਂ ਖੁਲਾਸਾ ਹੋਇਆ ਕਿ ਉਸ ਦੀ ਉਮਰ 10 ਨਹੀਂ ਬਲਕਿ 12 ਸਾਲ ਹੈ।
ਡਾਕਟਰ ਦੀ ਛੋਟੀ ਜਿਹੀ ਗਲਤੀ  
ਹਸਪਤਾਲ 'ਚ ਇਕ ਡਾਕਟਰ ਦੀ ਛੋਟੀ ਜਿਹੀ ਗਲਤੀ ਨੇ ਬੱਚੀ ਦੀ ਉਮਰ ਨੂੰ ਲੈ ਕੇ ਪੂਰੇ ਸਮਾਜ ਨੂੰ ਅਚੰਭੇ 'ਚ ਪਾ ਦਿੱਤਾ ਸੀ ਤੇ ਇਹ ਬਹਿਸ ਦਾ ਵਿਸ਼ਾ ਬਣਦਾ ਜਾ ਰਿਹਾ ਸੀ। 'ਜਗ ਬਾਣੀ' ਨੇ ਪੀੜਤਾ ਦੇ ਘਰ ਜਾ ਕੇ ਹਸਪਤਾਲ ਦੇ ਦਸਤਾਵੇਜ਼ ਤੇ ਉਸ ਦੇ ਸਕੂਲ ਤੋਂ ਉਸ ਦੀ ਉਮਰ ਦਾ ਪਤਾ ਕੀਤਾ ਤਾਂ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ। ਹਸਪਤਾਲ ਦੇ ਕਾਰਡ 'ਚ ਬੱਚੀ ਦੀ ਉਮਰ 12 ਸਾਲ ਹੀ ਲਿਖਵਾਈ ਗਈ ਸੀ ਪਰ ਜਾਂਚ ਕਰ ਰਹੇ ਡਾਕਟਰ ਨੇ ਬੱਚੀ ਦੀ ਉਮਰ ਆਪਣੀ ਰਿਪੋਰਟ 'ਚ 10 ਸਾਲ ਲਿਖੀ ਸੀ, ਜੋ ਕਿ ਆਪਣੇ ਆਪ 'ਚ ਹੀ ਸਵਾਲ ਖੜ੍ਹਾ ਕਰ ਰਹੀ ਸੀ। ਬੱਚੀ ਦੀ ਮਾਂ ਨੇ ਵੀ ਮੰਨਿਆ ਕਿ ਉਨ੍ਹਾਂ ਦੀ ਬੇਟੀ ਦੀ ਉਮਰ 10 ਸਾਲ ਨਹੀਂ, ਬਲਕਿ 12 ਸਾਲ ਹੈ। ਇਧਰ, ਸਾਈਕਾਲੋਜਿਸਟ ਦਾ ਕਹਿਣਾ ਹੈ ਕਿ ਬੱਚੀ ਨੂੰ 18 ਸਾਲ ਦੀ ਉਮਰ ਹੋਣ ਤਕ ਰੈਗੂਲਰ ਕਾਊਂਸਲਿੰਗ ਦੀ ਲੋੜ ਹੈ, ਤਾਂ ਕਿ ਉਹ ਆਉਣ ਵਾਲੇ ਜੀਵਨ 'ਚ ਕਿਸੇ ਮੈਂਟਲ ਟ੍ਰਾਮਾ ਜਾਂ ਡਿਪਰੈਸ਼ਨ ਦਾ ਸ਼ਿਕਾਰ ਨਾ ਹੋਵੇ ਕਿਉਂਕਿ ਵੱਡੀ ਹੋਣ 'ਤੇ ਉਸ ਨੂੰ ਆਪਣੇ ਨਾਲ ਹੋਈ ਹਰ ਘਟਨਾ ਦਾ ਪਤਾ ਲਗ ਜਾਵੇਗਾ।
ਦੁਨੀਆ 'ਚ ਘੱਟ ਉਮਰ 'ਚ ਮਾਂ ਬਣਨ ਵਾਲੀਆਂ ਬੱਚੀਆਂ ਦਾ ਰਿਕਾਰਡ
ਪੇਰੂ ਦੀ ਲੀਨਾ ਮੇਦਿਨਾ 5 ਸਾਲ ਦੀ ਉਮਰ 'ਚ ਮਾਂ ਬਣੀ ਸੀ। 14 ਮਈ 1939 ਨੂੰ ਬੱਚੀ ਨੇ ਇਕ ਲੜਕੇ ਨੂੰ ਜਨਮ ਦਿੱਤਾ ਸੀ। ਬੱਚਾ ਬੋਨ ਮੈਰੋ ਬੀਮਾਰੀ ਨਾਲ ਗ੍ਰਸਤ ਸੀ ਤੇ 40 ਸਾਲ ਦੀ ਉਮਰ ਤਕ ਪਹੁੰਚਦਿਆਂ ਉਸ ਦੀ ਮੌਤ ਹੋ ਗਈ ਸੀ। ਬੱਚੀ ਕਿਸੇ ਮੈਡੀਕਲ ਸਮੱਸਿਆ ਤੋਂ ਪੀੜਤ ਸੀ। ਗਰਭ 'ਚ ਬੱਚਾ ਕਿਸਦਾ ਹੈ, ਇਹ ਰਾਜ਼ ਬਣਿਆ ਰਿਹਾ। ਹਾਲਾਂਕਿ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਬੱਚੇ ਦੇ ਪਿਤਾ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਪਰ ਬਾਅਦ 'ਚ ਸਬੂਤਾਂ ਦੀ ਘਾਟ ਕਾਰਨ ਉਸ ਨੂੰ ਛੱਡ ਦਿੱਤਾ ਗਿਆ। ਲੀਨਾ ਮੇਦਿਨਾ ਤੋਂ ਬਾਅਦ ਟ੍ਰਾਈਬਲ ਦੇਸ਼ਾਂ ਦੀਆਂ ਕਈ ਲੜਕੀਆਂ 8 ਤੋਂ ਲੈ ਕੇ 12 ਸਾਲ ਦੀ ਉਮਰ 'ਚ ਮਾਂ ਬਣ ਚੁੱਕੀਆਂ ਹਨ।
ਬੱਚੀ ਨੂੰ ਦੱਸਿਆ ਢਿੱਡ 'ਚ ਪੱਥਰੀ
ਮਾਨਸਿਕ ਰੂਪ ਤੋਂ ਅਵਿਕਸਿਤ ਬੱਚੀ ਮਾਂ ਸ਼ਬਦ ਦੀ ਪਰਿਭਾਸ਼ਾ ਵੀ ਨਹੀਂ ਜਾਣਦੀ। ਅਜਿਹੇ 'ਚ ਡਾਕਟਰ ਵੀ ਪ੍ਰੇਸ਼ਾਨ ਹਨ ਕਿ ਡਲਿਵਰੀ ਤਕ ਬੱਚੀ ਦਾ ਆਤਮ-ਵਿਸ਼ਵਾਸ ਕਿੰਝ ਬਰਕਰਾਰ ਰੱਖਿਆ ਜਾਵੇ।
ਇਹੀ ਕਾਰਨ ਹੈ ਕਿ ਉਸ ਨੂੰ ਅੱਜ ਤਕ ਇਹੀ ਦੱਸਿਆ ਗਿਆ ਹੈ ਕਿ ਉਸ ਦੇ ਢਿੱਡ 'ਚ ਪੱਥਰੀ ਹੈ ਤੇ ਕੁਝ ਦਿਨਾਂ ਬਾਅਦ ਉਸ ਦਾ ਆਪ੍ਰੇਸ਼ਨ ਹੋਵੇਗਾ। ਬੱਚੀ ਦੀਆਂ ਸਹੇਲੀਆਂ ਨੂੰ ਵੀ ਇਹੀ ਕਿਹਾ ਗਿਆ ਹੈ ਕਿ ਕੁਝ ਮਹੀਨੇ ਤਕ ਕਿਸੇ ਨੂੰ ਵੀ ਉਹ ਨਹੀਂ ਮਿਲ ਸਕਦੀ ਕਿਉਂਕਿ ਬੱਚੀ ਦੇ ਢਿੱਡ 'ਚ ਪੱਥਰੀ ਕਾਰਨ ਦਰਦ ਹੋ ਰਿਹਾ ਹੈ।
ਹਾਲਾਂਕਿ ਬੱਚੀ ਨੂੰ ਪੜ੍ਹਾਉਣ ਲਈ ਘਰ 'ਚ ਹੀ ਪ੍ਰਬੰਧ ਕੀਤਾ ਜਾ ਰਿਹਾ ਹੈ। ਇਕ ਐੱਨ. ਜੀ. ਓ. ਦੀ ਸਹਾਇਤਾ ਨਾਲ ਹਰ ਰੋਜ਼ ਇਕ ਅਧਿਆਪਕ ਉਸ ਨੂੰ ਪੜ੍ਹਾਉਣ ਲਈ ਉਸ ਦੇ ਘਰ ਜਾਏਗੀ।
ਨਹੀਂ ਬੰਨ੍ਹਾਂਗੀ ਰੱਖੜੀ
ਪੀੜਤ ਬੱਚੀ ਦੀ ਮਾਂ ਜਿਵੇਂ ਪੂਰੀ ਦੁਨੀਆ ਤੋਂ ਰੁੱਸ ਗਈ ਲਗਦੀ ਹੈ। ਉਸ ਦਾ ਕਹਿਣਾ ਹੈ ਕਿ ਉਹ ਜ਼ਿੰਦਗੀ ਭਰ ਆਪਣੇ ਇਹੋ ਜਿਹੇ ਭਰਾ ਨੂੰ ਰੱਖੜੀ ਨਹੀਂ ਬੰਨ੍ਹੇਗੀ, ਉਥੇ ਹੀ ਮਾਮੇ ਦੀ ਪਤਨੀ ਤੇ ਪਰਿਵਾਰ ਨੇ ਵੀ ਉਸ ਦਾ ਬਾਈਕਾਟ ਕਰ ਦਿੱਤਾ ਹੈ। ਨਾ ਤਾਂ ਪੁਲਸ ਕਸਟਡੀ 'ਚ ਕੋਈ ਉਸ ਨੂੰ ਮਿਲਣ ਗਿਆ ਹੈ ਤੇ ਨਾ ਹੀ ਜੇਲ 'ਚ। ਭੈਣ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਫਾਂਸੀ ਲਗ ਜਾਵੇ ਤਾਂ ਉਹ ਹੰਝੂ ਨਹੀਂ ਵਹਾਏਗੀ। ਉਸਦੀਆਂ ਖੁਦ ਦੀਆਂ ਦੋ ਬੇਟੀਆਂ ਹਨ ਤੇ ਉਸ ਨੂੰ ਅਜਿਹਾ ਕਰਦਿਆਂ ਸ਼ਰਮ ਨਹੀਂ ਆਈ। ਮਾਮਾ ਸ਼ਬਦ ਦਾ ਅਰਥ ਹੀ ਬਿਆਨ ਕਰਦਾ ਹੈ ਕਿ ਮਾਮਾ ਦੋ ਮਾਵਾਂ ਦੇ ਸਮਾਨ ਹੈ, ਫਿਰ ਅਜਿਹੀ ਨੀਚਤਾ ਕਰਨ ਵਾਲੇ ਦੀ ਤਾਂ ਮੈਂ ਸ਼ਕਲ ਵੀ ਨਹੀਂ ਦੇਖਾਂਗੀ।


Related News