ਐੱਸ.ਐੱਸ.ਪੀ. ਨੇ ਗੈਂਗਸਟਰ ਦਿਲਪ੍ਰੀਤ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
Thursday, Feb 15, 2018 - 01:44 PM (IST)
ਰੂਪਨਗਰ (ਵਿਜੇ)— ਰਾਜ ਬਚਨ ਸਿੰਘ ਸੰਧੂ ਸੀਨੀਅਰ ਕਪਤਾਨ ਪੁਲਸ ਰੂਪਨਗਰ ਨੇ ਗੈਂਗਸਟਰ ਦਿਲਪ੍ਰੀਤ ਉਰਫ ਬਾਬਾ ਵਾਸੀ ਪਿੰਡ ਢਾਹਾਂ, ਜੋ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਕਤਲ ਆਦਿ ਦੇ ਕੇਸਾਂ ਵਿਚ ਲੋੜੀਂਦਾ ਹੈ, ਦੇ ਪਰਿਵਾਰਕ ਮੈਂਬਰਾਂ ਨਾਲ ਪਿੰਡ ਪਹੁੰਚ ਕੇ ਨਿੱਜੀ ਤੌਰ 'ਤੇ ਮੁਲਾਕਾਤ ਕੀਤੀ। ਪਰਿਵਾਰਕ ਮੈਂਬਰਾਂ ਵਿਚ ਦਿਲਪ੍ਰੀਤ ਦੀ ਮਾਤਾ ਅਤੇ ਮਾਮੇ ਹਾਜ਼ਰ ਸਨ, ਜਿਨ੍ਹਾਂ ਨੂੰ ਕਿਹਾ ਗਿਆ ਕਿ ਉਹ ਦਿਲਪ੍ਰੀਤ ਦਾ ਆਤਮ-ਸਮਰਪਣ ਕਰਵਾਉਣ ਤਾਂ ਜੋ ਉਹ ਮੁੱਖ ਧਾਰਾ ਵਿਚ ਸ਼ਾਮਲ ਹੋ ਸਕੇ ਕਿਉਂਕਿ ਦਿਲਪ੍ਰੀਤ ਦੇ ਆਤਮ-ਸਮਰਪਣ ਕਰਨ ਨਾਲ ਹੋਰ ਵੀ ਬਹੁਤ ਸਾਰੇ ਗੁੰਮਰਾਹ ਹੋ ਕੇ ਗਲਤ ਰਸਤਿਆਂ 'ਤੇ ਤੁਰੇ ਨੌਜਵਾਨ ਆਤਮ-ਸਮਰਪਣ ਕਰ ਦੇਣਗੇ।
ਲੱਚਰਤਾ, ਹਥਿਆਰਾਂ ਵੱਲ ਆਕਰਸ਼ਿਤ ਕਰਨ ਵਾਲੇ ਗੀਤਾਂ ਨੂੰ ਰੋਕਣ ਲਈ ਕਲਾਕਾਰ ਨਾਲ ਮੀਟਿੰਗ
ਐੱਸ. ਐੱਸ. ਪੀ. ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਲੱਚਰਤਾ, ਨਸ਼ੇ ਅਤੇ ਹਥਿਆਰਾਂ ਵੱਲ ਆਕਰਸ਼ਿਤ ਕਰਨ ਵਾਲੇ ਗੀਤਾਂ ਨੂੰ ਰੋਕਣ ਲਈ ਦੁਰਗਾ ਰੰਗੀਲਾ ਪੰਜਾਬੀ ਕਲਾਕਾਰ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਦੁਰਗਾ ਰੰਗੀਲਾ ਨੂੰ ਪ੍ਰੇਰਿਤ ਕੀਤਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਅਪਰਾਧ ਦੀ ਦੁਨੀਆ ਵੱਲ ਜਾਣ ਤੋਂ ਰੋਕਣ 'ਤੇ ਲੱਚਰਤਾ, ਨਸ਼ੇ ਅਤੇ ਹਥਿਆਰਾਂ ਵੱਲ ਆਕਰਸ਼ਿਤ ਕਰਨ ਵਾਲੇ ਗੀਤ ਨਾ ਹੀ ਲਿਖੇ ਜਾਣ ਅਤੇ ਨਾ ਹੀ ਗਾਏ ਜਾਣ। ਦੁਰਗਾ ਰੰਗੀਲਾ ਨੇ ਇਹ ਵਿਸ਼ਵਾਸ ਦਿਵਾਇਆ ਕਿ ਉਹ ਲੱਚਰਤਾ ਅਤੇ ਹਥਿਆਰਾਂ ਵਾਲੇ ਗੀਤਾਂ ਦੇ ਪਹਿਲਾਂ ਹੀ ਵਿਰੁੱਧ ਹਨ। ਉਹ ਆਪਣੇ ਦੂਜੇ ਸਾਥੀ ਕਲਾਕਾਰਾਂ ਨੂੰ ਵੀ ਇਹ ਸੰਦੇਸ਼ ਦਿੰਦੇ ਹਨ ਕਿ ਲੱਚਰਤਾ ਅਤੇ ਹਥਿਆਰਾਂ ਵਾਲੇ ਗੀਤ ਲਿਖਣ ਅਤੇ ਗਾਉਣ ਤੋਂ ਗੁਰੇਜ਼ ਕਰਨ।