9 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਦੇ ਮਾਮਲੇ ''ਚ ਗੌਂਡਰ ਗਰੁੱਪ ਦੀ ਧਮਕੀ
Tuesday, Jan 28, 2020 - 06:56 PM (IST)
ਫਿਰੋਜ਼ਪੁਰ (ਕੁਮਾਰ) : ਇਥੋਂ ਦੇ ਇਕ ਪਿੰਡ 'ਚ 9 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਦੇ ਮਾਮਲੇ 'ਚ ਵਿੱਕੀ ਗੌਂਡਰ ਗਰੁੱਪ ਨੇ ਮੁਲਜ਼ਮਾਂ ਨੂੰ ਸਬਕ ਸਿਖਾਉਣ ਦੀ ਚਿਤਾਵਨੀ ਦਿੱਤੀ ਹੈ। ਵਿੱਕੀ ਗੌਂਡਰ ਨਾਮ ਦੀ ਇਕ ਫੇਸਬੁੱਕ ਆਈ. ਡੀ. 'ਤੇ ਲਿਖਿਆ ਗਿਆ ਹੈ ਕਿ 25-1-2020 ਨੂੰ ਇਥੇ ਇਕ 9 ਸਾਲ ਦੀ ਬੱਚੀ ਨਾਲ ਹੈਵਾਨੀਅਤ ਹੋਈ ਹੈ, ਇਸ ਮਾਮਲੇ ਵਿਚ ਜਿਨ੍ਹਾਂ ਦੇ ਵੀ ਨਾਮ ਸਾਹਮਣੇ ਆਉਣਗੇ ਜੇ ਪੁਲਸ ਤੋਂ ਪਹਿਲਾਂ ਉਹ ਸਾਡੇ ਗਰੁੱਪ ਦੇ ਹੱਥ ਆ ਗਏ ਤਾਂ ਉਨ੍ਹਾਂ 'ਤੇ ਅਸੀਂ ਕਾਰਵਾਈ ਕਰਾਂਗੇ। ਉਨ੍ਹਾਂ ਵਿਚ ਭਾਵੇਂ ਸਾਡਾ ਮਿੱਤਰ ਵੀ ਹੋਵੇ ਉਹ ਵੀ ਨਹੀਂ ਛੱਡਾਂਗੇ, ਪੁਲਸ ਵੀ ਆਪਣਾ ਕੰਮ ਧਿਆਨ ਨਾਲ ਕਰੇ।
ਇਸ ਦੇ ਨਾਲ ਹੀ ਇਸ ਧਮਕੀ ਭਰੀ ਪੋਸਟ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਜੇਕਰ ਕਿਸੇ ਵਿਧਾਇਕ, ਸਰਪੰਚ ਜਾਂ ਪੁਲਸ ਅਫਸਰ ਨੇ ਮੁਲਜ਼ਮਾਂ ਦੀ ਮਦਦ ਕੀਤੀ ਤਾਂ ਉਹ ਵੀ ਆਪਣਾ ਬਚਾਅ ਕਰ ਲੈਣ। ਪੁਲਸ ਨੂੰ ਬੇਨਤੀ ਹੈ ਕਿ ਜਲਦੀ ਮੁਲਜ਼ਮਾਂ 'ਤੇ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਨਤੀਜੇ ਭੁਗਤਨ ਨੂੰ ਤਿਆਰ ਹੋ ਜਾਓ। ਅਸੀਂ ਹੋਰ ਧੱਕਾ ਨਹੀਂ ਹੋਣ ਦੇਣ। ਦੂਜੇ ਪਾਸੇ ਪੁਲਸ ਇਸ ਗੱਲ ਦੀ ਜਾਂਚ ਵੀ ਕਰ ਰਹੀ ਹੈ ਕਿ ਕੀ ਸੱਚਮੁੱੱਚ ਇਹ ਪੋਸਟ ਵਿੱਕੀ ਗੌਂਡਰ ਗਰੁੱਪ ਵਲੋਂ ਪਾਈ ਗਈ ਹੈ ਜਾਂ ਫਿਰ ਕਿਸੇ ਸ਼ਰਾਰਤੀ ਅਨਸਰ ਨੇ ਉਸ ਦੇ ਨਾਮ ਦੀ ਜਾਅਲੀ ਆਈ. ਡੀ. ਬਣਾਈ ਹੋਈ ਹੈ।