ਬੈਂਕ ਡਕੈਤੀਆਂ ਕਰਨ ਵਾਲੇ ਗਿਰੋਹ ਦੇ ਛੇ ਮੈਂਬਰ ਕਾਬੂ, ਵੱਡੇ ਖੁਲਾਸੇ ਹੋਣ ਦੀ ਉਮੀਦ
Saturday, Jan 22, 2022 - 04:54 PM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਪੁਲਸ ਨੇ ਵੱਖ-ਵੱਖ ਜ਼ਿਲ੍ਹਿਆਂ ਵਿਚ ਬੈਂਕ ਡਕੈਤੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। 18-19 ਜਨਵਰੀ ਦੀ ਦਰਮਿਆਨੀ ਰਾਤ ਨੂੰ ਪਿੰਡ ਸੀਰਵਾਲੀ ਥਾਣਾ ਬਰੀਵਾਲਾ ਦੇ ਪੰਜਾਬ ਐਂਡ ਸਿੰਧ ਬੈਂਕ ਵਿਖੇ ਰਾਤ ਨੂੰ ਅਣਪਛਾਤੇ ਵਿਅਕਤੀਆ ਵੱਲੋ ਸੀ.ਸੀ.ਟੀ.ਵੀ. ਤੋੜ ਕੇ ਡਕੈਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਸਬੰਧੀ ਥਾਣਾ ਬਰੀਵਾਲਾ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਉਸ ਤੋਂ ਅਗਲੇ ਦਿਨ ਮਿਤੀ 20-21 ਜਨਵਰੀ ਦੀ ਦਰਿਮਆਨੀ ਰਾਤ ਨੂੰ ਪਿੰਡ ਲੁਬਾਣਿਆਂਵਾਲੀ ਥਾਣਾ ਬਰੀਵਾਲਾ ਦੇ ਪੰਜਾਬ ਨੈਸ਼ਨਲ ਬੈਕ ਵਿਚ ਅਣਪਛਾਤੇ ਵਿਅਕਤੀਆ ਵੱਲੋਂ ਗੈਸ ਕਟਰ ਨਾਲ ਸ਼ਟਰ ਕੱਟ ਕੇ ਬੈਕ ਅੰਦਰ ਡਕੈਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋਣ ’ਤੇ ਡਕੈਤਾਂ ਵੱਲੋ ਬੈਂਕ ਵਿਚੋ ਬੈਟਰੀਆਂ, ਐੱਲ.ਈ.ਡੀ. ਕੰਪਿਊਟਰ ਸਕਰੀਨਾਂ, ਸੀ.ਪੀ.ਯੂ (ਕੰਪਿਊਟਰ) ਆਦਿ ਚੋਰੀ ਕਰ ਲਿਆ ਗਿਆ। ਇਸ ਸਬੰਧੀ ਥਾਣਾ ਬਰੀਵਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ। ਪੁਲਸ ਮੁਤਾਬਕ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਇਸ ਸਬੰਧੀ ਸੰਦੀਪ ਕੁਮਾਰ ਮਲਿਕ ਐੱਸ.ਐੱਸ.ਪੀ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਗੁਰਪ੍ਰੀਤ ਸਿੰਘ ਉਪ ਕਪਤਾਨ ਪੁਲਸ ਦੀ ਨਿਗਰਾਨੀ ਹੇਠ ਇੰਸਪੈਕਟਰ ਰਾਜੇਸ਼ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਸ੍ਰੀ ਮੁਕਤਸਰ ਸਾਹਿਬ, ਥਾਣੇਦਾਰ ਰਵਿੰਦਰ ਕੌਰ ਮੁੱਖ ਅਫਸਰ ਥਾਣਾ ਬਰੀਵਾਲਾ ਦੀ ਟੀਮ ਬਣਾਈ ਗਈ।
ਇਸ ਟੀਮ ਨੇ ਟੈਕਨੀਕਲ ਟੀਮ ਲਵਪ੍ਰੀਤ ਸਿੰਘ ਦੀ ਮਦਦ ਨਾਲ ਪਿੰਡ ਸੀਰਵਾਲੀ ਦੇ ਪੰਜਾਬ ਐਂਡ ਸਿੰਧ ਬੈਂਕ ਨੂੰ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰਨ ਅਤੇ ਪਿੰਡ ਲੁਬਾਣਿਆਵਾਲੀ ਵਿਖੇ ਪੀ.ਐੱਨ.ਬੀ ਬੈਂਕ ਦੇ ਸ਼ਟਰ ਨੂੰ ਗੈਸ ਕਟਰ ਨਾਲ ਕੱਟ ਕੇ ਸਮਾਨ ਚੋਰੀ ਕਰਨ ਵਾਲੇ ਅਤੇ ਵੱਖ ਵੱਖ ਜ਼ਿਲ੍ਹਿਆਂ ਵਿਚ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 6 ਮੈਂਬਰਾਂ ਕਾਬੂ ਕੀਤਾ ਹੈ। ਇਨ੍ਹਾਂ ਵਿਚ ਹਰਜਿੰਦਰ ਸਿੰਘ ਉਰਫ ਭੱਟੀ ਪੁੱਤਰ ਪਰਮਪਾਲ ਸਿੰਘ ਵਾਸੀ ਪਿੱਪਲੀ (9 ਮੁਕੱਦਮੇ), ਰੇਸ਼ਮ ਸਿੰਘ ਉਰਫ ਮੋਟਾ ਪੁੱਤਰ ਰਣਜੀਤ ਸਿੰਘ ਵਾਸੀ ਪਿੱਪਲੀ (2 ਮੁਕੱਦਮੇ), ਮਿੱਥਨ ਬੁੱਟਰ ਉਰਫ ਨਿੱਕਾ ਪੁੱਤਰ ਹਰਭਗਵਾਨ ਸਿੰਘ ਵਾਸੀ ਹਸਨ ਭੱਟੀ (3 ਮੁਕੱਦਮੇ), ਸੇਵਾ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਹਸਨ ਭੱਟੀ, ਵਿਪਨ ਸਿੰਘ ਪੁੱਤਰ ਹਰਭਗਵਾਨ ਸਿੰਘ ਵਾਸੀ ਹਸਨ ਭੱਟੀ (1 ਮੁਕੱਦਮਾ), ਸੁਖਮੰਦਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਸੀਰਵਾਲੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ । ਇਨ੍ਹਾਂ ਪਾਸੋਂ 1 ਵਰਨਾ ਕਾਰ, 1 ਮੋਟਰਸਾਈਕਲ, 1 ਦੇਸੀ ਕੱਟਾ ਸਮੇਤ 2 ਜ਼ਿੰਦਾ ਕਾਰਤੂਸ, 4 ਐੱਲ.ਈ.ਡੀ ਕੰਪਿਊਟਰ ਸਕਰੀਨ, 2 ਇਨਵੈਟਰ ਬੈਟਰੇ, 1ਸੀ.ਪੀ.ਯੂ( ਕੰਪਿਊਟਰ) 1 ਕਿਰਪਾਨ ਬਰਾਮਦ ਕੀਤੀ ਗਈ ਹੈ।