ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅਦਾਲਤ ਨੇ ਸੁਣਾਈ ਸਜ਼ਾ
Wednesday, Dec 05, 2018 - 07:16 PM (IST)

ਬਾਬਾ ਬਕਾਲਾ ਸਾਹਿਬ (ਰਾਕੇਸ਼/ਅਠੌਲਾ) : ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਜਿਸ ਖਿਲਾਫ ਪੰਜਾਬ ਦੇ ਕਈ ਥਾਣਿਆਂ 'ਚ ਵੱਖ-ਵੱਖ ਦੋਸ਼ਾਂ ਤਹਿਤ ਅਨੇਕਾਂ ਮਾਮਲੇ ਦਰਜ ਹਨ ਸਣੇ ਦੋ ਹੋਰਾਂ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਰਾਜੀਵਪਾਲ ਸਿੰਘ ਸਿਵਲ ਜੱਜ ਦੀ ਅਦਾਲਤ ਨੇ 3-3 ਸਾਲ ਕੈਦ ਤੇ 2-2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੱਗੂ ਭਗਵਾਨਪੁਰੀਆ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਸਾਲ 2015 'ਚ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਟਾਰੀ ਵਿਖੇ ਆਪਣੇ ਸਾਥੀ ਭੁਪਿੰਦਰ ਸਿੰਘ ਉਰਫ ਸੋਨੂੰ ਜਿਸ ਨੂੰ ਪੁਲਸ ਪਾਰਟੀ ਨਾਭਾ ਜੇਲ ਤੋਂ ਲਿਆ ਕੇ ਅੰਮ੍ਰਿਤਸਰ ਦੀ ਇਕ ਅਦਾਲਤ ਵਿਚ ਪੇਸ਼ ਕਰਨ ਜਾ ਰਹੀ ਸੀ, ਨੂੰ ਪੁਲਸ ਪਾਰਟੀ 'ਤੇ ਹਮਲਾ ਕਰ ਕੇ ਛੁਡਵਾ ਲਿਆ ਸੀ, ਜਿਸ 'ਤੇ ਥਾਣਾ ਖਿਲਚੀਆਂ ਦੀ ਪੁਲਸ ਵੱਲੋਂ ਉਨ੍ਹਾਂ ਵਿਰੁੱਧ ਮੁਕੱਦਮਾ ਨੰਬਰ 37/2015 ਦਰਜ ਕੀਤਾ ਗਿਆ ਸੀ।
ਇਸ ਮੁਕੱਦਮੇ ਦੇ ਸਬੰਧ 'ਚ ਬੁੱਧਵਾਰ ਨੂੰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਜੋ ਕਿ ਫਰੀਦਕੋਟ ਦੀ ਜੇਲ 'ਚ ਨਜ਼ਰਬੰਦ ਹੈ ਤੇ ਉਸ ਦੇ ਸਾਥੀ ਸ਼ਮਸ਼ੇਰ ਸਿੰਘ ਤੇ ਬੌਬੀ ਮਲਹੋਤਰਾ ਜੋ ਹੁਸ਼ਿਆਰਪੁਰ ਜੇਲ ਵਿਚ ਬੰਦ ਹਨ, ਤਿੰਨਾਂ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਕਰੀਬ ਬਾਬਾ ਬਕਾਲਾ ਸਾਹਿਬ ਵਿਖੇ ਰਾਜੀਵਪਾਲ ਸਿੰਘ ਸਿਵਲ ਜੱਜ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਮੌਕੇ ਐਡੀਸ਼ਨਲ ਪਬਲਿਕ ਪ੍ਰੋਸੀਕਿਊਟਰ ਅੰਮ੍ਰਿਤਪਾਲ ਸਿੰਘ ਕਾਹਲੋਂ ਸਰਕਾਰ ਵੱਲੋਂ ਪੇਸ਼ ਹੋਏ। ਮਾਣਯੋਗ ਅਦਾਲਤ ਨੇ ਉਕਤ ਤਿੰਨਾਂ ਦੋਸ਼ੀਆਂ ਨੂੰ 3-3 ਸਾਲ ਕੈਦ ਤੇ 2-2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅੱਜ ਜੱਗੂ ਤੇ ਉਸ ਦੇ ਸਾਥੀਆਂ ਨੂੰ ਪੇਸ਼ ਕਰਨ ਮੌਕੇ ਸਮੁੱਚਾ ਤਹਿਸੀਲ ਕੰਪਲੈਕਸ ਪੁਲਸ ਛਾਉਣੀ ਵਿਚ ਤਬਦੀਲ ਹੋ ਚੁੱਕਾ ਸੀ।