ਆਰਥਿਕ ਤੰਗੀ ਤੋਂ ਪਰੇਸ਼ਾਨ ਕੁੜੀ ਨੇ ਲਿਆ ਫ਼ਾਹਾ
Saturday, Apr 15, 2023 - 02:14 PM (IST)

ਡੇਰਾਬੱਸੀ (ਅਨਿਲ) : ਨੇੜਲੇ ਪਿੰਡ ਭਾਂਖਰਪੁਰ 'ਚ 16 ਸਾਲਾ ਕੁੜੀ ਨੇ ਖ਼ੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਸ਼ੁੱਕਰਵਾਰ ਨੂੰ ਬਰਾਮਦ ਕੀਤੀ ਗਈ। ਖ਼ੁਦਕੁਸ਼ੀ ਦਾ ਕਾਰਨ ਪਰਿਵਾਰ ਦੀ ਆਰਥਿਕ ਤੰਗੀ ਦੱਸਿਆ ਗਿਆ ਹੈ। ਮੁਬਾਰਕਪੁਰ ਪੁਲਸ ਨੇ ਲਾਸ਼ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਚ ਭੇਜ ਦਿੱਤੀ ਹੈ, ਜਿੱਥੇ ਸ਼ਨੀਵਾਰ ਪੋਸਟਮਾਰਟਮ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਚੰਦਰਭਾਨ ਦਾ ਪਰਿਵਾਰ ਭਾਂਖਰਪੁਰ ’ਚ ਸ਼ਿਵ ਮੰਦਰ ਨੇੜੇ ਕਰਨਵੀਰ ਸਿੰਘ ਦੇ ਘਰ ਕਿਰਾਏ ’ਤੇ ਰਹਿ ਰਿਹਾ ਸੀ, ਜੋ ਕਿ ਮੂਲ ਰੂਪ ’ਚ ਪਿੰਡ ਬੱਲੂ ਸਾਹਾ ਥਾਣਾ ਪੋਵਈ ਜ਼ਿਲ੍ਹਾ ਆਜਮਗੜ੍ਹ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।
ਚੰਦਰਭਾਨ ਦੀ ਡੇਢ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਪਰਿਵਾਰ ਦੇ ਪਿੱਛੇ ਵਿਧਵਾ ਤੋਂ ਇਲਾਵਾ ਦੋ ਧੀਆਂ ਅਤੇ ਦੋ ਛੋਟੇ ਪੁੱਤਰ ਇੱਥੇ ਕਿਰਾਏ ’ਤੇ ਰਹਿ ਰਹੇ ਹਨ। ਤਫਤੀਸ਼ੀ ਅਫ਼ਸਰ ਹੌਲਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਪਰਿਵਾਰ ਅਤਿ ਗਰੀਬੀ ਵਿਚ ਰਹਿ ਰਿਹਾ ਹੈ।
ਵੱਡੀ ਭੈਣ ਅਤੇ ਮਾਂ ਦੋਵੇਂ ਪੁੱਤਰਾਂ ਨਾਲ ਕੰਮ ਲਈ ਬਾਹਰ ਗਏ ਹੋਏ ਸਨ। 3.30 ਵਜੇ ਉਹ ਪਰਤੇ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਜਦੋਂ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਜੋਤੀ ਨੂੰ ਫ਼ਾਹੇ ਨਾਲ ਲਟਕਦੀ ਹੋਈ ਦੇਖਿਆ। ਉਸ ਦੀ ਮਾਂ ਅਨੁਸਾਰ ਜੋਤੀ ਆਪਣੇ ਪਿਤਾ ਦੀ ਮੌਤ ਅਤੇ ਪਰਿਵਾਰ ਦੀ ਆਰਥਿਕ ਤੰਗੀ ਕਾਰਨ ਕਾਫੀ ਸਮੇਂ ਤੋਂ ਪਰੇਸ਼ਾਨ ਸੀ। ਮੁਬਾਰਕਪੁਰ ਪੁਲਸ ਨੇ ਮਾਂ ਦੇ ਬਿਆਨਾਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।