ਕੰਪਨੀ ਤੋਂ ਨਹੀਂ ਮਿਲ ਰਹੀ ਗੈਸ ਸਿਲੰਡਰਾਂ ਦੀ ਸਪਲਾਈ, ਡੀਲਰਾਂ ਨੂੰ ਲੋਕਾਂ ਦੀਆਂ ਸੁਣਨੀਆਂ ਪੈ ਰਹੀਆਂ ਗੱਲਾਂ
Saturday, May 09, 2026 - 07:46 AM (IST)
ਲੁਧਿਆਣਾ (ਖੁਰਾਣਾ)- ਅਮਰੀਕਾ ਤੇ ਇਜ਼ਰਾਈਲ ਵੱਲੋਂ ਸਾਂਝੇ ਤੌਰ ’ਤੇ ਈਰਾਨ ਸਮੇਤ ਹੋਰਨਾਂ ਖਾੜ੍ਹੀ ਦੇਸ਼ਾਂ ’ਤੇ ਕੀਤੇ ਗਏ ਜਾਨਲੇਵਾ ਹਮਲੇ ਤੋਂ ਕਰੀਬ 70 ਦਿਨ ਬੀਤ ਜਾਣ ਤੋਂ ਬਾਅਦ ਵੀ ਮਹਾਨਗਰ ਦੀਆਂ ਜਿਆਦਾਤਰ ਗੈਸ ਏਜੰਸੀਆਂ ’ਤੇ ਰਸੋਈ ਗੈਸ ਦੀ ਸਪਲਾਈ ਦਾ ਕੰਮ ਪੂਰੀ ਤਰ੍ਹਾਂ ਪਟੜੀ ’ਤੇ ਵਾਪਸ ਨਹੀਂ ਪਰਤਿਆ। ਹਾਲਾਤ ਇਹ ਬਣੇ ਹੋਏ ਹਨ ਕਿ ਗੈਸ ਏਜੰਸੀਆਂ ਦੇ ਦਫਤਰ ਵਿਖੇ ਲੋਕਾਂ ਦੀ ਲੱਗਣ ਵਾਲੀ ਭੀੜ ਘਰੇਲੂ ਗੈਸ ਸਿਲੰਡਰ ਦੀ ਸਪਲਾਈ ਨਾ ਮਿਲਣ ਕਾਰਨ ਡੀਲਰਾਂ ਤੇ ਉਨ੍ਹਾਂ ਦੇ ਸਟਾਫ ਦੇ ਨਾਲ ਬਹਿਸਬਾਜ਼ੀ ਕਰਨ ਸਮੇਤ ਤਾਹਨੇ ਕੱਸ ਰਹੀ ਹੈ।
ਬਹਿਸਬਾਜ਼ੀ ਹੋਣ ਕਾਰਨ ਮਾਹੌਲ ਤਣਾਅਪੂਰਨ ਬਣਦਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਗੈਸ ਏਜੰਸੀ ਦੇ ਡੀਲਰਾਂ ਵੱਲੋਂ ਸਮੇਂ ਸਮੇਂ ‘ਤੇ ਭਾਰਤ ਗੈਸ ਬੀ.ਪੀ.ਸੀ. ਤੇ ਇੰਡੇਨ ਗੈਸ ਆਈ.ਓ.ਸੀ.ਐੱਲ. ਕੰਪਨੀ ਦੇ ਅਧਿਕਾਰੀਆਂ ਨੂੰ ਮਾਮਲੇ ਤੋਂ ਜਾਣੂ ਕਰਵਾਉਣ ਸਮੇਤ ਕਈ ਵਾਰ ਈ-ਮੇਲ ਭੇਜੀ ਗਈ ਹੈ ਕਿ ਏਜੰਸੀਆਂ ਨੂੰ ਢੁਕਵੀਂ ਮਾਤਰਾ ਵਿਚ ਮੰਗ ਦੇ ਮੁਤਾਬਕ ਗੈਸ ਸਿਲੰਡਰਾਂ ਦੀ ਸਪਲਾਈ ਭੇਜੀ ਜਾਵੇ। ਹਾਲਾਤ ਇਸ ਕਦਰ ਬਣੇ ਹੋਏ ਹਨ ਕਿ ਇੰਡੇਨ ਗੈਸ ਕੰਪਨੀ ਦੇ ਸੇਲਜ਼ ਅਧਿਕਾਰੀ ਗੌਰਵ ਜੋਸ਼ੀ ਆਮ ਲੋਕਾਂ ਦੀ ਤਾਂ ਗੱਲ ਛੱਡੋ ਡੀਲਰਾਂ ਦੇ ਫੋਨ ਵੀ ਚੁੱਕਣਾ ਮੁਨਾਸਿਬ ਨਹੀਂ ਸਮਝਦੇ। ਭਾਰਤ ਗੈਸ ਕੰਪਨੀ ਦੀ ਟੀ.ਐੱਮ. ਮੈਡਮ ਮਾਇਆ ਨੂੰ ਵੀ ਡੀਲਰਾਂ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ : ਭਿਆਨਕ ਹਾਦਸਾ: ਬੇਕਾਬੂ ਕੈਂਟਰ ਨੇ ਕਈ ਵਾਹਨ ਦਰੜੇ, ਇੱਕ ਦੀ ਮੌਤ; ਤਿੰਨ ਗੰਭੀਰ ਜ਼ਖਮੀ
ਨਾਂ ਨਾ ਛਾਪਣ ਦੀ ਸ਼ਰਤ ‘ਤੇ ਕੁਝ ਗੈਸ ਏਜੰਸੀਆਂ ਦੇ ਡਲਿਵਰੀ ਬੁਆਏ ਨੇ ਦੱਸਿਆ ਕਿ ਗੈਸ ਏਜੰਸੀਆਂ ਨੂੰ ਕਈ ਕਈ ਦਿਨਾਂ ਤੱਕ ਸਿਲੰਡਰਾਂ ਦੀ ਸਪਲਾਈ ਨਹੀਂ ਮਿਲ ਰਹੀ ਜਿਸ ਕਾਰਨ ਗੈਸ ਏਜੰਸੀਆਂ ਦੇ ਦਫਤਰਾਂ ਅਤੇ ਗੋਦਾਮਾਂ ’ਤੇ ਸਿਲੰਡਰ ਭਰਵਾਉਣ ਲਈ ਭਾਰੀ ਭੀੜ ਲਗ ਰਹੀ ਹੈ। ਦੂਜੇ ਪਾਸੇ ਜ਼ਿਲੇ ਦੇ ਜ਼ਿਆਦਾਤਰ ਪੈਟਰੋਲ ਪੰਪ ਵੀ ਪੈਟ੍ਰੋਲ ਅਤੇ ਡੀਜ਼ਲ ਨਾ ਮਿਲਣ ਕਾਰਨ ਡ੍ਰਾਈ ਹੋ ਰਹੇ ਹਨ। ਪੈਟ੍ਰੋਲੀਅਮ ਡੀਲਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪੈਟ੍ਰੋਲੀਅਮ ਕੰਪਨੀਆਂ ਦੇ ਅਧਿਕਾਰੀਆਂ ਦਾ ਇਸ ਗੰਭੀਰ ਮਾਮਲੇ ’ਤੇ ਨਜ਼ਰੀਆ ਬਿਲਕੁਲ ਲਾਪ੍ਰਵਾਰੀ ਭਰਿਆ ਬਣਿਆ ਹੋਇਆ ਹੈ। ਮੌਜੂਦਾ ਸਮੇਂ ਦੌਰਾਨ ਅਡਵਾਂਸ ਵਿਚ ਪੇਮੇਂਟ ਜਮ੍ਹਾ ਕਰਵਾਉਣ ਤੋਂ ਬਾਅਦ ਵੀ ਡੀਲਰਾਂ ਨੂੰ ਤੇਲ ਦੀ ਸਪਲਾਈ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਹਲਾਤ ਲਗਾਤਾਰ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਤੇ ਡੀਲਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਘਰੇਲੂ ਅਤੇ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ 2200 ਰੁ. ਤੋਂ ਜ਼ਿਆਦਾ ਦਾ ਫਰਕ
ਜੇਕਰ ਗੱਲ ਕੀਤੀ ਜਾਵੇ 14.2 ਕਿਲੋ ਵਾਲੇ ਸਿਲੰਡਰ ਦੀ ਕੀਮਤ ਦੀ ਤਾਂ ਸਰਕਾਰੀ ਕੀਮਤ 940 ਰੁ. ਰੱਖੀ ਗਈ ਹੈ, ਜਦੋਂਕਿ 19 ਕਿਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 3154 ਰੁਪਏ ਦੇ ਕਰੀਬ ਬਣੀ ਹੋਈ ਹੈ। ਸਿੱਧੇ ਤੌਰ ’ਤੇ ਕਮਰਸ਼ੀਅਲ ਤੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 2200 ਰੁ. ਤੋਂ ਜ਼ਿਆਦਾ ਦਾ ਵੱਡਾ ਫਰਕ ਹੈ। ਸਰਕਾਰ ਵੱਲੋਂ ਬੀਤੀ 1 ਮਈ ਨੂੰ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 993 ਰੁ. ਦਾ ਭਾਰੀ ਵਾਧਾ ਕੀਤਾ ਗਿਆ ਹੈ, ਜਦੋਂਕਿ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕੋਈ ਫੇਰਬਦਲ ਨਹੀਂ ਕੀਤਾ ਗਿਆ। ਗੁੱਸੇ ਵਿਚ ਭੜਕੇ ਪੈਟ੍ਰੋਲੀਅਮ ਕੰਪਨੀਆਂ ਤੇ ਗੈਸ ਏਜੰਸੀਆ ਦੇ ਡੀਲਰਾਂ ਵੱਲੋਂ ਅਧਿਕਾਰੀਆਂ ਨੂੰ ਤੇਲ ਤੇ ਗੈਸ ਦੀਆਂ ਕੀਮਤਾਂ ਵਿਚ ਮਾਮੂਲੀ ਵਾਧਾ ਕਰਨ ਦਾ ਸੁਝਾਅ ਦਿੰਦੇ ਡੀਲਰਾਂ ਨੂੰ ਮਾਲ ਪੂਰੇ ਦੇਣ ਦੀ ਵਕਾਲਤ ਕੀਤੀ ਜਾ ਰਹੀ ਹੈ ਤਾਂ ਕਿ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋਣ ਤੋਂ ਬਚ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
