ਕੁੜੀ ਨੂੰ ਸਟੱਡੀ ਵੀਜ਼ੇ ’ਤੇ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ

Friday, Jan 01, 2021 - 05:43 PM (IST)

ਕੁੜੀ ਨੂੰ ਸਟੱਡੀ ਵੀਜ਼ੇ ’ਤੇ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ

ਮੋਗਾ (ਅਜ਼ਾਦ) : ਮੋਗਾ ਨਿਵਾਸੀ ਇਕ ਕੁੜੀ ਨੂੰ ਸਟੱਡੀ ਵੀਜ਼ੇ ’ਤੇ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਓਵਰਸੀਜ਼ ਐਜੂਕੇਸ਼ਨ ਚੰਡੀਗੜ੍ਹ ਵੱਲੋਂ 2 ਲੱਖ 41 ਹਜ਼ਾਰ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਕਥਿਤ ਮੁਲਜ਼ਮ ਟਰੈਵਲ ਏਜੰਟ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਗੁਰਚਰਨ ਸਿੰਘ ਨਿਵਾਸੀ ਦਸਮੇਸ਼ ਨਗਰ ਮੋਗਾ ਨੇ ਕਿਹਾ ਕਿ ਉਸਦੀ ਬੇਟੀ ਅਮਰਦੀਪ ਕੌਰ ਨੇ ਆਈਲੈਟਸ ਕੀਤੀ ਸੀ ਅਤੇ ਉਹ ਉਸ ਨੂੰ ਪੜ੍ਹਾਈ ਬੇਸ ’ਤੇ ਵਿਦੇਸ਼ ਭੇਜਣਾ ਚਾਹੁੰਦੇ ਸਨ, ਜਿਸ ’ਤੇ ਉਨ੍ਹਾਂ ਨਿਊ ਵਰਲਡ ਓਵਰਸੀਜ਼ ਕੰਸਲਟੈਂਟ ਸੈਕਟਰ 38 ਚੰਡੀਗੜ੍ਹ ਦੇ ਨਾਲ ਸੰਪਰਕ ਕੀਤਾ ਅਤੇ ਅਸੀਂ ਉਥੇ ਪੁੱਜੇ।

ਉਨ੍ਹਾਂ ਕਿਹਾ ਕਿ ਦਫ਼ਤਰ ਵਿਚ ਸੰਚਾਲਿਤ ਜਸਦੀਪ ਸਿੰਘ ਅਤੇ ਮੈਨੇਜਰ ਅਜੇ ਰਾਣਾ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਉਹ ਉਸਦੀ ਬੇਟੀ ਨੂੰ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾ ਕੇ ਭੇਜ ਦੇਣਗੇ, ਜਿਸ ’ਤੇ 4 ਲੱਖ 96 ਹਜ਼ਾਰ ਰੁਪਏ ਇਕ ਸਮੈਸਟਰ ਕਾਲਜ ਦੀ ਫੀਸ, ਅੰਬੈਂਸੀ ਫੀਸ 36 ਹਜ਼ਾਰ ਰੁਪਏ ਅਤੇ ਹੋਰ ਖਰਚਿਆਂ ਦੀ ਜਾਣਕਾਰੀ ਦਿੱਤੀ। ਇਹ ਖਰਚ ਆਉਣਗੇ, ਜਿਸ ’ਤੇ ਅਸੀਂ ਆਪਣੀ ਧੀ ਦੇ ਸਾਰੇ ਦਸਤਾਵੇਜ਼, ਪਾਸਪੋਰਟ ਫੋਟੋ ਕਾਪੀ ਆਦਿ ਦੇ ਦਿੱਤੇ ਅਤੇ 27 ਜੁਲਾਈ 2018 ਨੂੰ 15 ਹਜ਼ਾਰ ਰੁਪਏ ਪ੍ਰੋਸੈਸਿੰਗ ਫੀਸ ਦੇ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਆਫਰਲੈਟਰ ਆ ਗਈ ਹੈ। ਆਪ ਕਾਲਜ ਦੀ ਫੀਸ ਅਤੇ ਮੈਡੀਕਲ ਦੀ ਫੀਸ ਦੇ ਜਾਓ ਅਤੇ ਸਾਡੇ ਨਾਲ ਐਗਰੀਮੈਂਟ ਵੀ ਕੀਤਾ ਕਿ ਜੇਕਰ ਵੀਜ਼ਾ ਨਾ ਲੱਗਾ ਤਾਂ ਸਮੈਸਟਰ ਦੀ ਫੀਸ 40 ਦਿਨ ਦੇ ਅੰਦਰ ਵਾਪਸ ਦੇਣਗੇ। ਅਸੀਂ ਸੰਚਾਲਕ ਜਸਦੀਪ ਸਿੰਘ ਦੇ ਮੋਗਾ ਇਲਾਕਾ ਦਾ ਹੋਣ ਕਾਰਣ ਉਨ੍ਹਾਂ 5 ਲੱਖ 26 ਹਜ਼ਾਰ ਰੁਪਏ ਫੀਸ ਅਤੇ ਹੋਰ ਖਰਚੇ ਸਮੇਤ ਦਿੱਤੇ ਅਤੇ ਬਾਅਦ ਵਿਚ ਉਨ੍ਹਾਂ ਸਾਡੀ ਬੇਟੀ ਦੇ ਦਸਤਾਵੇਜ ਅੰਬੈਂਸੀ ਵਿਚ ਲਗਾਏ ਤਾਂ ਵੀਜ਼ਾ ਰੱਦ ਹੋ ਗਿਆ। ਜਦ ਅਸੀਂ ਪੈਸੇ ਵਾਪਸ ਮੰਗੇ ਤਾਂ ਉਹ ਟਾਲ ਮਟੋਲ ਕਰਨ ਲੱਗੇ ਅਤੇ ਬਾਅਦ ਵਿਚ 2 ਲੱਖ 85 ਹਜ਼ਾਰ ਰੁਪਏ ਸਾਡੇ ਜ਼ਿਆਦਾ ਕਹਿਣ ਤੇ ਸਾਡੇ ਖਾਤੇ ਵਿਚ ਜਮਾ ਕਰਵਾ ਦਿੱਤਾ, ਜਦਕਿ ਬਾਕੀ ਪੈਸੇ ਦੋ ਲੱਖ 41 ਹਜ਼ਾਰ ਰੁਪਏ ਵਾਪਸ ਨਹੀਂ ਕੀਤੇ ਅਤੇ ਟਾਲ ਮਟੋਲ ਕਰਨ ਲੱਗੇ।

ਇਸ ਤਰ੍ਹਾਂ ਕਥਿਤ ਮੁਲਜ਼ਮ ਨੇ ਹੋਰਾਂ ਨਾਲ ਕਥਿਤ ਮਿਲੀਭੁਗਤ ਕਰ ਕੇ 2 ਲੱਖ 41 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਇਸ ਮਾਮਲੇ ਦੀ ਜਾਂਚ ਡੀ.ਐਸ.ਪੀ, ਪੀ.ਈ.ਬੀ ਸਪੈਸ਼ਲ ਕਰਾਈਮ ਮੋਗਾ ਵੱਲੋਂ ਕੀਤੀ ਗਈ ਅਤੇ ਜਾਂਚ ਤੋਂ ਬਾਅਦ ਪੁਲਸ ਵੱਲੋਂ ਕਾਨੂੰਨੀ ਰਾਏ ਹਾਸਲ ਕਰਕੇ ਕਥਿਤ ਮੁਲਜ਼ਮ ਜਸਦੀਪ ਸਿੰਘ ਮਾਲਕ ਨਿਊ ਵਰਲਡ ਓਵਰਸੀਜ਼ ਕੰਸਲਟੈਂਟ ਚੰਡੀਗੜ੍ਹ ਨਿਵਾਸੀ ਬਿਲਾਸਪੁਰ ਦੇ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਐਂਟੀ ਹਿਊਮਨ ਟੈ੍ਰਫਕਿੰਗ ਸੈਲ ਮੋਗਾ ਦੇ ਇੰਚਾਰਜ ਥਾਣੇਦਾਰ ਸੁਖਜਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਕਥਿਤ ਮੁਲਜ਼ਮ ਦੀ ਗ੍ਰਿਫਤਾਰੀ ਬਾਕੀ ਹੈ।


author

Gurminder Singh

Content Editor

Related News