ਮੌਤ ਦੀ ਬਰੂਹੇ ਲੈ ਗਏ ਪ੍ਰੇਮ ਸੰਬੰਧ, ਪ੍ਰੇਮੀ ਤੋਂ ਤੰਗ ਆਈ ਨੌਜਵਾਨ ਕੁੜੀ ਨੇ ਕੀਤੀ ਖ਼ੁਦਕੁਸ਼ੀ

Sunday, Sep 18, 2022 - 11:53 AM (IST)

ਮੌਤ ਦੀ ਬਰੂਹੇ ਲੈ ਗਏ ਪ੍ਰੇਮ ਸੰਬੰਧ, ਪ੍ਰੇਮੀ ਤੋਂ ਤੰਗ ਆਈ ਨੌਜਵਾਨ ਕੁੜੀ ਨੇ ਕੀਤੀ ਖ਼ੁਦਕੁਸ਼ੀ

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਇਕ ਪਿੰਡ ਦੀ ਰਹਿਣ ਵਾਲੀ 20 ਸਾਲਾ ਲੜਕੀ ਵੱਲੋਂ ਆਪਣੇ ਕਥਿਤ ਪ੍ਰੇਮੀ ਤੋਂ ਤੰਗ ਆ ਕੇ ਬੀਤੀ 14 ਸਤੰਬਰ ਨੂੰ ਹਰੀਕੇ ਹੈੱਡ ਵਿਖੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ, ਜਿਸ ਦੀ ਲਾਸ਼ ਅੱਜ ਤਿੰਨ ਦਿਨ ਬਾਅਦ ਧਰਮਕੋਟ ਪੁਲਸ ਵੱਲੋਂ ਨਹਿਰ ਵਿਚੋਂ ਕੱਢੀ ਗਈ, ਜਿਸ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿਚ 15 ਸਤੰਬਰ ਨੂੰ ਲੜਕੀ ਦੇ ਪਿਤਾ ਤ੍ਰਿਲੋਚਨ ਸਿੰਘ ਦੀ ਸ਼ਿਕਾਇਤ ’ਤੇ ਲੜਕੀ ਦੇ ਕਥਿਤ ਪ੍ਰੇਮੀ ਤਰਸੇਮ ਸਿੰਘ, ਉਸਦਾ ਪਿਤਾ ਅਵਤਾਰ ਸਿੰਘ ਅਤੇ ਮਾਂ ਦੇ ਇਲਾਵਾ ਉਸ ਦੀਆਂ ਦੋ ਭੈਣਾਂ ਅਤੇ ਜੀਜਾ ਰਾਜਵਿੰਦਰ ਸਿੰਘ ਉਰਫ ਰਿੰਕੂ ਖ਼ਿਲਾਫ ਬੰਧਕ ਬਣਾ ਕੇ ਰੱਖਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿਚ ਤ੍ਰਿਲੋਚਨ ਸਿੰਘ ਨੇ ਕਿਹਾ ਸੀ ਕਿ ਉਸਦੀ ਬੇਟੀ 14 ਸਤੰਬਰ ਨੂੰ ਆਈਲੈਟਸ ਕਰਨ ਲਈ ਗਈ ਸੀ, ਸ਼ਾਮ ਨੂੰ ਸਵਾ 4 ਵਜੇ ਕਰੀਬ ਮੇਰੀ ਪਤਨੀ ਨੂੰ ਤਰਸੇਮ ਸਿੰਘ ਨੇ ਫੋਨ ਕਰ ਕੇ ਕਿਹਾ ਕਿ ਤੁਹਾਡੀ ਲੜਕੀ ਮੇਰੇ ਕੋਲ ਤਰਨਤਾਰਨ ਆਈ ਸੀ, ਜੋ ਵਾਪਸ ਚੱਲ ਗਈ ਅਤੇ ਉਸਨੇ ਹਰੀਕੇ ਹੈੱਡ ਵਾਲੀਆਂ ਨਹਿਰਾਂ ਵਿਚ ਛਾਲ ਦਿੱਤੀ ਹੈ।

ਲੜਕੀ ਦੇ ਪਿਤਾ ਨੇ ਦੋਸ਼ ਲਗਾਇਆ ਸੀ ਕਿ ਉਸਦੀ ਬੇਟੀ ਨੂੰ ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਕਥਿਤ ਦੋਸ਼ੀਆਂ ਨੇ ਛੁਪਾ ਕੇ ਰੱਖਿਆ ਹੋਇਆ ਹੈ। ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਕਿਹਾ ਕਿ ਲੜਕੀ ਦੇ ਪਿਤਾ ਨੇ ਨਹਿਰਾਂ ਵਿਚੋਂ ਉਸਦੀ ਲਾਸ਼ ਮਿਲਣ ਤੋਂ ਬਾਅਦ ਕਿਹਾ ਕਿ ਉਸਦੀ ਬੇਟੀ ਨੂੰ ਤਰਸੇਮ ਸਿੰਘ ਨੇ ਵਿਆਹ ਦਾ ਝਾਂਸਾ ਦਿੱਤਾ ਸੀ ਅਤੇ ਉਸਦੀ ਬੇਟੀ ਇਸੇ ਕਾਰਣ ਹੀ ਤਰਨਤਾਰਨ ਗਈ ਸੀ, ਸਾਨੂੰ ਲੱਗਦਾ ਹੈ, ਤਰਸੇਮ ਸਿੰਘ ਵੱਲੋਂ ਵਿਆਹ ਤੋਂ ਜਵਾਬ ਦੇਣ ਦੇ ਬਾਅਦ ਇਹ ਕਦਮ ਚੁੱਕਿਆ ਅਤੇ ਹੋ ਸਕਦਾ ਉਸ ਨਾਲ ਜ਼ਬਰਦਸਤੀ ਵੀ ਕੀਤੀ ਹੋਵੇ। ਮੇਰੀ ਬੇਟੀ ਨੇ ਇਨ੍ਹਾਂ ਤੋਂ ਤੰਗ ਆ ਕੇ ਹੀ ਖੁਦਕੁਸ਼ੀ ਕੀਤੀ ਹੈ। ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ’ਤੇ ਹੀ ਸਾਰਾ ਮਾਮਲਾ ਸਾਹਮਣੇ ਆ ਸਕੇਗਾ।


author

Gurminder Singh

Content Editor

Related News