ਆਈ. ਐੱਸ. ਆਈ. ਲਈ ਕੰਮ ਕਰਨ ਵਾਲੇ ਪਤੀ-ਪਤਨੀ ਗ੍ਰਿਫ਼ਤਾਰ
Friday, Oct 23, 2026 - 09:49 AM (IST)
ਫਿਰੋਜ਼ਪੁਰ (ਕੁਮਾਰ)- ਆਰਮੀ ਇੰਟੈਲੀਜੈਂਸ ਨੇ ਪੰਜਾਬ ਪੁਲਸ ਨਾਲ ਮਿਲ ਕੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਲਈ ਕੰਮ ਕਰਨ ਵਾਲੇ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ’ਤੇ ਦੋਸ਼ ਹੈ ਕਿ ਇਹ ਦੋਵੇਂ ਭਾਰਤੀ ਫ਼ੌਜ ਦੇ ਗੁਪਤ ਟਿਕਾਣਿਆਂ ਦੀ ਜਾਣਕਾਰੀ ਪਾਕਿਸਤਾਨ ਅਤੇ ਮਲੇਸ਼ੀਆ ’ਚ ਬੈਠੇ ਆਈ. ਐੱਸ. ਆਈ. ਦੇ ਹੈਂਡਲਰਾਂ ਰਾਹੀਂ ਸਰਹੱਦ ਪਾਰ ਪਹੁੰਚਾਉਂਦੇ ਸਨ। ਦੋਸ਼ ਇਹ ਵੀ ਹਨ ਕਿ ਫੜੇ ਗਏ ਪਤੀ-ਪਤਨੀ ਪਾਕਿਸਤਾਨੀ ਸਮੱਗਲਰਾਂ ਨੂੰ ਵੀ ਸਰਹੱਦ ਨਾਲ ਜੁੜੀਆਂ ਖ਼ੁਫ਼ੀਆ ਜਾਣਕਾਰੀਆਂ ਉਪਲਬਧ ਕਰਵਾਉਂਦੇ ਸਨ। ਉਨ੍ਹਾਂ ਦੇ ਮੋਬਾਈਲ ’ਚੋਂ ਦੇਸ਼ ਦੀ ਸੁਰੱਖਿਆ ਨਾਲ ਸਬੰਧਤ ਕਈ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਦਸਤਾਵੇਜ਼ ਤੇ ਜਾਣਕਾਰੀਆਂ ਬਰਾਮਦ ਹੋਈਆਂ ਹਨ।
ਸੂਤਰਾਂ ਅਨੁਸਾਰ ਫੜੀ ਗਈ ਔਰਤ ਨਕਲੀ ਪੁਲਸ ਅਧਿਕਾਰੀ ਵਾਲੀ ਬਣ ਕੇ ਲੋਕਾਂ ਨੂੰ ਗੁੰਮਰਾਹ ਕਰਦੀ ਸੀ ਅਤੇ ਇੰਸਟਾਗ੍ਰਾਮ ਤੇ ਸਨੈਪਚੈਟ ਵਰਗੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਰਾਹੀਂ ਫ਼ੌਜ ਦੇ ਜਵਾਨਾਂ ਨੂੰ ਹਨੀ ਟ੍ਰੈਪ ’ਚ ਫਸਾਉਣ ਦੀ ਕੋਸ਼ਿਸ਼ ਕਰਦੀ ਸੀ। ਮਿਲੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਪਤੀ-ਪਤਨੀ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਇਕ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਖ਼ਿਲਾਫ਼ ਆਫ਼ੀਸ਼ੀਅਲ ਸੀਕ੍ਰੇਟਸ ਐਕਟ 1923 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਅਤੇ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਕਈ ਹੋਰ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।
