ਕੁੜੀ ਦੇ ਇਸ਼ਕ ''ਚ ਗੈਂਗਸਟਰ ਨੇ ਦੋਸਤ ਨੂੰ ਗੋਲੀਆਂ ਨਾਲ ਭੁੰਨ ਲਾਸ਼ ''ਤੇ ਪਾਇਆ ਭੰਗੜਾ, ਫੇਸਬੁੱਕ ''ਤੇ ਲਾਈਵ ਦੱਸੀ ਕਹਾਣੀ (ਤਸਵੀਰਾਂ)

02/17/2017 10:24:18 AM

ਲੌਂਗੋਵਾਲ (ਵਿਜੇ, ਵਸ਼ਿਸ਼ਟ) : ਲੋਂਗੋਵਾਲ ''ਚ ਵੀਰਵਾਰ ਦੀ ਚੜ੍ਹਦੀ ਸਵੇਰ ਉਸ ਸਮੇਂ ਖੂਨੀ ਰੂਪ ਧਾਰਨ ਕਰ ਗਈ, ਜਦੋਂ ਇਕ ਗੈਂਗਸਟਰ ਨੇ ਕੁੜੀ ਦੇ ਇਸ਼ਕ ਖਾਤਰ ਆਪਣੇ ਦੋਸਤ ਨੂੰ ਸ਼ਰੇਆਮ ਬਾਜ਼ਾਰ ''ਚ ਗੋਲੀਆਂ ਨਾਲ ਭੁੰਨ ਦਿੱਤਾ। ਸਿਰਫ ਇੰਨਾ ਹੀ ਨਹੀਂ, ਇਸ ਗੈਂਗਸਟਰ ਨੇ ਜਦੋਂ ਇਸ ਗੱਲ ਦੀ ਤਸੱਲੀ ਕਰ ਲਈ ਕਿ ਉਸ ਦਾ ਦੋਸਤ ਮਰ ਚੁੱਕਿਆ ਹੈ ਤਾਂ ਉਸ ਨੇ ਉਸ ਦੀ ਲਾਸ਼ ''ਤੇ ਭੰਗੜਾ ਪਾਉਂਦਿਆਂ ਜਸ਼ਨ ਮਨਾਇਆ ਅਤੇ ਫਿਰ ਫੇਸਬੁੱਕ ''ਤੇ ਲਾਈਵ ਹੋ ਕੇ ਇਸ ਕਤਲ ਦੀ ਕਹਾਣੀ ਸੁਣਾਈ ਅਤੇ ਮ੍ਰਿਤਕ ਦੇ ਬਾਕੀ ਦੋਸਤਾਂ ਨੂੰ ਵੀ ਧਮਕੀ ਦਿੱਤੀ ਕਿ ਉਨ੍ਹਾਂ ਦਾ ਵੀ ਇਹੀ ਹਾਲ ਹੋਵੇਗਾ। ਇਸ ਤੋਂ ਇਲਾਵਾ ਗੈਂਗਸਟਰ ਨੇ ਪੁਲਸ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਉਨ੍ਹਾਂ ਨੂੰ ਫੜ੍ਹ ਸਕਦੀ ਹੈ ਤਾਂ ਫੜ੍ਹ ਲਵੇ।
ਸ਼ਰੇਆਮ ਬਾਜ਼ਾਰ ''ਚ ਦੋਸਤ ਨੂੰ ਗੋਲੀਆਂ ਨਾਲ ਭੁੰਨਿਆ 
ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਤਕਰਾਰ ਕਾਰਨ ਵੀਰਵਾਰ ਸਵੇਰੇ ਕਸਬੇ ਦੇ ਮੇਨ ਬਾਜ਼ਾਰ ''ਚ ਅੰਦਰਲਾ ਖੂਹ ਚੌਕ ਨੇੜੇ ਗੈਂਗਸਟਰ ਦਲਵਿੰਦਰ ਸਿੰਘ ਉਰਫ ਬਬਲੀ ਰੰਧਾਵਾ ਨੇ ਸਾਥੀਆਂ ਸਮੇਤ ਹਰਦੇਵ ਸਿੰਘ ਉਰਫ ਹੈਪੀ ਪੁੱਤਰ ਸੱਜਣ ਸਿੰਘ ਵਾਸੀ ਪੱਤੀ ਰੰਧਾਵਾ ਨੂੰ ਘੇਰ ਲਿਆ। 5 ਗੋਲੀਆਂ ਹਰਦੇਵ ਦੇ ਸਿਰ ''ਚ ਮਾਰਨ ਤੋਂ ਬਾਅਦ ਜਦੋਂ ਗੈਂਗਸਟਰ ਨੂੰ ਤਸੱਲੀ ਹੋ ਗਈ ਕਿ ਉਹ ਮਰ ਗਿਆ ਹੈ ਤਾਂ ਉਸ ਨੇ ਉਸ ਦੀ ਲਾਸ਼ ''ਤੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਸਾਥੀਆਂ ਸਮੇਤ ਫਰਾਰ ਹੋ ਗਿਆ। ਮ੍ਰਿਤਕ ਹਰਦੇਵ ਸਿੰਘ ਫਾਈਨਾਂਸਰ ਸੀ ਅਤੇ ਦੋਹਾਂ ਧਿਰਾਂ ਵਿਚਕਾਰ ਤਕਰਾਰ ਹੋਣ ਕਾਰਨ ਦੋਹਾਂ ਖਿਲਾਫ ਕੇਸ ਵੀ ਦਰਜ ਹਨ ਅਤੇ ਦੋਵੇਂ ਹੀ ਕੁਝ ਦਿਨ ਪਹਿਲਾਂ ਹੀ ਜ਼ਮਾਨਤ ''ਤੇ ਬਾਹਰ ਆਏ ਸਨ। 
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐੈੱਸ. ਪੀ. (ਡੀ) ਐੈੱਸ. ਐੱਸ. ਮੱਲ੍ਹੀ, ਡੀ. ਐੈੱਸ. ਪੀ.(ਡੀ) ਸੰਗਰੂਰ ਬੁਲੰਦ ਸਿੰਘ ਤੋਂ ਇਲਾਵਾ ਡੀ.ਐੈੱਸ.ਪੀ. ਸੁਨਾਮ ਜਸ਼ਨਦੀਪ ਸਿੰਘ, ਥਾਣਾ ਲੌਂਗੋਵਾਲ ਦੇ ਐੈੱਸ. ਐੈੱਚ. ਓ. ਸਿਕੰਦਰ ਸਿੰਘ ਚੀਮਾ ਨੇ ਪੁਲਸ ਪਾਰਟੀ ਨਾਲ ਘਟਨਾ ਸਥਾਨ ''ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੱਜਣ ਸਿੰਘ ਪੁੱਤਰ ਅਮਰ ਸਿੰਘ ਵਾਸੀ ਪੱਤੀ ਰੰਧਾਵਾ ਲੌਂਗੋਵਾਲ ਦੇ ਬਿਆਨਾਂ ''ਤੇ ਦਲਵਿੰਦਰ ਸਿੰਘ ਬਬਲੀ ਪੁੱਤਰ ਬਿੱਕਰ ਸਿੰਘ, ਅਮਨਦੀਪ ਸਿੰਘ ਅਮਨਾ ਪੁੱਤਰ ਸੁਰਜੀਤ ਸਿੰਘ, ਵਰਿੰਦਰ ਸਿੰਘ ਉਰਫ ਮੋਟਾ ਪੁੱਤਰ ਅਮਰੀਕ ਸਿੰਘ, ਸਰਾਜ ਖਾਨ ਪੁੱਤਰ ਮੇਜਰ ਖਾਨ ਵਾਸੀ ਲੌਂਗੋਵਾਲ ਅਤੇ ਗੁਰਪ੍ਰੀਤ ਸਿੰਘ ਵਾਸੀ ਲੋਹਾਖੇੜਾ ਖਿਲਾਫ ਧਾਰਾ302, 148, 149 ਆਈ.ਪੀ.ਸੀ ਅਧੀਨ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 
ਦਹਿਸ਼ਤ ਕਾਰਨ ਦੁਕਾਨਾਂ ਹੋਈਆਂ ਬੰਦ
ਸਵੇਰੇ ਸਾਢੇ 10 ਵਜੇ ਜਿਉਂ ਹੀ ਇਹ ਘਟਨਾ ਵਾਪਰੀ ਤਾਂ ਨੇੜਲੇ ਬਾਜ਼ਾਰਾਂ ਦੀਆਂ ਦੁਕਾਨਾਂ ਦੇ ਸ਼ਟਰ ਡਿੱਗਦੇ ਨਜ਼ਰ ਆਏ। ਕੁਝ ਆਗੂਆਂ ਨੇ ਵੀ ਰੋਸ ਵਜੋਂ ਬਾਜ਼ਾਰ ਦੀਆਂ ਦੁਕਾਨਾਂ ਬੰਦ ਕਰਵਾਈਆਂ। ਲੋਕ ਆਪਣੀਆਂ ਦੁਕਾਨਾਂ ਬੰਦ ਕਰ ਕੇ ਘਰਾਂ ਨੂੰ ਚਲੇ ਗਏ।
ਮੁਲਜ਼ਮ ਨੇ ਸੋਸ਼ਲ ਮੀਡੀਆ ''ਤੇ ਕਬੂਲਿਆ ਜੁਰਮ
ਕਤਲ ਤੋਂ ਕੁਝ ਸਮਾਂ ਬਾਅਦ ਮਾਮਲੇ ''ਚ ਮੁੱਖ ਮੁਲਜ਼ਮ ਦਲਵਿੰਦਰ ਸਿੰਘ ਬਬਲੀ ਨੇ ਸੋਸ਼ਲ ਮੀਡੀਆ ਰਾਹੀਂ ਵਾਇਰਲ ਆਪਣੀ ਵੀਡੀਓ ਜ਼ਰੀਏ ਆਪਣਾ ਜੁਰਮ ਕਬੂਲ ਕਰਦਿਆਂ ਆਪਣੇ ਬਾਕੀ ਰਹਿੰਦੇ ਦੁਸ਼ਮਣਾਂ ਨੂੰ ਚਿਤਾਵਨੀ ਵੀ ਦਿੱਤੀ ਹੈ। ਵਾਇਰਲ ਹੋਈ ਵੀਡੀਓ ''ਚ ਇਹ ਗੱਲ ਉਸਨੇ ਵਾਰ-ਵਾਰ ਕਹੀ ਕਿ ਉਹ ਅਜਿਹਾ ਕਰਨਾ ਨਹੀਂ ਚਾਹੁੰਦਾ ਸੀ ਬਲਕਿ ਆਮ ਵਿਅਕਤੀ ਦੀ ਤਰ੍ਹਾਂ ਜਿਸ ਕੁੜੀ ਨੂੰ ਪਿਆਰ ਕਰਦਾ ਸੀ, ਉਸ ਨਾਲ ਵਿਆਹ ਕਰਵਾ ਕੇ ਆਪਣੀ ਜ਼ਿੰਦਗੀ ਜਿਊਣਾ ਚਾਹੁੰਦਾ ਸੀ ਪਰ ਉਸ ਦੇ ਵਿਰੋਧੀਆਂ ਨੇ ਉਸ ਦੀ ਜ਼ਿੰਦਗੀ ਨੂੰ ਗਲਤ ਰਸਤੇ ਪਾ ਦਿੱਤਾ। 
ਦੋਸ਼ੀਆਂ ਨੂੰ ਕਾਬੂ ਕਰਨ ਤੱਕ ਨਹੀਂ ਹੋਵੇਗਾ ਅੰਤਿਮ ਸੰਸਕਾਰ
ਓਧਰ, ਮ੍ਰਿਤਕ ਦੇ ਪਰਿਵਾਰ ਅਤੇ ਕੁਝ ਜਥੇਬੰਦੀਆਂ ਦੇ ਆਗੂਆਂ ਨੇ ਮ੍ਰਿਤਕ ਹਰਦੇਵ ਸਿੰਘ ਹੈਪੀ ਦਾ ਪੋਸਟਮਾਰਟਮ ਉਦੋਂ ਤਕ ਨਾ ਕਰਵਾਉਣ ਦਾ ਫੈਸਲਾ ਕਰ ਲਿਆ ਜਦੋਂ ਤਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ। ਨੌਜਵਾਨ ਭਾਰਤ ਸਭਾ ਦੇ ਸੂਬਾ ਸਕੱਤਰ ਭੁਪਿੰਦਰ ਲੌਂਗੋਵਾਲ ਨੇ ਕਿਹਾ ਕਿ ਮ੍ਰਿਤਕ ਦੀ ਲਾਸ਼ ਉਦੋਂ ਤੱਕ ਮੋਰਚਰੀ ਵਿਚ ਹੀ ਪਈ ਰਹੇਗੀ ਜਦੋਂ ਤਕ ਪੁਲਸ ਦੋਸ਼ੀਆਂ ਨੂੰ ਕਾਬੂ ਨਹੀਂ ਕਰ ਲੈਂਦੀ।
ਪੁਲਸ ਦੇ 95 ਫੀਸਦੀ ਅਸਲਾ ਜਮ੍ਹਾ ਕਰਵਾਉਣ ਦੇ ਦਾਅਵੇ ਖੋਖਲੇ
ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਪੰਜਾਬ ਪੁਲਸ ਇਹ ਦਾਅਵਾ ਕਰਦੀ ਨਹੀਂ ਥੱਕਦੀ ਕਿ ਪੰਜਾਬ ਭਰ ਵਿਚੋਂ 95 ਫੀਸਦੀ ਲੋਕਾਂ ਦਾ ਅਸਲਾ ਜਮ੍ਹਾ ਕਰਵਾ ਲਿਆ ਗਿਆ ਹੈ ਪਰ ਉਕਤ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਘਟਨਾ ਪੰਜਾਬ ਪੁਲਸ ਦੀ ਮੁਸਤੈਦੀ ''ਤੇ ਸਵਾਲੀਆ ਚਿੰਨ੍ਹ ਲਾਉਂਦੀ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਉਕਤ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Babita Marhas

News Editor

Related News