ਗੈਂਗਸਟਰ ਨੇ ਪੁਲਸ ਮੁਲਾਜ਼ਮਾਂ ’ਤੇ ਚਲਾਈਆਂ ਗੋਲੀਆਂ, ਲੱਤ ’ਚ ਗੋਲੀ ਲੱਗਣ ਕਾਰਨ ਮੁਲਜ਼ਮ ਗ੍ਰਿਫਤਾਰ

Friday, May 02, 2025 - 01:50 AM (IST)

ਗੈਂਗਸਟਰ ਨੇ ਪੁਲਸ ਮੁਲਾਜ਼ਮਾਂ ’ਤੇ ਚਲਾਈਆਂ ਗੋਲੀਆਂ, ਲੱਤ ’ਚ ਗੋਲੀ ਲੱਗਣ ਕਾਰਨ ਮੁਲਜ਼ਮ ਗ੍ਰਿਫਤਾਰ

ਜਲੰਧਰ (ਮਾਹੀ) - ਦਿਹਾਤ ਦੇ ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਬਿਧੀਪੁਰ ਨੇੜੇ ਇਕ ਬਿਨਾਂ ਨੰਬਰ ਵਾਲੇ ਬਾਈਕ ’ਤੇ ਸਵਾਰ ਇਕ ਗੈਂਗਸਟਰ ਨੇ ਜਲੰਧਰ ਦਿਹਾਤੀ ਪੁਲਸ ਦੀ ਇਕ ਚੈਕ ਪੋਸਟ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਭੱਜਦੇ ਹੋਏ, ਉਹ ਪਿੰਡ ਸੂਰਾ-ਹੇਲਰਾਂ ਰੋਡ ’ਤੇ ਸਥਿਤ ਇਕ ਪੁਰਾਣੀ ਬੰਦ ਗਲੂਕੋਜ਼ ਫੈਕਟਰੀ ’ਚ ਦਾਖਲ ਹੋ ਗਿਆ ਤੇ ਉਸ ਵੱਲੋਂ ਚਲਾਈ ਇਕ ਹੋਰ ਗੋਲੀ ਪੁਲਸ ਦੀ ਸਕਾਰਪੀਓ ਕਾਰ ਦੇ ਦਰਵਾਜ਼ੇ ’ਤੇ ਲੱਗੀ ਤੇ ਗੋਲੀ ਦਰਵਾਜ਼ਾ ਪਾੜਦੀ ਹੋਈ ਲੰਘ ਗਈ ਤੇ ਇਸ ਕਾਰਨ ਪੁਲਸ ਮੁਲਾਜ਼ਮ ਗੋਲੀ ਲੱਗਣ ਤੋਂ ਬਚ ਗਿਆ।

ਪੁਲਸ ਨੇ ਜਵਾਬੀ ਕਾਰਵਾਈ ਕਰਦਿਆਂ ਇਕ ਗੋਲੀ ਚਲਾਈ, ਜੋ ਗੈਂਗਸਟਰ ਦੀ ਲੱਤ ’ਚ ਲੱਗੀ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਗੈਂਗਸਟਰ ਸਾਜਨ ਨਈਅਰ ਪੁੱਤਰ ਵਿਜੇ ਨਈਅਰ ਵਾਸੀ ਛੋਟਾ ਹਰੀਪੁਰ, ਇਸਲਾਮਾਬਾਦ ਅੰਮ੍ਰਿਤਸਰ ਦੇ ਕਬਜ਼ੇ ਵਿਚੋਂ 3 ਗੈਰ-ਕਾਨੂੰਨੀ ਪਿਸਤੌਲ ਤੇ 17 ਕਾਰਤੂਸ ਬਰਾਮਦ ਕੀਤੇ ਗਏ ਹਨ। ਵੀਰਵਾਰ ਨੂੰ ਪਿੰਡ ਅਮਾਨਤਪੁਰ ’ਚ ਦਿਹਾਤ ਪੁਲਸ ਅਤੇ ਗੈਂਗਸਟਰਾਂ ਵਿਚਕਾਰ ਗੋਲੀਬਾਰੀ ਹੋਈ। ਮੌਕੇ ’ਤੇ ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਅਤੇ ਐੱਸ. ਪੀ. (ਡੀ) ਸਰਬਜੀਤ ਰਾਏ, ਡੀ. ਐੱਸ. ਪੀ. (ਡੀ) ਇੰਦਰਜੀਤ ਸਿੰਘ, ਡੀ. ਐੱਸ. ਪੀ. ਕੰਵਰ ਵਿਜੇ, ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਬਿਕਰਮ ਸਿੰਘ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ।

ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਨੇ ਸਵੇਰੇ ਕਰੀਬ 5:30 ਵਜੇ ਬਿਧੀਪੁਰ ਗੇਟ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਜਦੋਂ ਇਕ ਨੌਜਵਾਨ ਬਿਨਾਂ ਨੰਬਰ ਵਾਲੇ ਮੋਟਰਸਾਈਕਲ ’ਤੇ ਮੂੰਹ ਢੱਕ ਕੇ ਬਿਧੀਪੁਰ ਵੱਲ ਆ ਰਿਹਾ ਸੀ ਤਾਂ ਪੁਲਸ ਪਾਰਟੀ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਉਸ ਨੇ ਪੁਲਸ ਪਾਰਟੀ ’ਤੇ ਗੋਲੀਬਾਰੀ ਕਰ ਦਿੱਤੀ ਤੇ ਆਪਣਾ ਮੋਟਰਸਾਈਕਲ ਛੱਡ ਕੇ ਇਕ ਪੁਰਾਣੀ ਬੰਦ ਗਲੂਕੋਜ਼ ਫੈਕਟਰੀ ਦੇ ਅੰਦਰ ਭੱਜ ਗਿਆ। ਮੁਲਜ਼ਮ ਨੂੰ ਫੜਨ ਲਈ ਪੁਲਸ ਨੇ ਜਵਾਬੀ ਗੋਲੀਬਾਰੀ ਕੀਤੀ ਅਤੇ ਇਸ ਦੌਰਾਨ ਗੋਲੀ ਉਸ ਦੀ ਲੱਤ ’ਚ ਲੱਗੀ ਅਤੇ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਖ਼ਿਲਾਫ਼ ਥਾਣਾ ਮਕਸੂਦਾਂ ’ਚ ਕੇਸ ਦਰਜ ਕੀਤਾ ਗਿਆ ਸੀ ਤੇ ਗ੍ਰਿਫ਼ਤਾਰ ਮੁਲਜ਼ਮ ਸਾਜਨ ਨਾਇਰ ਨੂੰ ਐੱਸ. ਐੱਚ. ਓ. ਵੱਲੋਂ ਇਲਾਜ ਲਈ ਸਿਵਲ ਹਸਪਤਾਲ ਜਲੰਧਰ ’ਚ ਦਾਖਲ ਕਰਵਾਇਆ ਗਿਆ ਤੇ ਪੁਲਸ ਗਾਰਡ ਤਾਇਨਾਤ ਕਰ ਦਿੱਤਾ।

ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ ਹਨ 20 ਮਾਮਲੇ ਦਰਜ
ਐੱਸ. ਐੱਸ. ਪੀ. ਵਿਰਕ ਨੇ ਦੱਸਿਆ ਕਿ ਸਾਜਨ ਵਿਰੁੱਧ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਫਤਹਿਗੜ੍ਹ ਸਾਹਿਬ, ਫਿਰੋਜ਼ਪੁਰ ਤੇ ਹੁਸ਼ਿਆਰਪੁਰ ’ਚ ਲੁੱਟ-ਖੋਹ, ਕਤਲ, ਐੱਨ. ਡੀ. ਪੀ. ਐੱਸ. ਸਮੇਤ ਸਮੇਤ 20 ਮਾਮਲੇ ਦਰਜ ਹਨ। ਸਿਵਲ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ ਅਤੇ ਪੁੱਛਗਿੱਛ ਤੋਂ ਬਾਅਦ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾਵੇਗਾ।


author

Inder Prajapati

Content Editor

Related News