ਗੈਂਗਸਟਰ ਗੋਪੀ ਘਣਸ਼ਾਮਪੁਰ ਨੂੰ ਲੈ ਕੇ ਬਣੀ ਦੁਚਿੱਤੀ, ਪਿੰਡ ਪਹੁੰਚੀ ਪੁਲਸ

02/09/2018 6:41:47 PM

ਚੌਂਕ ਮਹਿਤਾ (ਪਾਲ) : ਕਤਲ, ਲੁੱਟ-ਖੋਹ ਅਤੇ ਹੋਰ ਕਈ ਮੁਕੱਦਮਿਆਂ 'ਚ ਲੋੜੀਂਦੇ ਨਾਮੀ ਗੈਂਗਸਟਰ ਗੋਪੀ ਘਣਸ਼ਾਮਪੁਰ ਨੂੰ ਲੈ ਕੇ ਨਵੀਂ ਦੁਚਿੱਤੀ ਬਣੀ ਹੋਈ ਹੈ। ਜਿੱਥੇ ਪੁਲਸ ਪ੍ਰਸ਼ਾਸਨ ਵੱਲੋਂ ਉਸ ਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਗੋਪੀ ਵੱਲੋਂ ਆਤਮਸਮਰਪਣ ਕਰ ਲਏ ਜਾਣ 'ਤੇ ਜ਼ੋਰ ਪਾਇਆ ਜਾ ਰਿਹਾ ਹੈ, ਉੱਥੇ ਹੀ ਗੋਪੀ ਦੀ ਪਤਨੀ ਦਾ ਕਹਿਣਾ ਹੈ ਕਿ ਉਸਦਾ ਪਤੀ ਪੁਲਸ ਹਿਰਾਸਤ ਵਿਚ ਹੀ ਹੈ ਪਰ ਪੁਲਸ ਵੱਲੋਂ ਜਾਣਬੁੱਝ ਕੇ ਉਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਤੇ ਪਰਿਵਾਰ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਡੀ.ਜੀ.ਪੀ. ਸੁਰੇਸ਼ ਅਰੋੜਾ ਵੱਲੋਂ ਗੈਂਗਸਟਰ ਬਣੇ ਨੌਜਵਾਨਾਂ ਨੂੰ ਸਿੱਧੇ ਰਸਤੇ ਲਿਆਉਣ ਲਈ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਐੱਸ.ਐੱਸ.ਪੀ.(ਦਿਹਾਤੀ) ਪਰਮਪਾਲ ਸਿੰਘ ਵੱਲੋਂ ਅੱਜ ਇੱਥੇ ਪਿੰਡ ਘਣਸ਼ਾਮਪੁਰ ਵਿਖੇ ਪਿੰਡ ਦੇ ਸਰਪੰਚ-ਪੰਚ, ਮੋਹਤਬਰ ਵਿਅਕਤੀ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ 'ਚ ਨਾਮੀ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ ਘਣਸ਼ਾਮਪੁਰ ਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ।
ਇਸ ਮੌਕੇ ਐੱਸ.ਐੱਸ.ਪੀ.(ਦਿਹਾਤੀ) ਪਰਮਪਾਲ ਸਿੰਘ ਨੇ ਕਿਹਾ ਕਿ ਜਿਹੜੇ ਨੌਜਵਾਨ ਫੌਕੀ ਸ਼ੌਹਰਤ ਲਈ ਗਲਤ ਰਸਤਾ ਅਖਤਿਆਰ ਕਰ ਚੁੱਕੇ ਹਨ, ਸਰਕਾਰ ਉਨ੍ਹਾਂ ਨੂੰ ਸੁਧਰਨ ਦਾ ਇਕ ਮੌਕਾ ਦੇਣਾ ਚਾਹੁੰਦੀ ਹੈ ਤਾਂ ਜੋ ਇਹ ਗਲਤ ਰਸਤਿਆ ਨੂੰ ਛੱਡ ਕੇ ਆਪਣੀ ਅਸਲ ਜ਼ਿੰਦਗੀ 'ਚ ਵਾਪਸੀ ਕਰ ਸਕਣ ਅਤੇ ਆਪਣੇ ਪਰਿਵਾਰ 'ਚ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰ ਸਕਣ। ਉਨ੍ਹਾਂ ਨੇ ਗੋਪੀ ਦੇ ਪਰਿਵਾਰਿਕ ਮੈਂਬਰਾਂ ਨੂੰ ਭਰੋਸਾ ਦਿਵਾਉਂਦਿਆ ਕਿਹਾ ਕਿ ਜੇ ਗੋਪੀ ਆਤਮਸਮਰਪਣ ਕਰਕੇ ਵਾਪਸੀ ਕਰਨਾ ਚਾਹੁੰਦਾ ਹੈ ਤਾਂ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਉਸ ਨਾਲ ਪੂਰਾ ਸਹਿਯੋਗ ਕੀਤਾ ਜਾਵੇਗਾ ਤੇ ਉਸ ਨਾਲ ਕਿਸੇ ਤਰ੍ਹਾਂ ਦੀ ਕੋਈ ਜ਼ਿਆਦਤੀ ਨਹੀਂ ਕੀਤੀ ਜਾਵੇਗੀ ਪਰ ਇਸ ਦੇ ਉਲਟ ਗੋਪੀ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦਾ ਗੋਪੀ ਨਾਲ ਕੋਈ ਰਾਬਤਾ ਨਹੀਂ ਹੋ ਸਕਿਆ। ਉਸਦੀ ਪਤਨੀ ਗੁਰਬਿੰਦਰ ਕੌਰ ਦੇ ਕਹਿਣ ਮੁਤਾਬਿਕ ਬੀਤੇ ਸਾਲ ਸਤੰਬਰ ਮਹੀਨੇ 'ਚ ਉਨ੍ਹਾਂ ਨੂੰ ਪਹਿਲਾਂ ਸੂਚਨਾ ਮਿਲੀ ਸੀ ਕਿ ਯੂ.ਪੀ. ਪੁਲਸ ਨੇ ਗੋਪੀ ਨੂੰ ਉਸਦੇ ਦੋ ਸਾਥੀਆਂ ਸਮੇਤ ਸ਼ਾਹਜਹਾਂਪੁਰ ਤੋਂ ਗ੍ਰਿਫਤਾਰ ਕਰ ਲਿਆ ਹੈ, ਜਿਸ ਨੂੰ ਲੈ ਕੇ ਖਬਰਾਂ ਵੀ ਛੱਪ ਚੁੱਕੀਆ ਹਨ ਪਰ ਪਤਾ ਕਰਨ 'ਤੇ ਗੋਪੀ ਬਾਰੇ ਕੋਈ ਜਾਣਕਾਰੀ ਨਾ ਮਿਲ ਸਕੀ ਤੇ ਨਾ ਹੀ ਉਸ ਦਿਨ ਤੋਂ ਬਾਅਦ ਉਨ੍ਹਾਂ ਦਾ ਗੋਪੀ ਨਾਲ ਕੋਈ ਰਾਬਤਾ ਹੋ ਸਕਿਆ।
ਇਸ ਤੋਂ ਇਲਾਵਾ ਬੀਤੇ ਦਿਨੀਂ ਇਕ ਪ੍ਰੈੱਸ ਕਾਨਫਰੰਸ ਦੌਰਾਨ ਜਲੰਧਰ ਜ਼ੋਨ ਦੇ ਆਈ.ਜੀ. ਵੱਲੋਂ ਵੀ ਗੁਰਪ੍ਰੀਤ ਗੋਪੀ ਨੂੰ ਉਸਦੇ ਦੋ ਸਾਥੀਆਂ ਸਮੇਤ ਕਾਬੂ ਕਰਨ ਦੀ ਗੱਲ ਕਹੀ ਗਈ ਸੀ, ਜਿਸ ਬਾਰੇ ਇਕ ਨੈਸ਼ਨਲ ਨਿਊਜ਼ ਚੈਨਲ 'ਤੇ ਖਬਰ ਵੀ ਚੱਲ ਚੁੱਕੀ ਹੈ ਪਰ ਹੁਣ ਪੰਜਾਬ ਤੇ ਯੂ.ਪੀ. ਪੁਲਸ ਗੋਪੀ ਦੀ ਕਿਸੇ ਤਰ੍ਹਾਂ ਦੀ ਗ੍ਰਿਫਤਾਰੀ ਹੋਣ ਦੀ ਗੱਲ ਨੂੰ ਇਨਕਾਰ ਕਰ ਰਹੀ ਹੈ। ਜਿਸਨੂੰ ਲੈ ਕੇ ਉਨ੍ਹਾਂ ਵੱਲੋਂ ਮਾਣਯੋਗ ਪੰਜਾਬ-ਹਰਿਆਣਾ ਹਾਈ ਕੋਰਟ 'ਚ ਇਕ ਰਿੱਟ ਵੀ ਦਾਇਰ ਕੀਤੀ ਗਈ ਹੈ, ਜਿਸ ਵਿਚ ਮਾਣਯੋਗ ਅਦਾਲਤ ਨੇ ਪੰਜਾਬ ਤੇ ਯੂ.ਪੀ. ਪੁਲਸ ਤੋਂ ਗੋਪੀ ਘਣਸ਼ਾਮਪੁਰ ਦੇ ਸਥਿਤੀ ਸਪੱਸ਼ਟ ਕਰਨ ਬਾਰੇ ਜਵਾਬਦੇਹੀ ਕੀਤੀ ਹੈ। ਇਸ ਸਬੰਧੀ ਜਦੋਂ ਐੱਸ.ਐੱਸ.ਪੀ. ਦਿਹਾਤੀ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੀ ਗੋਪੀ ਦੀ ਗ੍ਰਿਫਤਾਰੀ ਦੀ ਗੱਲ ਨੂੰ ਗਲਤ ਦੱਸਿਆ। ਉਨ੍ਹਾਂ ਕਿਹਾ ਕਿ ਗੋਪੀ ਘਣਸ਼ਾਮਪੁਰ ਅਜੇ ਵੀ ਭਗੌੜਾ ਹੈ ਤੇ ਉਸਦੀ ਗ੍ਰਿਫਤਾਰੀ ਦੀਆਂ ਖਬਰਾਂ ਗਲਤ ਹਨ।


Related News