ਬਾਲੀਵੁੱਡ ਸਿਤਾਰਿਆਂ ਨੂੰ ਪਾਈ ਗਿੱਪੀ ਗਰੇਵਾਲ ਨੇ ਝਾੜ, ਸੁਣਾਈਆਂ ਖਰੀਆਂ-ਖਰੀਆਂ

Saturday, Dec 05, 2020 - 12:03 PM (IST)

ਬਾਲੀਵੁੱਡ ਸਿਤਾਰਿਆਂ ਨੂੰ ਪਾਈ ਗਿੱਪੀ ਗਰੇਵਾਲ ਨੇ ਝਾੜ, ਸੁਣਾਈਆਂ ਖਰੀਆਂ-ਖਰੀਆਂ

ਜਲੰਧਰ (ਬਿਊਰੋ)– ਕਿਸਾਨ ਸੰਘਰਸ਼ ਦਾ ਜਿਥੇ ਪੰਜਾਬੀ ਕਲਾਕਾਰ ਵੱਧ-ਚੜ੍ਹ ਕੇ ਸਮਰਥਨ ਕਰ ਰਹੇ ਹਨ, ਉਥੇ ਬਾਲੀਵੁੱਡ ਸਿਤਾਰੇ ਕਿਸਾਨਾਂ ਲਈ ਆਪਣੀ ਆਵਾਜ਼ ਅਜੇ ਵੀ ਦੱਬੀ ਬੈਠੇ ਹਨ। ਇਸ ਨੂੰ ਦੇਖਦਿਆਂ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਬਾਲੀਵੁੱਡ ਸਿਤਾਰਿਆਂ ਨੂੰ ਝਾੜ ਪਾਈ ਹੈ ਤੇ ਖਰੀਆਂ-ਖਰੀਆਂ ਵੀ ਸੁਣਾਈਆਂ ਹਨ।

ਗਿੱਪੀ ਗਰੇਵਾਲ ਨੇ ਟਵੀਟ ਕਰਦਿਆਂ ਲਿਖਿਆ, ‘ਪਿਆਰੇ ਬਾਲੀਵੁੱਡ, ਆਏ ਦਿਨ ਤੁਹਾਡੀਆਂ ਫ਼ਿਲਮਾਂ ਦੀ ਸ਼ੂਟਿੰਗ ਪੰਜਾਬ ’ਚ ਹੁੰਦੀ ਰਹਿੰਦੀ ਹੈ ਤੇ ਹਰ ਵਾਰ ਤੁਹਾਡਾ ਖੁੱਲ੍ਹੇ ਦਿਨ ਨਾਲ ਸੁਆਗਤ ਕੀਤਾ ਜਾਂਦਾ ਹੈ ਪਰ ਅੱਜ ਜਦੋਂ ਪੰਜਾਬ ਨੂੰ ਤੁਹਾਡੀ ਸਭ ਤੋਂ ਵੱਧ ਜ਼ਰੂਰਤ ਹੈ ਤਾਂ ਤੁਹਾਡੇ ਮੂੰਹੋਂ ਇਕ ਸ਼ਬਦ ਵੀ ਉਨ੍ਹਾਂ ਲਈ ਨਹੀਂ ਨਿਕਲ ਰਿਹਾ। ਨਿਰਾਸ਼ ਹਾਂ।’

ਦੱਸਣਯੋਗ ਹੈ ਕਿ ਗਿੱਪੀ ਦਾ ਇਹ ਟਵੀਟ ਉਨ੍ਹਾਂ ਬਾਲੀਵੁੱਡ ਕਲਾਕਾਰਾਂ ਲਈ ਸੀ, ਜੋ ਕਿਸਾਨਾਂ ਲਈ ਇਕ ਸ਼ਬਦ ਵੀ ਨਹੀਂ ਬੋਲ ਰਹੇ ਪਰ ਕਿਤੇ ਨਾ ਕਿਤੇ ਗਿੱਪੀ ਦੇ ਇਸ ਟਵੀਟ ਨੂੰ ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਨੇ ਗਲਤ ਢੰਗ ਨਾਲ ਲੈ ਲਿਆ ਤੇ ਗਿੱਪੀ ਦੇ ਇਸ ਟਵੀਟ ’ਤੇ ਕੁਮੈਂਟ ਕਰਦਿਆਂ ਲਿਖਿਆ, ‘ਸ਼੍ਰੀਮਾਨ ਜੀ, ਜਿਨ੍ਹਾਂ ਦੇ ਬੋਲਣ ਦੀ ਤੁਸੀਂ ਉਮੀਦ ਕੀਤੀ ਸੀ, ਜੇ ਉਹ ਨਹੀਂ ਬੋਲ ਰਹੇ ਤਾਂ ਕਿਰਪਾ ਕਰਕੇ ਸਾਰਿਆਂ ਨੂੰ ਇਕੋ ਛੱਤ ਦੇ ਥੱਲੇ ਨਾ ਲੈ ਕੇ ਆਓ। ਸਾਨੂੰ ਇਹ ਸਾਬਿਤ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ ਜਾਂ ਨਹੀਂ ਪਰ ਇਸ ਤਰ੍ਹਾਂ ਸਾਡੇ ਵਲੋਂ ਕੀਤੇ ਯਤਨਾਂ ਨੂੰ ਵੀ ਢਾਅ ਲੱਗਦੀ ਹੈ।’

ਜਦੋਂ ਗਿੱਪੀ ਨੇ ਤਾਪਸੀ ਦਾ ਇਹ ਟਵੀਟ ਦੇਖਿਆ ਤਾਂ ਉਸ ਨੇ ਤੁਰੰਤ ਜਵਾਬ ਦਿੰਦਿਆਂ ਲਿਖਿਆ, ‘ਇਹ ਟਵੀਟ ਤੁਹਾਡੇ ਲਈ ਨਹੀਂ ਸੀ ਤਾਪਸੀ ਪਨੂੰ ਤੇ ਉਨ੍ਹਾਂ ਲਈ ਵੀ ਨਹੀਂ ਹੈ ਜੋ ਸਾਨੂੰ ਸੁਪੋਰਟ ਕਰ ਰਹੇ ਹਨ ਤੇ ਤੁਹਾਡੇ ਵਲੋਂ ਕੀਤੇ ਯਤਨਾਂ ਦੀ ਅਸੀਂ ਕਦਰ ਕਰਦੇ ਹਾਂ। ਅਸੀਂ ਸਾਰੇ ਇਸ ਲਈ ਤੁਹਾਡੇ ਧੰਨਵਾਦੀ ਹਾਂ। ਮੇਰਾ ਟਵੀਟ ਉਨ੍ਹਾਂ ਲਈ ਸੀ, ਜੋ ਆਪਣੇ ਆਪ ਨੂੰ ਪੰਜਾਬੀ ਦੱਸਦੇ ਹਨ ਪਰ ਕਿਸਾਨਾਂ ਲਈ ਇਕ ਸ਼ਬਦ ਨਹੀਂ ਬੋਲ ਰਹੇ। ਉਹ ਸਾਰੇ ਗਾਇਬ ਹਨ।’

ਨੋਟ– ਗਿੱਪੀ ਗਰੇਵਾਲ ਵਲੋਂ ਕੀਤੇ ਇਸ ਟਵੀਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦਿਓ।


author

Rahul Singh

Content Editor

Related News