ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਖਤਰਨਾਕ ਗੈਂਗਸਟਰ ਗ੍ਰਿਫਤਾਰ
Friday, Jun 30, 2017 - 07:11 PM (IST)

ਕੁਰਾਲੀ (ਬਠਲਾ) : ਸੀ. ਆਈ. ਏ. ਸਟਾਫ ਰੂਪਨਗਰ ਦੀ ਪੁਲਸ ਪਾਰਟੀ ਨੇ ਪਿੰਡ ਮਕੌੜੀ ਕਲਾਂ ਦੀ ਹੱਦ ਨੇੜੇ ਸਪੈਸ਼ਲ ਨਾਕਾਬੰਦੀ ਦੌਰਾਨ ਗੈਂਗਸਟਰ ਬਾਲ ਕ੍ਰਿਸ਼ਨ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਕਾਲੀ ਬੜੀ ਜ਼ਿਲਾ ਸੋਲਨ (ਹਿਮਾਚਲ ਪ੍ਰਦੇਸ਼) ਨੂੰ ਕਾਬੂ ਕੀਤਾ ਹੈ, ਜਿਸ ਤੋਂ ਦੋ ਕਾਰਤੂਸ ਬਰਾਮਦ ਕੀਤੇ ਗਏ ਹਨ। ਗੈਂਗਸਟਰ ਬਾਲ ਕ੍ਰਿਸ਼ਨ ਦੇ ਸਾਥੀ ਜਸਪ੍ਰੀਤ ਸਿੰਘ ਉਰਫ ਨੂਪੀ ਪੁੱਤਰ ਲਖਵੀਰ ਸਿੰਘ ਵਾਸੀ ਢਾਡੀ ਥਾਣਾ ਕੀਰਤਪੁਰ ਸਾਹਿਬ, ਰਜਿੰਦਰ ਸਿੰਘ ਉਰਫ ਜਿੰਦਰ ਪੁੱਤਰ ਫਤਿਹ ਸਿੰਘ ਵਾਸੀ ਫਲਾਹੀ ਥਾਣਾ ਨਾਲਾਗੜ੍ਹ ਜ਼ਿਲਾ ਸੋਲਨ ਤੇ ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਸੈਕਟਰ-22 ਚੰਡੀਗੜ੍ਹ ਨੇ 2 ਜੂਨ ਨੂੰ ਬੱਸ ਅੱਡਾ ਬੂੰਗਾ ਸਾਹਿਬ ਵਿਖੇ ਦਵਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਲੈਹੜੀਆਂ ਥਾਣਾ ਨੂਰਪੁਰਬੇਦੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ, ਜਿਸ 'ਤੇ ਇਨ੍ਹਾਂ ਖਿਲਾਫ ਥਾਣਾ ਕੀਰਤਪੁਰ ਸਾਹਿਬ ਵਿਖੇ ਮੁਕੱਦਮਾ ਦਰਜ ਸੀ।
ਮੁਕੱਦਮੇ 'ਚ ਮੁਲਜ਼ਮ ਜਸਪ੍ਰੀਤ ਸਿੰਘ ਉਰਫ ਨੂਪੀ, ਰਜਿੰਦਰ ਸਿੰਘ ਉਰਫ ਜਿੰਦਰ ਤੇ ਜਸਪ੍ਰੀਤ ਸਿੰਘ ਉਰਫ ਜੱਸੀ ਨੂੰ ਪਹਿਲਾਂ ਹੀ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਪਰ ਬਾਲ ਕ੍ਰਿਸ਼ਨ ਵਾਰਦਾਤ ਤੋਂ ਬਾਅਦ ਕਾਫੀ ਦਿਨਾਂ ਤੋਂ ਪੁਲਸ ਨੂੰ ਚਕਮਾ ਦਿੰਦਾ ਆ ਰਿਹਾ ਸੀ, ਜਿਸਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਕਾਬੂ ਕੀਤਾ ਗਿਆ।