ਲੋਹੀਆਂ ’ਚ ਟਰਾਂਸਫਾਰਮਰਾਂ ਦਾ ਤੇਲ ਚੋਰੀ ਕਰਨ ਵਾਲਾ ਗਿਰੋਹ ਸਰਗਰਮ, CCTV ’ਚ ਕੈਦ ਹੋਈ ਚੋਰੀ ਦੀ ਵਾਰਦਾਤ
Sunday, Oct 18, 2026 - 09:09 AM (IST)
ਲੋਹੀਆਂ ਖਾਸ (ਹਰਸ਼)-ਲੋਹੀਆਂ ਸ਼ਹਿਰ ਵਿਚ ਬਿਜਲੀ ਦੇ ਟਰਾਂਸਫਾਰਮਰਾਂ ਵਿਚੋਂ ਤੇਲ ਚੋਰੀ ਕਰਨ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਹੋ ਰਹੀਆਂ ਇਨ੍ਹਾਂ ਵਾਰਦਾਤਾਂ ਕਾਰਨ ਪਾਵਰਕਾਮ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਬੀਤੀ ਰਾਤ ਵੀ ਚੋਰਾਂ ਨੇ ਸ਼ਹੀਦ ਭਗਤ ਸਿੰਘ ਚੌਕ ਨੇੜੇ ਜੰਞ ਘਰ ਦੇ ਬਾਹਰ ਲੱਗੇ ਬਿਜਲੀ ਦੇ ਟਰਾਂਸਫਾਰਮਰਾਂ ਨੂੰ ਨਿਸ਼ਾਨਾ ਬਣਾਇਆ। ਇਸ ਸਾਰੀ ਘਟਨਾ ਦੀ ਤਸਵੀਰ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਚੋਰ ਟਾਟਾ 407 ਗੱਡੀ ਰਾਹੀਂ ਆ ਕੇ ਬਿਨਾਂ ਕਿਸੇ ਡਰ ਦੇ ਲੰਬਾ ਸਮਾਂ ਤੇਲ ਚੋਰੀ ਕਰਦੇ ਦਿਖਾਈ ਦੇ ਰਹੇ ਹਨ।
ਇਸ ਸਬੰਧੀ ਪਾਵਰਕਾਮ ਦੇ ਜੇ. ਈ. ਅਮਨਦੀਪ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ ਅਨੁਸਾਰ ਚੋਰ ਰਾਤ ਕਰੀਬ 2.20 ਵਜੇ ਮੌਕੇ ’ਤੇ ਪਹੁੰਚੇ ਅਤੇ 3.30 ਵਜੇ ਉੱਥੋਂ ਰਵਾਨਾ ਹੋਏ। ਇਸ ਦੌਰਾਨ ਉਨ੍ਹਾਂ ਨੇ ਪਹਿਲਾਂ ਇਕ ਟਰਾਂਸਫਾਰਮਰ ਵਿਚੋਂ ਤੇਲ ਕੱਢਿਆ ਜਦਕਿ ਦੂਜੇ ਟਰਾਂਸਫਾਰਮਰ ਵਿਚੋਂ ਤੇਲ ਕੱਢਣ ਦੀ ਕੋਸ਼ਿਸ਼ ਸਫਲ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਟਰਾਂਸਫਾਰਮਰ ਵਿਚੋਂ ਤੇਲ ਨਿਕਲ ਜਾਣ ਕਾਰਨ ਜੇਕਰ ਉਸ ਨੂੰ ਚਾਲੂ ਰੱਖਿਆ ਜਾਵੇ ਤਾਂ ਉਹ ਸੜ ਸਕਦਾ ਹੈ, ਜਿਸ ਨਾਲ ਪਾਵਰਕਾਮ ਨੂੰ ਕਰੀਬ 3.75 ਲੱਖ ਰੁਪਏ ਦਾ ਨੁਕਸਾਨ ਸਹਿਣਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਇਨੋਵਾ ਸਵਾਰ ਬੰਦੇ ਦੇ ਗੋਲ਼ੀਆਂ ਮਾਰ ਕੀਤੇ ਕਤਲ ਮਾਮਲੇ 'ਚ ਪੁਲਸ ਦੇ ਸਨਸਨੀਖ਼ੇਜ਼ ਖ਼ੁਲਾਸੇ
ਜੇ. ਈ. ਅਨੁਸਾਰ ਇਸੇ ਟਰਾਂਸਫਾਰਮਰ ਵਿਚੋਂ ਪਹਿਲਾਂ ਵੀ ਦੋ ਵਾਰ ਤੇਲ ਚੋਰੀ ਕੀਤਾ ਜਾ ਚੁੱਕਾ ਹੈ ਜਦਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਗੁਰਦੁਆਰਾ ਸਾਹਿਬ ਨੇੜੇ ਲੱਗੇ ਟਰਾਂਸਫਾਰਮਰ ਨੂੰ ਵੀ ਚੋਰ ਦੋ ਵਾਰ ਆਪਣਾ ਨਿਸ਼ਾਨਾ ਬਣਾ ਚੁੱਕੇ ਹਨ। ਵਾਰਦਾਤਾਂ ਤੋਂ ਪ੍ਰੇਸ਼ਾਨ ਨੇੜਲੇ ਦੁਕਾਨਦਾਰਾਂ ਨੇ ਕਿਹਾ ਕਿ ਸ਼ਹਿਰ ਵਿੱਚ ਪੁਲਸ ਥਾਣਾ ਮੌਜੂਦ ਹੋਣ ਅਤੇ ਪੁਲਸ ਦੀ 112 ਰੈਪਿਡ ਗੱਡੀ ਦੀ ਲਗਾਤਾਰ ਗਸ਼ਤ ਦੇ ਬਾਵਜੂਦ ਚੋਰਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਕਿਹਾ ਕਿ ਵਾਰ-ਵਾਰ ਹੋ ਰਹੀਆਂ ਚੋਰੀਆਂ ਪੁਲਸ ਦੀ ਚੌਕਸੀ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰਦੀਆਂ ਹਨ। ਉੱਧਰ, ਲੋਹੀਆਂ ਦੇ ਥਾਣਾ ਮੁਖੀ ਸੁਖਵਿੰਦਰਪਾਲ ਸਿੰਘ ਮੁਲਤਾਨੀ ਨੇ ਦੱਸਿਆ ਕਿ ਮਾਮਲੇ ਸਬੰਧੀ ਸ਼ਿਕਾਇਤ ਪ੍ਰਾਪਤ ਹੋ ਚੁੱਕੀ ਹੈ ਅਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
