ਪੁਲਸ ਦੇ ਦਾਅਵਿਆਂ ਦੀ ਫੂਕ ਕੱਢ ਰਿਹੈ ਬਠਿੰਡਾ, ਬਣਿਆ ਗੈਂਗਸਟਰਾਂ ਦਾ ਪਨਾਹਗਾਹ : ਗੈਂਗਵਾਰ ਅਜੇ ਵੀ ਜਾਰੀ (ਤਸਵੀਰਾਂ)
Monday, Aug 21, 2017 - 08:33 PM (IST)

ਬਠਿੰਡਾ (ਵਰਮਾ) — ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਗੈਂਗਸਟਰਾਂ ਦਾ ਬਠਿੰਡਾ ਵਿਚ ਕਾਫੀ ਆਉਣਾ-ਜਾਣਾ ਹੈ ਅਤੇ ਬਿਨਾਂ ਕਿਸੇ ਡਰ ਦੇ ਉਹ ਆਉਂਦੇ ਹਨ ਅਤੇ ਕਈ-ਕਈ ਦਿਨ ਪਨਾਹ ਲੈਣ ਤੋਂ ਬਾਅਦ ਚਲੇ ਜਾਂਦੇ ਹਨ ਅਤੇ ਪੁਲਸ ਨੂੰ ਉਨ੍ਹਾਂ ਦੀ ਭਿਣਕ ਤੱਕ ਨਹੀਂ ਲੱਗਦੀ। ਦਰਜਨਾਂ ਦੀ ਗਿਣਤੀ ਵਿਚ ਗੈਂਗਸਟਰ ਬਠਿੰਡਾ ਦੇ ਵੱਖ-ਵੱਖ ਖੇਤਰਾਂ ਵਿਚ ਪਨਾਹ ਲੈ ਚੁੱਕੇ ਹਨ ਅਤੇ ਕਈ ਗੈਂਗਸਟਰਾਂ ਦਾ ਪੁਲਸ ਦੇ ਨਾਲ ਐਨਕਾਊਂਟਰ ਵੀ ਹੋ ਚੁੱਕਿਆ ਹੈ।
10 ਸਤੰਬਰ 2016 ਵਿਚ ਬਠਿੰਡਾ ਦੇ ਰਾਮਪੁਰਾ ਫੂਲ ਖੇਤਰ ਵਿਚ ਖਤਰਨਾਕ ਗੈਂਗਸਟਰ ਦਵਿੰਦਰ ਬੰਬੀਹਾ ਨੇ ਪਨਾਹ ਲਈ ਹੋਈ ਸੀ ਅਤੇ ਪੁਲਸ ਨੇ ਉਸ ਨੂੰ ਐਨਕਾਊਂਟਰ ਵਿਚ ਮਾਰ ਸੁੱਟਿਆ। ਉਸ ਦੇ ਨਾਲ ਹੀ ਤਾਰਾ ਦੋਸਾਂਝ ਨੂੰ ਗੋਲੀ ਲੱਗੀ, ਜਿਸ ਨੂੰ ਜ਼ਿੰਦਾ ਫੜ ਲਿਆ ਗਿਆ। ਇਸ ਕਾਂਡ ਵਿਚ ਉਨ੍ਹਾਂ ਦਾ ਇਕ ਸਾਥੀ ਸਤਬੰਤ ਸਿੰਘ ਬੁੱਡਾ ਭੱਜਣ ਵਿਚ ਸਫਲ ਹੋ ਗਿਆ।
29 ਅਗਸਤ 2016 ਨੂੰ ਪੁਲਸ ਦੇ ਹੱਥ ਗੈਂਗਸਟਰ ਜਗਰਾਜ ਗਾਜ਼ੀ ਲੱਗਿਆ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਨੇ ਲਗਾਤਾਰ 3 ਮਹੀਨੇ ਪੁਲਸ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਪਨਾਹ ਲਈ ਹੋਈ ਸੀ। ਉਹ ਖਤਰਨਾਕ ਗੈਂਗਸਟਰ ਤੀਰਥ ਢਿੱਲਵਾਂ ਦਾ ਸਾਥੀ ਹੈ, ਜੋ ਕਿ ਹੁਣ ਜੇਲ ਦੀ ਹਵਾ ਖਾ ਰਿਹਾ ਹੈ।
ਖਤਰਨਾਕ ਗੈਂਗਸਟਰ ਸ਼ੇਰਾ ਖੁਬਨ ਵੀ ਬਠਿੰਡਾ ਵਿਚ ਇਨਕਾਊਂਟਰ ਦੌਰਾਨ 5 ਸਤੰਬਰ 2012 ਨੂੰ ਮਾਰ ਦਿੱਤਾ ਗਿਆ ਸੀ। ਉਹ ਆਪਣੀ ਪ੍ਰੇਮਿਕਾ ਨਾਲ ਨਹਿਰੂ ਕਾਲੋਨੀ 'ਚ ਕਿਰਾਏ ਦੀ ਕੋਠੀ 'ਚ ਰਹਿੰਦਾ ਸੀ। ਪੁਲਸ ਨੂੰ ਉਸ ਦੀ ਭਿਣਕ ਲੱਗੀ ਤਾਂ ਏ. ਐੱਸ. ਪੀ. ਚਹਿਲ ਨੇ ਉਸ ਨੂੰ ਲਲਕਾਰਿਆ ਅਤੇ ਦੋਵੇਂ ਪਾਸਿਓਂ ਗੋਲੀਬਾਰੀ ਸ਼ੁਰੂ ਹੋਈ, ਜਿਸ 'ਚ ਉਹ ਮਾਰਿਆ ਗਿਆ।
5 ਲੱਖ ਰੁਪਏ ਦਾ ਇਨਾਮੀ ਗੈਂਗਸਟਰ ਕੰਨੂ ਹਰਿਆਣਾ ਆਪਣੀਆਂ ਗਤੀਵਿਧੀਆਂ ਚਲਾਉਂਦਾ ਸੀ ਅਤੇ ਉਹ ਉੱਥੋਂ ਭੱਜ ਕੇ ਤਾਂਤਰਿਕ ਪਨਾਹਗਾਰ ਕੋਲ ਬਠਿੰਡਾ ਦੇ ਪਿੰਡ ਜੱਗਾ ਰਾਮ ਤੀਰਥ ਵਿਚ ਲੁਕ ਗਿਆ। 2 ਜੂਨ 2016 ਨੂੰ ਫਤਿਆਬਾਦ ਪੁਲਸ ਨੇ ਬਠਿੰਡਾ ਪੁਲਸ ਨੂੰ ਨਾਲ ਲੈ ਕੇ ਉਸ ਨੂੰ ਘੇਰ ਲਿਆ ਅਤੇ ਫਾਇਰਿੰਗ ਦੌਰਾਨ ਪੁਲਸ ਨੇ ਉਸ ਨੂੰ ਢੇਰ ਕਰ ਦਿੱਤਾ।
30 ਜੁਲਾਈ 2017 ਦੇ ਜੈਤੋ 'ਚ ਪੱਪੂ ਕੋਚਰ ਨੂੰ ਫਿਰੌਤੀ ਨਾ ਦੇਣ ਦੇ ਬਦਲੇ ਗੋਲੀਆਂ ਨਾਲ ਭੁੰਨ ਦਿੱਤਾ। ਇਸ ਹੱਤਿਆਕਾਂਡ ਦੀ ਜ਼ਿੰਮੇਦਾਰੀ ਗੈਂਗਸਟਰ ਸਿਮਰਨ ਸਿੰਮੀ ਤੇ ਗੁਰਬਖਸ਼ ਸੇਬੇਵਾਲਾ ਨੇ ਲਈ। ਇਸ ਹੱਤਿਆਕਾਂਡ ਨਾਲ ਪੂਰਾ ਮਾਲਵਾ ਕੰਬ ਗਿਆ, ਕਿਉਂਕਿ ਸੀ. ਸੀ. ਟੀ. ਵੀ. ਫੁਟੇਜ ਵਿਚ ਗੈਂਗਸਟਰ ਬੇਖੌਫ ਗੋਲੀਆਂ ਮਾਰਦੇ ਹੋਏ ਨਜ਼ਰ ਆਏ। ਇਸੇ ਤਰ੍ਹਾਂ ਬਠਿੰਡਾ ਤੋਂ 30 ਕਿਲੋਮੀਟਰ ਦੂਰ ਡੱਬਵਾਲੀ ਵਿਚ ਗੈਂਗਸਟਰ ਜੰਪੀ ਡੌਨ ਤੇ ਬੰਟੀ ਢਿੱਲੋਂ ਨੂੰ ਦੋਵੇਂ ਪਾਸਿਓਂ ਚੱਲੀ ਗੋਲੀਬਾਰੀ ਵਿਚ ਢੇਰ ਕਰ ਦਿੱਤਾ।
ਗੌਂਡਰ ਗੁੱਟ ਨੇ ਆਪਣੇ ਵਿਰੋਧੀ ਨੂੰ ਵੀ ਦਿੱਤੀ ਧਮਕੀ
ਸੋਸ਼ਲ ਮੀਡੀਆ 'ਤੇ ਗੈਂਗਸਟਰ ਵਿੱਕੀ ਗੌਂਡਰ ਗੁੱਟ ਨੇ ਵਿਰੋਧੀ ਤੇ ਪ੍ਰਸਿੱਧ ਗੈਂਗਸਟਰ ਸੁੱਖਾ ਕਾਹਲਵਾਂ ਗੁੱਟ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਲਾਈਵ ਵੀਡੀਓ ਰਾਹੀਂ ਗੈਂਗਸਟਰ ਇੰਦਰ ਨੇ ਵਿਦੇਸ਼ ਵਿਚ ਰਹਿ ਰਹੇ ਅੰਮ੍ਰਿਤਬਲ ਰੋਪੜ ਦੇ ਜੱਗੀ ਤੇ ਫਗਵਾੜਾ ਦੇ ਪ੍ਰੀਤ ਨੂੰ ਧਮਕੀ ਦਿੱਤੀ ਹੈ। ਗੌਂਡਰ ਗਰੁੱਪ ਪੰਜਾਬ ਵਿਚ ਆਪਣਾ ਇਕ ਵੱਡਾ ਗਰੁੱਪ ਕਾਇਮ ਕਰਨਾ ਚਾਹੁੰਦਾ ਹੈ, ਜਿਸ ਲਈ ਉਹ ਮੁਲਜ਼ਮ ਕਿਸਮ ਦੇ ਨੌਜਵਾਨਾਂ ਦੀ ਤਲਾਸ਼ ਵਿਚ ਹੈ। ਸੋਸ਼ਲ ਮੀਡੀਆ ਵਿਚ ਉਸ ਨੇ ਸਪੱਸ਼ਟ ਕੀਤਾ ਕਿ ਖਾਲਿਸਤਾਨ ਹੀ ਉਸ ਦਾ ਟੀਚਾ ਹੈ, ਜਿਸ ਦੌਰਾਨ ਪੁਲਸ ਤੇ ਖੁਫੀਆ ਤੰਤਰ ਵੀ ਹੈਰਾਨ ਰਹਿ ਗਿਆ। ਪੁਲਸ ਦੀਆਂ ਸਾਰੀਆਂ ਚਾਲਾਂ ਨੂੰ ਫੇਲ ਕਰਦਿਆਂ ਗੌਂਡਰ ਨੇ ਆਪਣੇ ਕਈ ਵਿਰੋਧੀਆਂ ਨੂੰ ਠਿਕਾਣੇ ਵੀ ਲਗਾਇਆ ਅਤੇ ਪੁਲਸ ਨੂੰ ਅੰਗੂਠਾ ਦਿਖਾਇਆ।
ਪੰਜਾਬ 'ਚ ਲੱਗਭਗ 40 ਗੈਂਗਸਟਰ ਸਨ, ਜਿਨ੍ਹਾਂ 'ਚੋਂ 2-3 ਰਹਿ ਗਏ ਹਨ, ਨੂੰ ਜਲਦੀ ਹੀ ਗ੍ਰਿਫਤਾਰ ਕਰ ਕੇ ਜੇਲ 'ਚ ਬੰਦ ਕਰ ਦਿੱਤਾ ਜਾਵੇਗਾ।
ਪੰਜਾਬ ਪੁਲਸ ਨੇ ਸਰਕਾਰ ਦੇ ਹੁਕਮਾਂ ਅਨੁਸਾਰ ਗੈਂਗਸਟਰਾਂ ਖਿਲਾਫ ਮੁਹਿੰਮ ਚਲਾਈ, ਜਿਸ ਵਿਚ ਪੁਲਸ ਨੂੰ ਸਫਲਤਾ ਮਿਲੀ। ਵਿਦੇਸ਼ ਭੱਜੇ ਵਿੱਕੀ ਗੌਂਡਰ ਨੂੰ ਪੁਲਸ ਜਲਦੀ ਹੀ ਫੜ ਲਵੇਗੀ। -ਰੋਹਿਤ ਚੌਧਰੀ, ਏ. ਡੀ. ਜੀ. ਪੀ. ਕ੍ਰਾਈਮ, ਪੰਜਾਬ ਪੁਲਸ।