ਗੈਂਗਸਟਰ ਭੁੱਪੀ ਦੇ ਪਿਤਾ ਨੇ ਹਾਈਕੋਰਟ ''ਚ ਮੰਗੀ ਸੁਰੱਖਿਆ

Tuesday, Jun 20, 2017 - 04:17 AM (IST)

ਚੰਡੀਗੜ੍ਹ,   (ਬਰਜਿੰਦਰ/ ਰਾਣਾ)- ਗੈਂਗਸਟਰ ਭੁੱਪੀ ਰਾਣਾ ਦੀ ਗ੍ਰਿਫਤਾਰੀ ਨੂੰ ਲੈ ਕੇ ਛਾਪੇਮਾਰੀ ਦੌਰਾਨ ਪੰਜਾਬ ਪੁਲਸ ਵੱਲੋਂ ਭੁੱਪੀ ਦੇ ਪਰਿਵਾਰਕ ਮੈਂਬਰਾਂ ਦੇ ਘਰ 'ਚ ਵੜ ਕੇ ਭੰਨ-ਤੋੜ ਕਰਨ ਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਂਦੇ ਹੋਏ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਭੁੱਪੀ ਦੇ ਪਿਤਾ ਕਰਮ ਸਿੰਘ ਨੇ ਪੰਜਾਬ ਦੇ ਡੀ. ਜੀ. ਪੀ. ਸਮੇਤ ਮੋਹਾਲੀ ਜ਼ਿਲੇ ਦੇ ਐੱਸ. ਐੱਸ. ਪੀ. ਤੇ ਹੰਡੇਸਰ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ. ਸਮੇਤ ਇਕ ਪ੍ਰਾਈਵੇਟ ਪਰਸਨ ਨੂੰ ਪਾਰਟੀ ਬਣਾਉਂਦੇ ਹੋਏ ਇਹ ਪਟੀਸ਼ਨ ਦਾਇਰ ਕੀਤੀ ਹੈ। 
ਦੋਸ਼ ਲਾਇਆ ਗਿਆ ਹੈ ਕਿ ਇਨ੍ਹਾਂ ਸਾਰਿਆਂ ਦੇ ਪਿੱਛੇ ਇਹੋ ਵਿਅਕਤੀ ਹੈ। ਮਾਮਲੇ ਦੀ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਪੁਲਸ ਨੂੰ ਨੋਟਿਸ ਜਾਰੀ ਕਰ ਕੇ ਜਵਾਬ-ਤਲਬ ਕੀਤਾ ਹੈ। ਕੇਸ ਦੀ ਅਗਲੀ ਸੁਣਵਾਈ 19 ਜੁਲਾਈ ਨੂੰ ਹੋਵੇਗੀ, ਉਥੇ ਹੀ ਐੱਸ. ਐੱਸ. ਪੀ. ਮੋਹਾਲੀ ਨੂੰ ਮਾਮਲੇ 'ਚ ਐਫੀਡੇਵਿਟ ਦਾਇਰ ਕਰਨ ਲਈ ਕਿਹਾ ਹੈ। ਭੁੱਪੀ ਦੇ ਪਿਤਾ ਕਰਮ ਸਿੰਘ ਵੱਲੋਂ ਦਾਇਰ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਭੁੱਪੀ ਰਾਣਾ ਨੂੰ ਉਹ 2-3 ਸਾਲ ਪਹਿਲਾਂ ਹੀ ਬੇਦਖਲ ਕਰ ਚੁੱਕੇ ਹਨ ਤੇ ਪਰਿਵਾਰ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਦੇ ਬਾਵਜੂਦ ਪੁਲਸ ਪਰਿਵਾਰ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੀਤੀ 6 ਜੂਨ ਨੂੰ ਉਨ੍ਹਾਂ ਦੇ ਘਰ 'ਚ ਪੁਲਸ ਕਰਮੀਆਂ ਵੱਲੋਂ ਜਬਰੀ ਵੜ ਕੇ ਭੰਨ-ਤੋੜ ਕਰ ਕੇ ਪਰਿਵਾਰਕ ਮੈਂਬਰਾਂ ਨੂੰ ਧਮਕਾਇਆ ਗਿਆ। ਇਸ ਦੇ ਲਈ ਪਟੀਸ਼ਨ ਦੇ ਨਾਲ ਫੋਟੋਆਂ ਵੀ ਨੱਥੀ ਕੀਤੀਆਂ ਗਈਆਂ ਹਨ, ਜਿਸ 'ਚ ਪੁਲਸ ਕਰਮੀ ਘਰ 'ਚ ਵੜ ਕੇ ਭੰਨ-ਤੋੜ ਕਰਦੇ ਦਿਖਾਈ ਦੇ ਰਹੇ ਹਨ। ਅਜਿਹੇ 'ਚ ਕਰਮ ਸਿੰਘ ਨੇ ਸੁੱਰਖਿਆ ਦੀ ਮੰਗ ਕਰ ਕੇ ਦੋਸ਼ੀ ਪੁਲਸ ਕਰਮੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਭੁੱਪੀ ਮਾਮਲੇ 'ਚ ਪੁਲਸ ਦਾ ਝੂਠ ਆਇਆ ਸਾਹਮਣੇ : ਹਾਲਾਂਕਿ ਲਾਏ ਗਏ ਇਨ੍ਹਾਂ ਦੋਸ਼ਾਂ ਤੋਂ ਪੁਲਸ ਇਨਕਾਰ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਸਾਹਮਣੇ ਆਈ ਸੀ. ਸੀ. ਟੀ. ਵੀ. ਫੁਟੇਜ ਪੁਲਸ ਦੇ 'ਚਿੱਟੇ ਝੂਠ' ਨੂੰ ਬੇਪਰਦਾ ਕਰ ਰਹੀ ਹੈ। ਭੁੱਪੀ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਘਰ 4 ਸੀ. ਸੀ. ਟੀ. ਵੀ. ਕੈਮਰੇ ਲੱਗੇ ਸਨ। ਪੁਲਸ ਨੇ ਘਰ 'ਚ ਵੜਨ ਤੇ ਭੰਨ-ਤੋੜ ਦੀ ਘਟਨਾ ਦਾ ਸਬੂਤ ਸਾਹਮਣੇ ਨਾ ਆ ਜਾਏ, ਇਸ ਲਈ ਇਹ ਕੈਮਰੇ ਤੋੜ ਦਿੱਤੇ। ਪੁਲਸ ਨੇ ਸ਼ੁਰੂ 'ਚ 3 ਕੈਮਰੇ ਤੋੜ ਕੇ ਘਰ 'ਚ ਵੜਨ ਅਤੇ ਭੰਨ-ਤੋੜ ਦੀ ਕਾਰਵਾਈ ਕੀਤੀ, ਜੋ ਚੌਥੇ ਕੈਮਰੇ 'ਚ ਕੈਦ ਹੋਈ। ਹਾਲਾਂਕਿ ਬਾਅਦ 'ਚ ਇਹ ਕੈਮਰਾ ਵੀ ਪੁਲਸ ਨੇ ਤੋੜ ਦਿੱਤਾ। ਸਾਹਮਣੇ ਆਈ ਇਕ ਵੀਡੀਓ 'ਚ ਵਰਦੀ ਅਤੇ ਸਿਵਲ ਡਰੈੱਸ 'ਚ ਆਏ ਪੁਲਸ ਕਰਮੀ ਇਸ ਕਾਰਵਾਈ ਨੂੰ ਅੰਜਾਮ ਦਿੰਦੇ ਦਿਖਾਈ ਦਿੱਤੇ। ਘਟਨਾ ਦੌਰਾਨ ਇਕ ਬਜ਼ੁਰਗ ਮਹਿਲਾ ਵੀ ਘਰ 'ਚ ਮੌਜੂਦ ਸੀ, ਜਿਸ ਨਾਲ ਪੁਲਸ ਪਹਿਲਾਂ ਗੱਲਾਂ ਕਰਦੀ ਰਹੀ ਤੇ ਇਸੇ ਦੌਰਾਨ ਇਕ ਪੁਲਸ ਕਰਮੀ ਕੰਧ ਟੱਪ ਕੇ ਅੰਦਰ ਵੜਿਆ ਤੇ ਗੇਟ ਦਾ ਤਾਲਾ ਤੋੜਨ ਮਗਰੋਂ ਖਿੜਕੀ ਦਾ ਸ਼ੀਸ਼ਾ ਤੋੜਿਆ। ਕਰਮ ਸਿੰਘ ਨੇ ਦੋਸ਼ ਲਾਇਆ ਕਿ ਪੁਲਸ ਨੇ ਘਰ ਦੀਆਂ ਮਹਿਲਾਵਾਂ ਨਾਲ ਬਦਸਲੂਕੀ ਵੀ ਕੀਤੀ। ਭੁੱਪੀ ਦੀ ਪਤਨੀ ਪਿੰਡ ਦੀ ਸਰਪੰਚ ਹੈ, ਉਨ੍ਹਾਂ ਦੇ ਦਸਤਾਵੇਜ਼ ਵੀ ਪੁਲਸ ਵੱਲੋਂ ਜ਼ਬਤ ਕਰਨ ਦੇ ਦੋਸ਼ ਕਰਮ ਸਿੰਘ ਨੇ ਲਾਏ। 6 ਜੂਨ ਦੀ ਘਟਨਾ ਦੇ ਬਾਅਦ ਅਗਲੇ ਦਿਨ ਪੁਲਸ ਨੇ ਜੇ.ਸੀ.ਬੀ ਦੇ ਨਾਲ ਘਰ ਦੀ ਚਾਰਦੀਵਾਰੀ ਵੀ ਢਾਹ ਦਿੱਤੀ। ਉਥੇ ਹੀ ਪਰਿਵਾਰ ਦਾ ਇਕ ਟਰੈਕਟਰ ਵੀ ਪੁਲਸ 'ਤੇ ਗਾਇਬ ਕਰਨ ਦਾ ਦੋਸ਼ ਹੈ। ਹੰਡੇਸਰਾ ਥਾਣੇ ਦੇ ਇੰਚਾਰਜ ਸ਼ਿੰਦਰਪਾਲ ਸਿੰਘ ਭੁੱਲਰ ਸਮੇਤ ਹੋਰ ਪੁਲਸ ਕਰਮੀ ਭੁੱਪੀ ਦੇ ਪਰਿਵਾਰਕ ਮੈਂਬਰਾਂ ਦੇ ਘਰ ਭੰਨ-ਤੋੜ ਦੀ ਘਟਨਾ ਤੋਂ ਇਨਕਾਰ ਕਰ ਚੁੱਕੇ ਹਨ। ਭੁਪਿੰਦਰ ਰਾਣਾ ਕਈ ਅਪਰਾਧਿਕ ਮਾਮਲਿਆਂ 'ਚ ਲੋੜੀਂਦਾ ਹੈ। ਉਸ 'ਤੇ ਹੱਤਿਆ, ਹੱਤਿਆ ਦੇ ਯਤਨਾਂ, ਆਰਮਜ਼ ਐਕਟ ਆਦਿ ਗੰਭੀਰ ਧਾਰਾਵਾਂ 'ਚ ਕੇਸ ਦਰਜ ਹਨ। ਉਸ ਨੂੰ ਫੜਨ ਲਈ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇਸੇ ਦੌਰਾਨ ਹੰਡੇਸਰਾ ਪੁਲਸ ਥਾਣੇ ਤਹਿਤ ਪਿੰਡ ਜੋਧਗੜ੍ਹ ਸਥਿਤ ਉਸ ਦੇ ਪਰਿਵਾਰਕ ਮੈਂਬਰਾਂ ਦੇ ਘਰ ਪੁਲਸ ਦੀ ਸਰਚ ਵਧੀ ਹੋਈ ਹੈ।
ਡੀ. ਐੱਸ. ਪੀ. ਤੇ ਐੱਸ. ਐੱਚ. ਓ. ਦੇ ਬਿਆਨਾਂ 'ਚ ਮਤਭੇਦ : ਇਸ ਮਾਮਲੇ 'ਚ ਐੱਸ. ਐੱਚ.ਓ. ਅਤੇ ਡੀ.ਐੱਸ.ਪੀ. ਦੇ ਬਿਆਨ ਆਪਸ 'ਚ ਮੇਲ ਨਹੀਂ ਖਾ ਰਹੇ ਹਨ। ਜਿਥੇ ਹੰਡੇਸਰਾ ਥਾਣਾ ਇੰਚਾਰਜ ਸ਼ਿੰਦਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਭੁੱਪੀ ਦੀ ਸੂਚਨਾ ਮਿਲਣ 'ਤੇ ਪੁਲਸ ਉਸ ਦੇ ਘਰ ਗਈ ਸੀ ਪਰ ਭੰਨ-ਤੋੜ ਨਹੀਂ ਕੀਤੀ। ਉਥੇ ਹੀ ਏਰੀਆ ਡੀ.ਐੱਸ.ਪੀ. ਪੁਰਸ਼ੋਤਮ ਸਿੰਘ ਨੇ ਕਿਹਾ ਕਿ ਪੁਲਸ ਭੁੱਪੀ ਦੇ ਘਰ ਹੀ ਨਹੀਂ ਗਈ।
ਘਰ 'ਚ ਵੜ ਕੇ ਭੰਨ-ਤੋੜ ਨਹੀਂ ਕਰ ਸਕਦੀ : ਚੰਡੀਗੜ੍ਹ ਜ਼ਿਲਾ ਅਦਾਲਤ ਦੇ ਸੀਨੀਅਰ ਵਕੀਲ ਰਬਿੰਦਰਾ ਪੰਡਤ ਨੇ ਦੱਸਿਆ ਕਿ ਕਿਸੇ ਗੰਭੀਰ ਅਪਰਾਧੀ ਨੂੰ ਫੜਨ ਲਈ ਪੁਲਸ ਬਿਨਾਂ ਸਰਚ ਵਾਰੰਟ ਦੇ ਘਰ ਤਾਂ ਦਾਖਲ ਹੋ ਸਕਦੀ ਹੈ ਪਰ ਉਥੇ ਵੜ ਕੇ ਭੰਨ-ਤੋੜ ਨਹੀਂ ਕਰ ਸਕਦੀ।


Related News