ਦਵਿੰਦਰ ਬੰਬੀਹਾ ਗੈਂਗ ਦੀ ਫੇਸਬੁਕ ''ਤੇ ਧਮਕੀ, ''ਸਾਡੇ ਕਿਸੇ ਯਾਰ ਨੂੰ ਤੰਗ ਨਾ ਕਰਿਓ.. ਕੋਚਰ ਨੂੰ ਅਸੀਂ ਮਾਰਿਆ'' (Pics)

Thursday, Aug 03, 2017 - 11:41 AM (IST)

ਦਵਿੰਦਰ ਬੰਬੀਹਾ ਗੈਂਗ ਦੀ ਫੇਸਬੁਕ ''ਤੇ ਧਮਕੀ, ''ਸਾਡੇ ਕਿਸੇ ਯਾਰ ਨੂੰ ਤੰਗ ਨਾ ਕਰਿਓ.. ਕੋਚਰ ਨੂੰ ਅਸੀਂ ਮਾਰਿਆ'' (Pics)

ਸ੍ਰੀ ਮੁਕਤਸਰ ਸਾਹਿਬ\ਮੋਗਾ : ਜੈਤੋ ਦੇ ਬਾਜਾਖਾਨ ਰੋਡ 'ਤੇ ਸ਼ੈਲਰ ਦੇ ਬਾਹਰ 20 ਜੁਲਾਈ ਨੂੰ ਦੁਪਹਿਰ ਸਵਾ ਤਿੰਨ ਵਜੇ ਚਾਰ ਗੋਲੀਆਂ ਮਾਰ ਕੇ ਸ਼ੈਲਰ ਮਾਲਕ ਰਵਿੰਦਰ ਕੋਚਰ ਦੀ ਹੱਤਿਆ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗੈਂਗ ਦੇ ਗੈਂਗਸਟਰ ਸੇਖੋਂ ਸਿੰਮਾ ਨੇ ਆਪਣੇ ਸਾਥੀ ਸਮੇਤ ਲਈ ਹੈ। ਸਿੰਮਾ ਨੇ ਆਪਣੇ ਫੇਸਬੁੱਕ ਅਕਾਊਂਟ ਦੇ ਵਾਲ 'ਤੇ ਲਿਖਿਆ ਹੈ ਕਿ 'ਸਾਡੇ ਕਿਸੇ ਯਾਰ ਬੇਲੀ ਨੂੰ ਤੰਗ ਨਾ ਕਰਿਓ... ਕੋਚਰ ਨੂੰ ਅਸੀਂ ਮਾਰਿਆ'। ਕਤਲ ਤੋਂ ਬਾਅਦ ਪੁਲਸ ਨੇ ਗੈਂਗਸਟਰ ਸੇਖੋਂ ਸਿੰਮਾ ਅਤੇ ਗੁਰਬਖਸ਼ ਸਿੰਘ 'ਤੇ ਕਤਲ ਦਾ ਕੇਸ ਦਰਜ ਕੀਤਾ ਸੀ। ਦੋਵੇਂ ਗੈਂਗਸਟਰ ਅਜੇ ਤਕ ਪੁਲਸ ਦੇ ਹੱਥ ਨਹੀਂ ਆਏ ਹਨ।
ਸੋਮਵਾਰ ਰਾਤ ਨੂੰ ਫੇਸਬੁਕ 'ਤੇ ਗੈਂਗਸਟਰ ਸੇਖੋਂ ਸਿੰਮਾ ਨੇ ਆਪਣੇ ਇਕ ਸਾਥੀ ਸਮੇਤ ਕਤਲ ਕਰਨ ਦਾ ਖੁਲਾਸਾ ਕੀਤਾ ਅਤੇ ਪੁਲਸ ਅਤੇ ਆਪਣੇ ਵਿਰੋਧੀਆਂ ਨੂੰ ਚਿਤਾਵਨੀ ਵੀ ਦਿੱਤੀ। ਸਿੰਮਾ ਨੇ ਪੈਸਿਆਂ ਦੇ ਬਦਲੇ ਕਤਲ ਕਰਨ ਦੀ ਗੱਲ ਨੂੰ ਨਕਾਰਦੇ ਹੋਏ ਲਿਖਿਆ ਕਿ ਉਹ ਕੋਈ ਵੀ ਕੰਮ ਪੈਸੇ ਲਈ ਨਹੀਂ ਕਰਦੇ ਹਨ। ਪੱਪੂ ਕੋਚਰ ਦਾ ਉਨ੍ਹਾਂ ਦੇ ਸਾਥੀ ਬੰਟੀ ਨਾਲ ਝਗੜਾ ਸੀ। ਬੰਟੀ ਨੇ ਜਿਊਂਦਾ ਰਹਿੰਦੇ ਹੋਏ ਕੋਚਰ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਸਮਝਿਆ ਅਤੇ ਪੁਲਸ ਦਾ ਮੁਖਬਰ ਬਣਿਆ ਰਿਹਾ। ਜਿਸ ਕਾਰਨ ਉਨ੍ਹਾਂ ਨੂੰ ਕੋਚਰ ਦਾ ਕਤਲ ਕਰਨਾ ਪਿਆ। ਸੇਖੋਂ ਨੇ ਫੇਸਬੁੱਕ 'ਤੇ ਇਹ ਵੀ ਲਿਖਿਆ ਹੈ ਕਿ ਇਸ ਹੱਤਿਆ ਕਾਂਡ ਵਿਚ ਸਿਰਫ ਦੋ ਲੋਕ ਸ਼ਾਮਲ ਸਨ ਜਦਕਿ ਪੁਲਸ ਨੇ ਨਾਜਾਇਜ਼ 14-15 ਲੋਕਾਂ ਖਿਲਾਫ ਕੇਸ ਦਰਜ ਕੀਤਾ। ਉਨ੍ਹਾਂ ਲਿਖਿਆ ਕਿ ਸਾਡੇ ਕਿਸੇ ਦੋਸਤ ਰਿਸ਼ਤੇਦਾਰ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਸਾਡਾ ਕਿਸੇ ਨਾਲ ਕੋਈ ਸੰਬੰਧ ਨਹੀਂ ਹੈ।
ਅਜੇ ਤਾਂ ਹੋਰ ਨੰਬਰ ਲੱਗਣੇ ਆ, ਜਸਟ ਵੇਟ ਐਂਡ ਵਾਚ
ਸਿੰਮਾ ਨੇ ਆਪਣੇ ਵਿਰੋਧੀਆਂ ਨੂੰ ਚਿਤਾਵਨੀ ਦਿੰਦੇ ਹੋਏ ਲਿਖਿਆ ਹੈ ਕਿ 'ਸਾਡੇ ਐਂਟੀ ਵੀ ਸੁਣ ਲੈਣ, ਕਦੇ ਵੀ ਹਵਾ 'ਚ ਉੱਡਣ ਦੀ ਕੋਸ਼ਿਸ਼ ਨਾ ਕਰਿਓ, ਸਾਡੀ ਵੀਰਾਂ ਦੇ ਅਧੂਰੇ ਕੰਮ ਅਸੀਂ ਪੂਰੇ ਕਰਾਂਗੇ। ਜੋ ਵੀ ਸਾਡੇ ਐਂਟੀ ਜਾਊਗਾ ਉਹਦਾ ਇਹੀ ਹਾਲ ਕਰਾਂਗੇ। ਸਾਰੇ ਤਿਆਰ ਰਹੋ, ਅਜੇ ਤਾਂ ਨੰਬਰ ਲੱਗਣੇ ਆ, ਲਿਸਟ ਬਹੁਤ ਲੰਮੀ ਹੈ। ਜਸਟ ਵੇਟ ਐਂਡ ਵਾਚ।
ਫੇਸਬੁਕ ਅਕਾਊਂਟ ਦੀ ਕਰਵਾ ਰਹੇ ਹਾਂ ਜਾਂਚ : ਐੱਸ. ਪੀ.
ਦੂਜੇ ਪਾਸੇ ਐੱਸ. ਪੀ. ਆਈ. ਮੋਗਾ ਵਜੀਰ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਫੇਸਬੁਕ ਅਕਾਊਂਟ ਦੀ ਜਾਂਚ ਕਰਵਾਈ ਜਾ ਰਹੀ ਹੈ। ਇਹ ਪੋਸਟ ਕਿਸ-ਕਿਸ ਵਿਅਕਤੀ ਨੂੰ ਟੈੱਗ ਕੀਤੀ ਗਈ ਹੈ ਅਤੇ ਇਹ ਅਕਾਊਂਟ ਕਿਥੋਂ ਆਪਰੇਟ ਕੀਤਾ ਜਾ ਰਿਹਾ ਹੈ, ਇਸ ਦੀ ਜਾਂਚ ਕਰਵਾਈ ਜਾ ਰਹੀ ਹੈ।


Related News