ਇਫਕੋ ਦੇ GM ਦੀ ਪੋਸਟ ਮਾਰਟਮ ਰਿਪੋਰਟ ''ਚ ਖੁਲਾਸਾ, 12 ਥਾਵਾਂ ''ਤੇ ਸੱਟਾਂ ਦੇ ਨਿਸ਼ਾਨ

Friday, Jun 12, 2020 - 03:48 PM (IST)

ਇਫਕੋ ਦੇ GM ਦੀ ਪੋਸਟ ਮਾਰਟਮ ਰਿਪੋਰਟ ''ਚ ਖੁਲਾਸਾ, 12 ਥਾਵਾਂ ''ਤੇ ਸੱਟਾਂ ਦੇ ਨਿਸ਼ਾਨ

ਲੁਧਿਆਣਾ (ਰਿਸ਼ੀ) : ਇਫਕੋ ਦੇ ਜੀ. ਐੱਮ. ਸ਼ਾਮ ਸਿੰਘ ਦੀ ਬੀ. ਆਰ. ਐੱਸ. ਨਗਰ ਦੇ ਬਲਾਕ-ਸੀ ਸਥਿਤ ਘਰ 'ਚ ਮੰਗਲਵਾਰ ਰਾਤ ਨੂੰ ਕਤਲ ਕਰਨ ਵਾਲੀ ਪਤਨੀ ਚਰਨਜੀਤ ਕੌਰ ਅਤੇ ਬੇਟੇ ਜਤਿੰਦਰਪਾਲ ਸਿੰਘ ਨੂੰ ਵੀਰਵਾਰ ਨੂੰ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ 2 ਦਿਨ ਦਾ ਪੁਲਸ ਰਿਮਾਂਡ ਹਾਸਲ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਮਧੂਬਾਲਾ ਮੁਤਾਬਕ ਪੁਲਸ ਵੱਲੋਂ ਦੋ ਦਿਨ ਦਾ ਹੀ ਰਿਮਾਂਡ ਮੰਗਿਆ ਗਿਆ ਸੀ ਤਾਂ ਕਿ ਪਤਾ ਲੱਗ ਸਕੇ ਕਿ ਕਤਲ 'ਚ ਕਿਸੇ ਹੋਰ ਦੀ ਸ਼ਮੂਲੀਅਤ ਤਾਂ ਨਹੀਂ। ਪੁਲਸ ਵੱਲੋਂ ਮਾਂ ਤੇ ਬੇਟੇ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ ਹੈ।

ਨਾਲ ਹੀ ਸਿਵਲ ਹਸਪਤਾਲ ਦੇ 3 ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਕੀਤਾ, ਜਿਸ ਦੀ ਰਿਪੋਰਟ ਦੇ ਮੁਤਾਬਕ ਮ੍ਰਿਤਕ ਦੇ ਸਿਰ, ਗਰਦਨ, ਅੱਖਾਂ ਅਤੇ ਬਾਂਹ ’ਤੇ ਲਗਭਗ 12 ਥਾਵਾਂ ’ਤੇ ਸੱਟਾਂ ਦੇ ਨਿਸ਼ਾਨ ਹਨ। ਨਾਲ ਹੀ ਬਿਸਰਾ ਸੈਂਪਲ ਖਰੜ ਅਤੇ ਪਟਿਆਲਾ ਭੇਜੇ ਗਏ ਹਨ। ਪੁਲਸ ਮੁਤਾਬਕ ਨਸ਼ੇ ਨੂੰ ਲੈ ਕੇ ਝਗੜਾ ਹੋਣ ਦੀ ਕੋਈ ਗੱਲ ਹੁਣ ਤੱਕ ਸਾਹਮਣੇ ਨਹੀਂ ਆਈ। ਜ਼ਿਕਰਯੋਗ ਹੈ ਕਿ ਮੰਗਲਵਾਰ ਰਾਤ ਨੂੰ ਘਰ ’ਚ ਹੋਏ ਵਿਵਾਦ ਤੋਂ ਬਾਅਦ ਮਾਂ ਤੇ ਬੇਟੇ ਨੇ ਸ਼ਾਮ ਸਿੰਘ ਦਾ ਚਾਕੂ ਅਤੇ ਸਿਰ ’ਤੇ ਮੂਰਤੀ ਮਾਰ ਕੇ ਕਤਲ ਕਰ ਦਿੱਤਾ ਅਤੇ ਖੁਦ ਹੀ ਰੋਪੜ 'ਚ ਰਹਿਣ ਵਾਲੇ ਰਿਸ਼ਤੇਦਾਰਾਂ ਨੂੰ ਫੋਨ ਕਰ ਕੇ ਦੱਸ ਦਿੱਤਾ। ਰਾਤ ਕਰਫਿਊ ਹੋਣ ਕਾਰਨ ਬੁੱਧਵਾਰ ਸਵੇਰ ਥਾਣਾ ਸਰਾਭਾ ਨਗਰ ਦੀ ਪੁਲਸ ਨੂੰ ਨਾਲ ਲੈ ਕੇ ਪੁੱਜੇ ਪਰਿਵਾਰ ਵਾਲਿਆਂ ਵੱਲੋਂ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰ ਲਹੂ-ਲੁਹਾਨ ਹਾਲਤ 'ਚ ਲਾਸ਼ ਪਈ ਹੋਈ ਸੀ, ਜਦੋਂ ਕਿ ਮਾਂ ਤੇ ਬੇਟਾ ਕੋਲ ਹੀ ਸਾਰੀ ਰਾਤ ਬੈਠੇ ਰਹੇ।


author

Babita

Content Editor

Related News