ਸ਼੍ਰੀ ਹਨੂੰਮਾਨ ਮੰਦਰ ''ਚ ਵੜ ਕੇ ਬੇਅਦਬੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Thursday, Oct 22, 2026 - 03:46 PM (IST)

ਸ਼੍ਰੀ ਹਨੂੰਮਾਨ ਮੰਦਰ ''ਚ ਵੜ ਕੇ ਬੇਅਦਬੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਲੁਧਿਆਣਾ (ਰਾਜ): ਸ਼ਾਹਪੁਰ ਰੋਡ ਸਥਿਤ ਪ੍ਰਸਿੱਧ ਧਾਰਮਿਕ ਅਸਥਾਨ 'ਸ਼੍ਰੀ ਸੰਕਟ ਮੋਚਨ ਹਨੂੰਮਾਨ ਮੰਦਿਰ' ਵਿਖੇ ਇਕ ਸਿਰਫਿਰੇ ਵਿਅਕਤੀ ਵੱਲੋਂ ਬੇਅਦਬੀ ਅਤੇ ਧਾਰਮਿਕ ਭਾਈਚਾਰਕ ਸਾਂਝ ਵਿਗਾੜਨ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ। ਦੋਸ਼ੀ ਨੇ ਮੰਦਿਰ ਪਰਿਸਰ ਦੇ ਅੰਦਰ ਸਥਾਪਤ ਸ਼੍ਰੀ ਹਨੂੰਮਾਨ ਜੀ ਦੀ ਪਵਿੱਤਰ ਮੂਰਤੀ 'ਤੇ ਅਪਮਾਨ ਕਰਨ ਦੀ ਮੰਦਭਾਵਨਾ ਨਾਲ ਇੱਟ ਮਾਰੀ ਅਤੇ ਹਿੰਦੂ ਧਰਮ ਖਿਲਾਫ ਸ਼ਰੇਆਮ ਅਪਮਾਨਜਨਕ ਸ਼ਬਦ ਕਹੇ। ਧਾਰਮਿਕ ਅਸਥਾਨ ਦੀ ਮਰਿਆਦਾ ਤਾਰ-ਤਾਰ ਕਰਨ ਅਤੇ ਸ਼ਰਧਾਲੂਆਂ ਦੀ ਆਸਥਾ ਨੂੰ ਠੇਸ ਪਹੁੰਚਾਉਣ ਦੀ ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਭਾਰੀ ਰੋਸ ਫੈਲ ਗਿਆ। ਸ਼ਸ਼ੀਕਾਂਤ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਮੁਹੰਮਦ ਯਈਆ ਖਾਨ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਪੁਲਸ ਕੋਲ ਦਰਜ ਕਰਵਾਏ ਗਏ ਅਧਿਕਾਰਤ ਬਿਆਨਾਂ ਵਿਚ ਸ਼ਸ਼ੀਕਾਂਤ ਨੇ ਦੱਸਿਆ ਕਿ ਸ਼ਾਹਪੁਰ ਰੋਡ ਸਥਿਤ ਸ਼੍ਰੀ ਸੰਕਟ ਮੋਚਨ ਹਨੂੰਮਾਨ ਮੰਦਿਰ ਵਿਚ ਸ਼ਰਧਾਲੂ ਪੂਜਾ-ਅਰਚਨਾ ਕਰ ਰਹੇ ਸਨ। ਉਸੇ ਦੌਰਾਨ ਦੋਸ਼ੀ ਗਲਤ ਇਰਾਦੇ ਨਾਲ ਮੰਦਿਰ ਪਰਿਸਰ ਵਿਚ ਦਾਖਲ ਹੋਇਆ। ਉਸ ਨੇ ਬਿਨਾਂ ਕਿਸੇ ਉਕਸਾਵੇ ਦੇ ਹੱਥ ਵਿਚ ਚੁੱਕਿਆ ਇੱਟ ਦਾ ਰੋੜਾ ਸਿੱਧਾ ਭਗਵਾਨ ਸ਼੍ਰੀ ਹਨੂੰਮਾਨ ਜੀ ਦੀ ਪਵਿੱਤਰ ਮੂਰਤੀ ਵੱਲ ਸੁੱਟਿਆ, ਜਿਸ ਨਾਲ ਮੂਰਤੀ ਨੂੰ ਨੁਕਸਾਨ ਪਹੁੰਚਿਆ।

ਚਸ਼ਮਦੀਦਾਂ ਅਤੇ ਸ਼ਿਕਾਇਤਕਰਤਾ ਅਨੁਸਾਰ, ਮੂਰਤੀ 'ਤੇ ਇੱਟ ਦਾ ਟੁਕੜਾ ਸੁੱਟਣ ਤੋਂ ਬਾਅਦ ਵੀ ਦੋਸ਼ੀ ਸ਼ਾਂਤ ਨਹੀਂ ਹੋਇਆ। ਉਸ ਨੇ ਉੱਥੇ ਮੌਜੂਦ ਸ਼ਰਧਾਲੂਆਂ ਦੇ ਸਾਹਮਣੇ ਹਿੰਦੂ ਧਰਮ ਅਤੇ ਦੇਵੀ-ਦੇਵਤਿਆਂ ਪ੍ਰਤੀ ਬੇਹੱਦ ਭੜਕਾਊ ਅਤੇ ਘਟੀਆ ਅਪਸ਼ਬਦ ਬੋਲੇ। ਦੋਸ਼ੀ ਦੀ ਇਸ ਹਰਕਤ ਨਾਲ ਮੰਦਿਰ ਵਿਚ ਨਤਮਸਤਕ ਹੋਣ ਆਏ ਭਗਤਾਂ ਅਤੇ ਸਨਾਤਨ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ। ਲੋਕਾਂ ਦੇ ਰੋਸ ਪ੍ਰਗਟਾਉਣ ਅਤੇ ਇਕੱਠੇ ਹੋਣ 'ਤੇ ਮਾਹੌਲ ਤਣਾਅਪੂਰਨ ਹੋ ਗਿਆ। ਘਟਨਾ ਦੇ ਤੁਰੰਤ ਬਾਅਦ ਸ਼ਿਕਾਇਤਕਰਤਾ ਨੇ ਮੰਦਿਰ ਪ੍ਰਬੰਧਕਾਂ ਦੇ ਸਹਿਯੋਗ ਨਾਲ ਸਥਾਨਕ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਵਿਚ ਲਿਆ।


author

Anmol Tagra

Content Editor

Related News