ਗੈਂਗਸਟਰ ਬੰਬੀਹਾ ਗਰੁੱਪ ਦੇ ਨਾਂ ’ਤੇ ਫਿਰੌਤੀਆਂ ਮੰਗਣ ਵਾਲੇ ਅਸਲੇ ਸਮੇਤ ਕਾਬੂ

Tuesday, Apr 11, 2023 - 06:05 PM (IST)

ਮੋਗਾ (ਆਜ਼ਾਦ) : ਮੋਗਾ ਪੁਲਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਗੈਂਗਸਟਰ ਬੰਬੀਹਾ ਗਰੁੱਪ ਦੇ ਨਾਂ ’ਤੇ ਫਿਰੌਤੀਆਂ ਮੰਗਣ ਵਾਲੇ ਕੈਨੇਡਾ ਬੈਠੇ ਦਵਿੰਦਰਪਾਲ ਸਿੰਘ ਉਰਫ ਗੋਪੀ ਨਿਵਾਸੀ ਮੋਗਾ ਦੀ ਅਗਵਾਈ ਵਿਚ ਨਵੇਂ ਬਣੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਅਸਲੇ ਅਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਸ ਮੁਖੀ ਜੇ. ਏਲਨਚੇਲੀਅਨ ਨੇ ਦੱਸਿਆ ਕਿ ਐੱਸ. ਪੀ. (ਆਈ) ਅਜੇ ਰਾਜ ਸਿੰਘ, ਹਰਿੰਦਰ ਸਿੰਘ ਡੋਡ ਡੀ. ਐੱਸ. ਪੀ. ਡੀ. ਦੀ ਅਗਵਾਈ ਵਿਚ ਫਿਰੌਤੀਆਂ ਮੰਗਣ ਵਾਲੇ ਗਿਰੋਹਾਂ ਤੱਕ ਗਲਤ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦ ਸੀ. ਆਈ. ਏ. ਮੋਗਾ ਨੂੰ ਜਾਣਕਾਰੀ ਮਿਲੀ ਕਿ ਦਵਿੰਦਰਪਾਲ ਸਿੰਘ ਉਰਫ ਗੋਪੀ ਨਿਵਾਸੀ ਲਾਹੋਰੀਆਂ ਵਾਲਾ ਮੁਹੱਲਾ ਜੋ ਕੈਨੇਡਾ ਵਿਚ ਬੈਠਾ ਹੈ ਅਤੇ ਉਸ ਨੇ ਮੋਗਾ ਸ਼ਹਿਰ ਵਿਚ ਕਈ ਕਾਰੋਬਾਰੀਆਂ ਨੂੰ ਫੋਨ ’ਤੇ ਡਰਾ ਧਮਕਾ ਕੇ ਫਿਰੌਤੀਆਂ ਮੰਗਣ ਲਈ ਆਪਣਾ ਗਿਰੋਹ ਤਿਆਰ ਕੀਤਾ ਹੋਇਆ ਹੈ, ਜੋ ਆਪਣੇ ਗਿਰੋਹ ਨੂੰ ਅਸਲਾ ਅਤੇ ਕਾਰਤੂਸ ਆਦਿ ਮੁਹੱਈਆ ਕਰਵਾ ਕੇ ਉਨ੍ਹਾਂ ਤੋਂ ਵਾਰਦਾਤਾਂ ਕਰਵਾ ਰਿਹਾ ਹੈ।

ਉਸ ਦੇ ਨਵੇਂ ਬਣੇ ਗਿਰੋਹ ਵਿਚ ਪ੍ਰਜਵਿਲ ਸੇਠੀ ਉਰਫ ਸ਼ਿਵ ਨਿਵਾਸੀ ਅਹਾਤਾ ਬਦਨ ਸਿੰਘ ਮੋਗਾ, ਦੀਪਕ ਉਰਫ ਮੋਨੂੰ ਨਿਵਾਸੀ ਰਾਮਗੰਜ ਮੰਡੀ, ਗੁਰਦਰਸ਼ਨ ਸਿੰਘ ਨਿਵਾਸੀ ਪਿੰਡ ਦੁੱਨੇਕੇ ਅਤੇ ਆਕਾਸ਼ਦੀਪ ਸਿੰਘ ਧਾਲੀਵਾਲ ਉਰਫ ਗਗਨ ਨਿਵਾਸੀ ਬੁੱਕਣਵਾਲਾ ਰੋਡ ਮੋਗਾ ਆਦਿ ਸ਼ਾਮਲ ਹਨ, ਜਿਨ੍ਹਾਂ ਕੋਲ ਨਾਜਾਇਜ਼ ਅਸਲਾ ਵੀ ਹੈ। ਅੱਜ ਉਹ ਬਾਈਪਾਸ ਬਾਘਾ ਪੁਰਾਣਾ ਤੋਂ ਪਿੰਡ ਦੁੱਨੇਕੇ ਰੋਡ ’ਤੇ ਸਥਿਤ ਬਾਬਾ ਮੱਲਣਸਾਹ ਡੇਰਾ ’ਤੇ ਮੌਜੂਦ ਹਨ। ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਸਾਰੇ ਨੌਜਵਾਨ ਅਸਲੇ ਸਮੇਤ ਕਾਬੂ ਆ ਸਕਦੇ ਹਨ, ਜਿਸ ’ਤੇ ਸੀ. ਆਈ. ਏ. ਇੰਚਾਰਜ ਨੇ ਪੁਲਸ ਪਾਰਟੀ ਸਮੇਤ ਛਾਪੇਮਾਰੀ ਕਰਕੇ ਫਿਰੌਤੀਆਂ ਮੰਗਣ ਵਾਲੇ ਉਕਤ ਗਿਰੋਹ ਦੇ ਚਾਰ ਮੈਂਬਰਾਂ ਪ੍ਰਜਵਿਲ ਸੇਠੀ ਉਰਫ ਸ਼ਿਵ ਨਿਵਾਸੀ ਅਹਾਤਾ ਬਦਨ ਸਿੰਘ ਮੋਗਾ, ਦੀਪਕ ਉਰਫ਼ ਮੋਨੂੰ ਨਿਵਾਸੀ ਰਾਮਗੰਜ ਮੰਡੀ, ਗੁਰਦਰਸ਼ਨ ਸਿੰਘ ਨਿਵਾਸੀ ਪਿੰਡ ਦੁੱਨੇਕੇ ਅਤੇ ਅਕਾਸ਼ਦੀਪ ਸਿੰਘ ਧਾਲੀਵਾਲ ਉਰਫ ਗਗਨ ਨਿਵਾਸੀ ਬੁੱਕਣਵਾਲਾ ਰੋਡ ਮੋਗਾ ਨੂੰ ਜਾ ਦਬੋਚਿਆ ਅਤੇ ਉਨ੍ਹਾਂ ਕੋਲੋਂ ਇਕ 315 ਬੋਰ ਦੇਸੀ ਕੱਟਾ, ਇਕ ਕਾਰਤੂਸ ਅਤੇ 32 ਬੋਰ ਪਿਸਟਲ ਦੇ ਇਲਾਵਾ ਕਾਰਤੂਸ ਵੀ ਬਰਮਦ ਕੀਤੇ ਗਏ। ਕਥਿਤ ਦੋਸ਼ੀਆਂ ਤੋਂ ਦੋ ਮੋਟਰਸਾਈਕਲ ਵੀ ਕਬਜ਼ੇ ਵਿਚ ਲਏ ਗਏ।

ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਉਕਤ ਗਿਰੋਹ ਦੇ ਮੈਂਬਰਾਂ ਨੇ ਦੱਸਿਆ ਕਿ ਗਿਰੋਹ ਵੱਲੋਂ ਦਵਿੰਦਰਪਾਲ ਸਿੰਘ ਉਰਫ ਗੋਪੀ ਜੋ ਵਿਦੇਸ਼ ਰਹਿੰਦਾ ਹੈ, ਨੇ ਫੋਨ ਕਰਕੇ ਕੋਟਕਪੂਰਾ-ਬਾਘਾ ਪੁਰਾਣਾ ਬਾਈਪਾਸ ’ਤੇ ਸਥਿਤ ਇਕ ਢਾਬਾ ਸੰਚਾਲਕ ਦੇ ਭਰਾ ਤੋਂ ਫਿਰੌਤੀ ਮੰਗੀ ਸੀ, ਜਿਨ੍ਹਾਂ ਨੂੰ ਫਿਰੌਤੀ ਲੈਣ ਤੋਂ ਪਹਿਲਾਂ ਹੀ ਦਬੋਚ ਲਿਆ ਗਿਆ। ਇਹ ਵੀ ਪਤਾ ਲੱਗਾ ਹੈ ਕਿ ਉਕਤ ਗਿਰੋਹ ਵੱਲੋਂ ਇਕ ਹਫਤੇ ਦੇ ਅੰਦਰ ਮੋਗਾ ਦੇ ਚਾਰ ਵਿਅਕਤੀਆਂ ਨੂੰ ਜਿਸ ਵਿਚ ਇਕ ਵਿਦਿਆਰਥੀ ਵੀ ਹੈ, ਤੋਂ ਲੱਖਾਂ ਰੁਪਏ ਦੀ ਫਿਰੌਤੀ ਮੰਗਣ ਲਈ ਧਮਕੀ ਭਰੇ ਫੋਨ ਕੀਤੇ ਗਏ ਸਨ ਅਤੇ ਕਿਹਾ ਗਿਆ ਸੀ ਕਿ ਜੇਕਰ ਉਨ੍ਹਾਂ ਨੂੰ ਫਿਰੌਤੀ ਨਾ ਮਿਲੀ ਤਾਂ ਉਨ੍ਹਾਂ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ। ਉਕਤ ਧਮਕੀ ਭਰੇ ਫੋਨ ਬੰਬੀਹਾ ਗਰੁੱਪ ਦੇ ਨਾਂ ’ਤੇ ਕੀਤੇ ਗਏ। ਫਿਰੌਤੀ ਮੰਗਣ ਦੇ ਸਬੰਧ ਵਿਚ ਥਾਣਾ ਸਿਟੀ ਸਾਊਥ ਮੋਗਾ ਵੱਲੋਂ ਕ੍ਰਿਸ਼ਨ ਲਾਲ ਉਰਫ ਬੱਬੂ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਕਤ ਮਾਮਲੇ ਵਿਚ ਦਵਿੰਦਰਪਾਲ ਸਿੰਘ ਉਰਫ ਗੋਪੀ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ। ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਕੇ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ।


Gurminder Singh

Content Editor

Related News