ਗੈਂਗਸਟਰ ਨੀਟਾ ਦਿਓਲ ਨੂੰ ਅਦਾਲਤ 'ਚ ਕੀਤਾ ਪੇਸ਼, ਪਿਤਾ ਵੱਲੋਂ ਜੇਲ੍ਹ ਪ੍ਰਸ਼ਾਸਨ 'ਤੇ ਗੰਭੀਰ ਦੋਸ਼

Wednesday, Jul 22, 2020 - 06:41 PM (IST)

ਗੈਂਗਸਟਰ ਨੀਟਾ ਦਿਓਲ ਨੂੰ ਅਦਾਲਤ 'ਚ ਕੀਤਾ ਪੇਸ਼, ਪਿਤਾ ਵੱਲੋਂ ਜੇਲ੍ਹ ਪ੍ਰਸ਼ਾਸਨ 'ਤੇ ਗੰਭੀਰ ਦੋਸ਼


ਨਾਭਾ (ਜੈਨ, ਖੁਰਾਣਾ, ਭੂਪਾ) : ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ 'ਚ ਨਜ਼ਰਬੰਦ ਗੈਂਗਸਟਰ ਕੁਲਪ੍ਰੀਤ ਉਰਫ ਨੀਟਾ ਦਿਓਲ ਤੋਂ ਬੀਤੇ ਦਿਨ ਜੇਲ੍ਹ 'ਚੋਂ ਮੋਬਾਇਲ ਮਿਲਣ ਦੇ ਸਬੰਧ 'ਚ ਉਸ 'ਤੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਨੂੰ ਅੱਜ ਨਾਭਾ ਦੀ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਪੁਲਸ ਵੱਲੋਂ ਅਦਾਲਤ ਤੋਂ ਰਿਮਾਂਡ ਹਾਸਲ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਅਦਾਲਤ ਵੱਲੋਂ ਕੁਲਪ੍ਰੀਤ ਨੀਟਾ ਦਿਓਲ ਨੂੰ ਰਿਮਾਂਡ ਨਹੀਂ ਦਿੱਤਾ ਗਿਆ ਤੇ ਦੁਬਾਰਾ ਉਸ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ 'ਚ ਭੇਜ ਦਿੱਤਾ ਗਿਆ।

ਬੀਤੇ ਦਿਨੀਂ ਨੀਟਾ ਦਿਓਲ ਤੋਂ ਮੋਬਾਇਲ ਮਿਲਣ ਦੇ ਉਪਰੰਤ ਉਸ ਦੀ ਪ੍ਰੇਮਿਕਾ ਨੂੰ ਇਸ ਕੇਸ 'ਚ ਨਾਮਜ਼ਦ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕੁਲਪ੍ਰੀਤ ਨੇ ਜੇਲ੍ਹ 'ਚ ਹੀ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਸਮਾਂ ਰਹਿੰਦੇ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਬਚਾ ਲਿਆ। ਇਸ ਮੌਕੇ 'ਤੇ ਕੁਲਪ੍ਰੀਤ ਸਿੰਘ ਨੀਟਾ ਦਿਓਲ ਦੇ ਪਿਤਾ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਮੇਰੇ ਪੁੱਤਰ ਨੀਟਾ ਦਿਓਲ ਨੂੰ ਜੇਲ੍ਹ ਪ੍ਰਸ਼ਾਸਨ ਜਾਣ ਬੁੱਝ ਕੇ ਸਾਜ਼ਿਸ ਤਹਿਤ ਮਾਰਨਾ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਸ ਦੀ ਪ੍ਰੇਮਿਕਾ ਦਾ ਸਾਨੂੰ ਨਹੀਂ ਪਤਾ। ਨੀਟਾ ਦਿਓਲ ਦੀ ਪਤਨੀ ਤਾਂ ਵਿਦੇਸ਼ 'ਚ ਰਹਿੰਦੀ ਹੈ।

ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪੁੱਤਰ ਦੇ ਇਨਸਾਫ਼ ਲਈ ਜਲਦੀ ਹੀ ਮਾਣਯੋਗ ਹਾਈਕੋਰਟ 'ਚ ਜਾਵਾਂਗੇ। ਇਸ ਮੌਕੇ 'ਤੇ ਕੁਲਪ੍ਰੀਤ ਨੀਟਾ ਦਿਓਲ ਦੇ ਐਡਵੋਕੇਟ ਡਾਕਟਰ ਸ਼ੈਲੀ ਸ਼ਰਮਾ ਨੇ ਕਿਹਾ ਕਿ ਨੀਟਾ ਦਿਓਲ ਨੂੰ ਜਾਣ ਬੁੱਝ ਕੇ ਸਾਜਿਸ਼ ਤਹਿਤ ਫਸਾਇਆ ਜਾ ਰਿਹਾ ਹੈ ਅਤੇ ਇਸ ਸਬੰਧ 'ਚ ਪੁਲਸ ਰਿਮਾਂਡ ਲੈਣਾ ਚਾਹੁੰਦੀ ਸੀ ਪਰ ਪੁਲਸ ਨੂੰ ਰਿਮਾਂਡ ਨਹੀਂ ਮਿਲਿਆ ਅਤੇ ਉਸ ਨੂੰ ਡਾਕਟਰੀ ਮੁਆਇਨੇ ਲਈ ਭੇਜ ਦਿੱਤਾ ਹੈ।

ਇਸ ਮੌਕੇ 'ਤੇ ਨਾਭਾ ਸਦਰ ਦੇ ਐਸ. ਐਚ. ਓ. ਸੁਖਦੇਵ ਸਿੰਘ ਨੇ ਕਿਹਾ ਕਿ ਕੁਲਪ੍ਰੀਤ ਨੀਟਾ ਦਿਓਲ ਨੂੰ ਜੋ ਬੀਤੇ ਦਿਨ ਜੇਲ੍ਹ 'ਚੋਂ ਮੋਬਾਇਲ ਮਿਲਣ ਅਤੇ ਜੇਲ੍ਹ 'ਚ ਖੁਦਕੁਸ਼ੀ ਕਰਨ ਦੇ ਸਬੰਧ 'ਚ ਅਸੀਂ ਪ੍ਰੋਟੈਕਸ਼ਨ ਵਾਰੰਟ 'ਤੇ ਅਦਾਲਤ 'ਚ ਪੇਸ਼ ਕੀਤਾ ਪਰ ਅਦਾਲਤ ਵੱਲੋਂ ਸਾਨੂੰ ਰਿਮਾਂਡ ਨਹੀਂ ਮਿਲਿਆ ਅਤੇ ਬੀਤੇ ਦਿਨ ਉਸ ਨੇ ਜੇਲ੍ਹ 'ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਉਨ੍ਹਾਂ ਕਿਹਾ ਕਿ ਅਸੀਂ ਨੀਟਾ ਦਿਓਲ ਨੂੰ ਨਵੀਂ ਜ਼ਿਲ੍ਹਾ ਜੇਲ੍ਹ 'ਚ ਵਾਪਸ ਭੇਜ ਰਹੇ ਹਾਂ।

 


author

Babita

Content Editor

Related News