ਖੰਨਾ 'ਚ ਲਾਈਨਾਂ ਪਾਰ ਕਰਦੀ ਕੁੜੀ ਟਰੇਨ ਹੇਠਾਂ ਆਈ, ਭਿਆਨਕ ਮੰਜ਼ਰ ਦੇਖਣ ਵਾਲਿਆਂ ਦੀ ਕੰਬ ਗਈ ਰੂਹ
Monday, Aug 14, 2023 - 10:27 AM (IST)
ਖੰਨਾ (ਵਿਪਨ) : ਲੁਧਿਆਣਾ-ਅੰਬਾਲਾ ਰੇਲ ਮਾਰਗ ਦੇ ਵਿਚਕਾਰ ਪੈਂਦੇ ਖੰਨਾ ਰੇਲਵੇ ਸਟੇਸ਼ਨ ਨੇੜੇ ਲਾਈਨਾਂ ਪਾਰ ਕਰਦੀ ਇੱਕ ਕੁੜੀ ਸੁਪਰਫਾਸਟ ਟਰੇਨ ਹੇਠਾਂ ਆ ਗਈ। ਨੌਜਵਾਨ ਕੁੜੀ ਬੁਰੀ ਤਰ੍ਹਾਂ ਕੁਚਲੀ ਗਈ। ਟਰੇਨ ਨੇ ਕੁੜੀ ਦੀ ਲਾਸ਼ ਦੇ ਟੁਕੜੇ ਕਰ ਦਿੱਤੇ। ਉਸ ਦਾ ਚਿਹਰਾ ਬੁਰੀ ਤਰ੍ਹਾਂ ਖ਼ਰਾਬ ਹੋ ਗਿਆ। ਇਸ ਕਾਰਨ ਉਸਦੀ ਪਛਾਣ ਕਰਨੀ ਵੀ ਔਖੀ ਹੋ ਗਈ ਹੈ। ਕੁੜੀ ਕੋਲੋਂ ਕੋਈ ਪਛਾਣ ਪੱਤਰ ਨਹੀਂ ਮਿਲਿਆ। ਮੌਕੇ ’ਤੇ ਕੁੱਝ ਕਿਤਾਬਾਂ ਹੀ ਮਿਲੀਆਂ।
ਇਹ ਹਾਦਸਾ ਰੇਲਵੇ ਟਰੈਕ ਪਾਰ ਕਰਦੇ ਸਮੇਂ ਵਾਪਰਿਆ। ਇਸ ਤੋਂ ਬਾਅਦ ਟਰੇਨ ਦੇ ਗਾਰਡ ਨੇ ਸਟੇਸ਼ਨ ਮਾਸਟਰ ਨੂੰ ਸੂਚਨਾ ਦਿੱਤੀ। ਸਟੇਸ਼ਨ ਮਾਸਟਰ ਨੇ ਤੁਰੰਤ ਜੀ. ਆਰ. ਪੀ. ਨੂੰ ਸੂਚਿਤ ਕੀਤਾ। ਮੌਕੇ ’ਤੇ ਪੁੱਜੇ ਜੀ. ਆਰ. ਪੀ. ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਮੌਕੇ ਦੇ ਹਾਲਾਤ ਇਹ ਸਨ ਕਿ ਕੁੜੀ ਨੂੰ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ। ਫਿਲਹਾਲ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਲੇ-ਦੁਆਲੇ ਤੋਂ ਪਤਾ ਕੀਤਾ ਜਾ ਰਿਹਾ ਹੈ ਕਿ ਕਿਸੇ ਦੀ ਕੁੜੀ ਲਾਪਤਾ ਤਾਂ ਨਹੀਂ ਹੈ।
ਇਹ ਵੀ ਪੜ੍ਹੋ : ਸੂਬੇ ਦੇ ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪਹਿਲੀ ਵਾਰ ਚੁੱਕਿਆ ਗਿਆ ਇਹ ਕਦਮ
ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ। ਫਿਲਹਾਲ ਲਾਸ਼ ਨੂੰ ਅਗਲੇ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਦੱਸਣਯੋਗ ਹੈ ਕਿ ਇਸ ਥਾਂ 'ਤੇ ਅਕਸਰ ਰੇਲ ਹਾਦਸੇ ਹੁੰਦੇ ਰਹਿੰਦੇ ਹਨ ਕਿਉਂਕਿ ਇੱਥੇ ਇੱਕ ਪਾਸੇ ਸ਼ਹਿਰ ਨੂੰ ਰਸਤਾ ਜਾਂਦਾ ਹੈ ਅਤੇ ਦੂਜੇ ਪਾਸੇ ਰਿਹਾਇਸ਼ੀ ਇਲਾਕਾ ਹੈ। ਲੋਕ ਆਮ ਹੀ ਰੇਲਵੇ ਲਾਈਨਾਂ ਪਾਰ ਕਰਦੇ ਰਹਿੰਦੇ ਹਨ। ਪੁਲਸ ਸਖ਼ਤ ਕਾਰਵਾਈ ਨਹੀਂ ਕਰਦੀ ਅਤੇ ਲੋਕ ਲਾਪਰਵਾਹ ਹੋ ਕੇ ਲੰਘਦੇ ਰਹਿੰਦੇ ਹਨ। ਇਹੀ ਕਾਰਨ ਇਸ ਹਾਦਸੇ ਦੇ ਪਿੱਛੇ ਰਿਹਾ। ਲੋਕਾਂ ਵੱਲੋਂ ਵੀ ਇੱਥੇ ਲਾਂਘੇ ਲਈ ਪੁਲ ਬਣਾਉਣ ਦੀ ਮੰਗ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ