ਵਿਦਿਆਰਥਣ 'ਤੇ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਵਾਲਾ ਸਿਰਫਿਰਾ ਆਸ਼ਿਕ ਪੁਲਸ ਨੇ ਕੀਤਾ ਕਾਬੂ

07/27/2017 1:23:31 PM

ਤਲਵੰਡੀ ਸਾਬੋ (ਮਨੀਸ਼) — ਬੀਤੇ ਦਿਨੀਂ ਤਲਵੰਡੀ ਸਾਬੋ ਦੇ ਸਕੂਲ 'ਚ 9ਵੀਂ ਜਮਾਤ ਦੀ ਵਿਆਦਰਥਣ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਵਾਲੇ ਸਿਰਫਿਰੇ ਆਸ਼ਿਕ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਤਲਵੰਡੀ ਸਾਬੋ ਦੇ ਡੀ. ਐੱਸ. ਪੀ. ਵਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਕੀ ਹੈ ਮਾਮਲਾ
ਹਸਪਤਾਲ 'ਚ ਜ਼ੇਰੇ ਇਲਾਜ ਲੜਕੀ ਦੇ ਬਿਆਨਾਂ ਤੋਂ ਪਤਾ ਲੱਗਾ ਕਿ ਇਹ ਨੌਜਵਾਨ ਕੁੜੀ ਨੂੰ ਇਕ ਤਰਫਾ ਪਿਆਰ ਕਰਦਾ ਸੀ ਅਤੇ ਉਸ 'ਤੇ ਵਿਆਹ ਲਈ ਦਬਾਅ ਪਾ ਰਿਹਾ ਸੀ ਪਰ ਜਦੋਂ ਕੁੜੀ ਨੇ ਉਸ ਨਾਲ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਗੁੱਸੇ 'ਚ ਆ ਕੇ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਕੁੜੀ ਨੂੰ ਲਹੂ-ਲੁਹਾਨ ਕਰ ਦਿੱਤਾ। 
ਜਾਣਕਾਰੀ ਮੁਤਾਬਕ ਤਲਵੰਡੀ ਸਾਬੋ ਦੇ ਟੈਗੋਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਾਣੀ ਕੌਰ (ਕਾਲਪਨਿਕ ਨਾਂ) 9ਵੀਂ ਜਮਾਤ ਵਿਚ ਪੜ੍ਹਦੀ ਹੈ, ਜਿਸ ਨੂੰ ਸਵੇਰੇ ਕਰੀਬ 7 ਵਜੇ ਉਸ ਦੇ ਦਾਦਾ ਜੀ ਸਕੂਲ ਛੱਡ ਕੇ ਗਏ ਸਨ। ਉਹ ਕਲਾਸ ਲਾ ਰਹੀ ਸੀ ਕਿ ਅਚਾਨਕ ਸਕੂਲ 'ਚ ਦਾਖਲ ਹੋ ਕੇ ਇਕ ਨੌਜਵਾਨ ਨੇ ਉਸ 'ਤੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ, ਬਚਾਅ ਲਈ ਜਦੋਂ ਉਸ ਨੇ ਆਪਣੀਆਂ ਬਾਹਾਂ ਅੱਗੇ ਕੀਤੀਆਂ ਤਾਂ ਉਸ ਨੇ ਬਾਹਾਂ 'ਤੇ ਟੱਕ ਮਾਰ ਦਿੱਤੇ ਤੇ ਫਰਾਰ ਹੋ ਗਿਆ। ਇਹ ਸਾਰਾ ਮਾਮਲਾ ਸਕੂਲ ਦੇ ਕੈਮਰਿਆਂ 'ਚ ਕੈਦ ਹੋ ਗਿਆ।
ਸਕੂਲ ਪ੍ਰਬੰਧਕਾਂ ਨੇ ਤੁਰੰਤ ਜ਼ਖਮੀ ਲੜਕੀ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾ ਦਿੱਤਾ। ਪੀੜਤ ਲੜਕੀ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਉਹ ਲੜਕਾ ਉਸ ਨੂੰ ਤੰਗ-ਪਰੇਸ਼ਾਨ ਕਰਦਾ ਸੀ ਤੇ ਉਸ 'ਤੇ ਵਿਆਹ ਕਰਵਾਉਣ ਲਈ ਦਬਾਅ ਪਾਉਂਦਾ ਸੀ। ਉਸ ਨੇ ਉਸ ਨੂੰ ਬਾਜ਼ਾਰ ਵਿਚ ਵੀ ਘੇਰਿਆ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ ਪਰ ਉਸ ਨੇ ਡਰ ਕਰਕੇ ਇਹ ਗੱਲ ਘਰ ਨਹੀਂ ਸੀ ਦੱਸੀ।ਤਲਵੰਡੀ ਸਾਬੋ ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਕਥਿਤ ਮੁਲਜ਼ਮ ਜਗਸੀਰ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਤਲਵੰਡੀ ਸਾਬੋ ਖਿਲਾਫ ਧਾਰਾ 307, 354-ਡੀ, 341, 506 ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ , ਜਿਸ ਤੋਂ ਬਾਅਦ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ।


Related News