ਵੱਡੀ ਸਾਜ਼ਿਸ਼ ਨਾਕਾਮ: ਗੈਂਗਸਟਰ ਹੈਪੀ ਪਾਸੀਆ ਗੈਂਗ ਦੇ 2 ਗੁਰਗੇ ਧਮਾਕਾਖੇਜ਼ ਪਦਾਰਥ ਸਣੇ ਕਾਬੂ
Friday, May 09, 2025 - 03:56 AM (IST)

ਚੰਡੀਗੜ੍ਹ (ਸੁਸ਼ੀਲ) - ਕ੍ਰਾਈਮ ਬ੍ਰਾਂਚ ਨੇ ਗੈਂਗਸਟਰ ਹੈਪੀ ਪਾਸੀਆ ਗਿਰੋਹ ਦੇ 2 ਖ਼ਤਰਨਾਕ ਮੈਂਬਰਾਂ ਨੂੰ ਧਮਾਕਾਖੇਜ਼ ਪਦਾਰਥ ਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਸ਼ੱਕੀ ਹਾਲਾਤਾਂ ’ਚ ਮੋਟਰਸਾਈਕਲ ’ਤੇ ਜੀਰੀ ਮੰਡੀ ਇਲਾਕੇ ’ਚ ਘੁੰਮ ਰਹੇ ਸਨ। ਪੁਲਸ ਨੂੰ ਇਨਪੁਟ ਮਿਲਿਆ ਸੀ ਕਿ ਗਿਰੋਹ ਦੇ ਮੈਂਬਰ ਇਕ ਪੁਲਸ ਥਾਣੇ ਨੂੰ ਨਿਸ਼ਾਨਾ ਬਣਾਉਣ ਅਤੇ ਧਮਾਕਾ ਕਰਨ ਦੀ ਯੋਜਨਾ ਬਣਾ ਰਹੇ ਸਨ।
ਕ੍ਰਾਈਮ ਬ੍ਰਾਂਚ ਦੀ ਟੀਮ ਨੇ ਜੀਰੀ ਮੰਡੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਜਦੋਂ ਦੋ ਬਾਈਕ ਸਵਾਰ ਨੌਜਵਾਨ ਉੱਥੇ ਪਹੁੰਚੇ ਤਾਂ ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਪਿੱਛਾ ਕਰ ਕੇ ਦੋਵਾਂ ਨੂੰ ਫੜ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਬੈਗ ਬਰਾਮਦ ਹੋਇਆ, ਜਿਸ ’ਚ ਪਿਸਤੌਲ, ਆਰ. ਡੀ. ਐਕਸ., ਡੈਟੋਨੇਟਰ ਵਰਗੀ ਸ਼ੱਕੀ ਵਿਸਫੋਟਕ ਸਮੱਗਰੀ ਸੀ।
ਬੰਬ ਨਿਰੋਧਕ ਦਸਤੇ ਤੇ ਫੋਰੈਂਸਿਕ ਟੀਮ ਨੂੰ ਤੁਰੰਤ ਮੌਕੇ ’ਤੇ ਬੁਲਾਇਆ ਗਿਆ। ਮਾਹਿਰਾਂ ਨੇ ਬਰਾਮਦ ਕੀਤੇ ਧਮਾਕਾਖੇਜ਼ ਪਦਾਰਥ ਦੀ ਮੁੱਢਲੀ ਜਾਂਚ ਕੀਤੀ, ਜਿਸ ਤੋਂ ਬਾਅਦ ਇਸ ਨੂੰ ਅਗਲੀ ਜਾਂਚ ਲਈ ਕੇਂਦਰੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ (ਸੀ.ਐੱਫ.ਐੱਸ.ਐੱਲ.) ਭੇਜ ਦਿੱਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਬਰਾਮਦ ਕੀਤਾ ਗਿਆ ਪਦਾਰਥ ਸੱਚਮੁੱਚ ਆਰ. ਡੀ. ਐਕਸ. ਹੈ ਜਾਂ ਨਹੀਂ। ਗ੍ਰਿਫ਼ਤਾਰ ਕੀਤੇ ਮੁਲਜ਼ਮ ਪੰਜਾਬ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਤੇ ਲੰਬੇ ਸਮੇਂ ਤੋਂ ਹੈਪੀ ਪਾਸੀਆ ਗੈਂਗ ਦੇ ਸੰਪਰਕ ’ਚ ਸਨ।