ਫਿਰੌਤੀ ਲੈ ਕੇ ਕਤਲ ਕਰਨ ਵਾਲਾ ਗੈਂਗ ਗ੍ਰਿਫਤਾਰ

Sunday, Aug 13, 2017 - 08:33 AM (IST)

ਫਿਰੌਤੀ ਲੈ ਕੇ ਕਤਲ ਕਰਨ ਵਾਲਾ ਗੈਂਗ ਗ੍ਰਿਫਤਾਰ

ਮੋਹਾਲੀ  (ਰਾਣਾ) - ਪੁਲਸ ਨੇ ਫਿਰੌਤੀ ਲੈ ਕੇ ਕਤਲ ਕਰਨ ਵਾਲੇ ਗੈਂਗ ਦੇ ਮੁਲਜ਼ਮਾਂ ਨੂੰ ਵੱਡੀ ਮਾਤਰਾ ਵਿਚ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ । ਪੁਲਸ ਨੇ ਬਲੌਂਗੀ ਥਾਣੇ ਵਿਚ ਕੇਸ ਦਰਜ ਕਰਕੇ ਉਨ੍ਹਾਂ ਨੂੰ ਕੋਰਟ ਵਿਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ 2 ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ । ਮੁਲਜ਼ਮਾਂ ਦੀ ਪਛਾਣ ਵਿਪਨ, ਸੁਨੀਲ ਤੇ ਹਰਦੀਪ ਸਿੰਘ ਦੇ ਰੂਪ ਵਿਚ ਹੋਈ ਹੈ । ਪ੍ਰੈੱਸ ਕਾਨਫਰੰਸ ਦੇ ਦੌਰਾਨ ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਪੁਲਸ ਸਭ ਤੋਂ ਪਹਿਲਾਂ ਬਲਟਾਣਾ ਨਿਵਾਸੀ ਰੋਹਿਤ ਨੂੰ ਬਲੌਂਗੀ ਥਾਣੇ ਵਿਚ ਦਰਜ ਇਕ ਕੇਸ ਵਿਚ ਪ੍ਰੋਡੈਕਸ਼ਨ ਵਾਰੰਟ 'ਤੇ ਲੈ ਕੇ ਆਈ ਸੀ । ਮੁਲਜ਼ਮ ਨੇ ਪੁਲਸ ਵਲੋਂ ਕੀਤੀ ਗਈ ਪੁੱਛਗਿੱਛ ਵਿਚ ਦੱਸਿਆ ਕਿ ਕਤਲ ਦੀ ਕੋਸ਼ਿਸ਼ ਦੌਰਾਨ ਉਸਨੇ ਆਪਣੇ ਸਾਥੀ ਰਾਜਿੰਦਰ ਸਿੰਘ ਉਰਫ ਜੌਕਰ ਰਾਹੀਂ ਆਪਣੇ ਹੋਰ ਸਾਥੀਆਂ ਦੀ ਮਦਦ ਨਾਲ ਬਲੌਂਗੀ ਨਿਵਾਸੀ ਹਰਵਿੰਦਰ ਸਿੰਘ 'ਤੇ ਗੋਲੀਆਂ ਚਲਵਾਈਆਂ ਸਨ, ਜਿਸ ਤੋਂ ਬਾਅਦ ਰਾਜਿੰਦਰ ਨੂੰ ਇਕ ਕੇਸ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ, ਨਾਲ ਹੀ ਮੁਲਜ਼ਮ ਰੋਹਿਤ ਨੇ ਇਹ ਵੀ ਕਬੂਲਿਆ ਕਿ ਉਸਨੇ ਜ਼ਿਲਾ ਫਤਿਹਗੜ੍ਹ ਨਿਵਾਸੀ ਵਿਪਨ ਕੁਮਾਰ, ਸੁਨੀਲ ਕੁਮਾਰ ਉਰਫ ਸੀਲੂ ਉਰਫ ਸਿੱਲੀ, ਹਰਦੀਪ ਸਿੰਘ ਉਰਫ ਹੈਪੂ ਵਲੋਂ ਬਣਾਏ ਪਲਾਨ ਤਹਿਤ ਹਰਵਿਦੰਰ 'ਤੇ ਗੋਲੀਆਂ ਚਲਾਈਆਂ ਸਨ । ਉਸੇ ਦਿਨ ਤੋਂ ਮੁਲਜ਼ਮ ਭਗੌੜੇ ਸਨ, ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਸਨ, ਜਿਸ ਤਹਿਤ ਪੁਲਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਚੱਪੜਚਿੜੀ ਨੇੜੇ ਹਨ, ਜਿਸ ਤੋਂ ਬਾਅਦ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ ਤੇ ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ।
ਪੁਲਸ ਨੂੰ ਮੁਲਜ਼ਮ ਵਿਪਨ ਕੋਲੋਂ 32 ਬੋਰ ਦਾ ਪਿਸਤੌਲ ਤੇ 19 ਜ਼ਿੰਦਾ ਕਾਰਤੂਸ, 2 ਪਿਸਤੌਲਾਂ 315 ਬੋਰ ਤੇ 20 ਰੌਂਦ ਜ਼ਿੰਦਾ ਤੇ ਇਕ ਖੋਲ 32 ਬੋਰ, 19 ਜ਼ਿੰਦਾ ਕਾਰਤੂਸ, ਮੁਲਜ਼ਮ ਸੁਨੀਲ ਕੋਲੋਂ ਇਕ ਪਿਸਤੌਲ 32 ਬੋਰ ਤੇ 16 ਜ਼ਿੰਦਾ ਕਾਰਤੂਸ, ਇਕ ਪਿਸਤੌਲ 315 ਬੋਰ ਤੇ 19 ਜ਼ਿੰਦਾ ਕਾਰਤੂਸ ਤੇ ਇਕ ਖੋਲ ਕਾਰਤੂਸ, ਮੁਲਜ਼ਮ ਹਰਦੀਪ ਕੋਲੋਂ ਇਕ ਪਿਸਤੌਲ 30 ਬੋਰ ਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਮੁਲਜ਼ਮਾਂ ਨੇ ਵਾਰਦਾਤ ਦੌਰਾਨ ਜਿਹੜੇ ਮੋਟਰਸਾਈਕਲ ਦੀ ਵਰਤੋਂ ਕੀਤੀ ਸੀ, ਉਹ ਵੀ ਪੁਲਸ ਨੇ ਬਰਾਮਦ ਕਰ ਲਿਆ ਹੈ ।  
ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਪੁੱਛਗਿੱਛ ਵਿਚ ਗੈਂਗ ਦੇ ਮੈਂਬਰਾਂ ਨੇ ਮੰਨਿਆ ਕਿ ਨੀਰਜ ਤੇ ਗੁਰਪ੍ਰੀਤ ਸਿੰਘ ਉਰਫ ਪ੍ਰੀਤੀ, ਵਿਪਨ ਕੁਮਾਰ, ਸੁਨੀਲ ਕੁਮਾਰ ਉਰਫ ਸੀਲੂ ਨੇ ਰੋਪੜ ਦੇ ਸਰਕਾਰੀ ਕਾਲਜ ਵਿਚ ਚੰਨਪ੍ਰੀਤ ਸਿੰਘ ਨੂੰ ਗੋਲੀਆਂ ਮਾਰੀਆਂ ਸਨ । ਇਹ ਕੇਸ ਇਨ੍ਹਾਂ ਖਿਲਾਫ ਰੋਪੜ ਵਿਚ ਦਰਜ ਹੈ ਤੇ ਇਸ ਤੋਂ ਇਲਾਵਾ ਇਸ ਗੈਂਗ ਵਲੋਂ ਹਰਵਿੰਦਰ ਨੂੰ ਇਲਾਜ ਦੌਰਾਨ ਚੰਡੀਗੜ੍ਹ ਪੀ. ਜੀ. ਆਈ. ਵਿਚ ਵੀ ਗੋਲੀ ਮਾਰਨ ਦੀ ਰੇਕੀ ਕੀਤੀ ਜਾ ਰਹੀ ਸੀ । ਮੁਲਜ਼ਮ ਰੋਹਿਤ ਨੇ ਆਪਣੀ ਪਤਨੀ ਰੀਨਾ ਤੋਂ ਰੇਕੀ ਕਰਵਾਈ ਸੀ ਤੇ ਉਸ ਵਲੋਂ ਹਰਵਿੰਦਰ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ, ਜਿਸ ਕਾਰਨ ਰੋਹਿਤ ਨੇ ਰੀਨਾ ਦੀ ਗੱਡੀ ਦਾ ਨੰਬਰ ਤੇ ਫੋਟੋ ਆਪਣੇ ਹੋਰ ਸਾਥੀਆਂ ਨੂੰ ਵਟਸਐਪ 'ਤੇ ਭੇਜੀ ਸੀ । ਇਨ੍ਹਾਂ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਵੱਖ-ਵੱਖ ਪੁਲਸ ਥਾਣਿਆਂ ਵਿਚ ਕੇਸ ਦਰਜ ਹਨ। ਇਹ ਮੁਲਜ਼ਮ ਇਸ ਵਾਰਦਾਤ ਤੋਂ ਇਲਾਵਾ ਇਕ ਹੋਰ ਵਾਰਦਾਤ ਨੂੰ ਫਿਰੌਤੀ ਲੈ ਕੇ ਅੰਜਾਮ ਦੇਣ ਦੀ ਤਿਆਰੀ ਵਿਚ ਸਨ ।  
ਮੁਲਜ਼ਮਾਂ ਖਿਲਾਫ ਕੇਸ ਦਰਜ
ਵਿਪਨ ਕੁਮਾਰ : ਥਾਣਾ ਕੁਰਾਲੀ, ਮੋਹਾਲੀ।  
ਹਰਦੀਪ ਸਿੰਘ : ਥਾਣਾ ਨੰਗਲ ਵਿਚ ਤਿੰਨ ਕੇਸ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਦਰਜ ਹਨ ਤੇ 1 ਕੇਸ ਥਾਣਾ ਊਨਾ ਹਿਮਾਚਲ ਪ੍ਰਦੇਸ਼ ਵਿਚ ਦਰਜ ਹੈ ।


Related News