ਅਨੇਕਾਂ ਸ਼ਖਸੀਅਤਾਂ ਵੱਲੋਂ ਸੁਖਪਾਲ ਖਹਿਰਾ ਦੀ ਮਾਤਾ ਨੂੰ ਸ਼ਰਧਾਂਜਲੀਆਂ ਭੇਟ
Wednesday, Dec 27, 2017 - 07:30 AM (IST)
ਭੁਲੱਥ (ਰਜਿੰਦਰ, ਭੁਪੇਸ਼) - ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਮਾਤਾ ਜੀ ਅਤੇ ਸਾਬਕਾ ਸਿੱਖਿਆ ਮੰਤਰੀ ਸਵ. ਸੁਖਜਿੰਦਰ ਸਿੰਘ ਦੀ ਧਰਮ ਪਤਨੀ ਸਰਦਾਰਨੀ ਮੋਹਿੰਦਰ ਕੌਰ ਜੀ ਦਾ ਸ਼ਰਧਾਂਜਲੀ ਸਮਾਗਮ ਅੱਜ ਉਨ੍ਹਾਂ ਦੇ ਜੱਦੀ ਪਿੰਡ ਰਾਮਗੜ੍ਹ, ਨੇੜੇ ਭੁਲੱਥ ਵਿਖੇ ਆਯੋਜਿਤ ਕੀਤਾ ਗਿਆ, ਜਿਸ ਤੋਂ ਪਹਿਲਾਂ ਉਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ।
ਉਪਰੰਤ ਪਿੰਡ ਰਾਮਗੜ੍ਹ ਦੇ ਫੋਕਲ ਪੁਆਇੰਟ ਵਿਖੇ ਆਯੋਜਿਤ ਸ਼ਰਧਾਂਜਲੀ ਸਮਾਗਮ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਨੇ ਵੈਰਾਗਮਈ ਕੀਰਤਨ ਕੀਤਾ। ਉਪਰੰਤ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸਰਦਾਰਨੀ ਮੋਹਿੰਦਰ ਕੌਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਸ ਪਰਿਵਾਰ ਨੇ ਅਸੂਲਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ ਤੇ ਸਦਾ ਹੱਕ ਤੇ ਸੱਚ ਲਈ ਲੜਾਈ ਲੜੀ। ਸਵਰਗਵਾਸੀ ਸੁਖਜਿੰਦਰ ਸਿੰਘ ਸਾਬਕਾ ਸਿੱਖਿਆ ਮੰਤਰੀ ਵੀ ਉੱਘੇ ਸਿਆਸਤਦਾਨ ਸਨ।
ਆਪਣੇ ਸੰਬੋਧਨ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਮਾਂ ਦਾ ਦਰਜਾ ਸਭ ਤੋਂ ਉੱਤਮ ਹੈ ਅਤੇ ਬੀਬੀ ਮੋਹਿੰਦਰ ਕੌਰ ਜੀ ਵੱਲੋਂ ਦਿੱਤੀ ਗਈ ਕਾਬਲੀਅਤ ਕਾਰਨ ਹੀ ਸੁਖਪਾਲ ਖਹਿਰਾ ਅੱਜ ਰਾਜਨੀਤਕ ਜੀਵਨ ਵਿਚ ਉੱਚੇ ਮੁਕਾਮ 'ਤੇ ਹਨ। ਲੋਕ ਇਨਸਾਫ ਪਾਰਟੀ ਦੇ ਨੇਤਾ ਸਿਮਰਜੀਤ ਸਿੰਘ ਬੈਂਸ ਨੇ ਬਿਰਧ ਆਸ਼ਰਮਾਂ ਵਿਚ ਬਜ਼ੁਰਗਾਂ ਨੂੰ ਭੇਜੇ ਜਾਣ 'ਤੇ ਚਿੰਤਾ ਜ਼ਾਹਿਰ ਕਰਦਿਆਂ ਆਖਿਆ ਕਿ ਮਾਤਾ ਜੀ ਨੂੰ ਸਾਡੀ ਇਹੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਸਾਰੇ ਆਪੋ-ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੀਏ। ਤ੍ਰਿਣਮੂਲ ਕਾਂਗਰਸ ਪੰਜਾਬ ਦੇ ਪ੍ਰਧਾਨ ਜਗਮੀਤ ਸਿੰਘ ਬਰਾੜ ਨੇ ਸੁਖਪਾਲ ਖਹਿਰਾ ਦੇ ਪਿਤਾ ਸਵ. ਸੁਖਜਿੰਦਰ ਸਿੰਘ ਸਾਬਕਾ ਮੰਤਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਲਈ ਇਸ ਪਰਿਵਾਰ ਦਾ ਵੱਡਾ ਯੋਗਦਾਨ ਹੈ।
ਇਸ ਮੌਕੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਡਿਪਟੀ ਲੀਡਰ ਸਰਬਜੀਤ ਕੌਰ ਮਾਣੂਕੇ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਜਥੇਦਾਰ ਰਣਜੀਤ ਸਿੰਘ ਅਤੇ ਕੁਲਦੀਪ ਸਿੰਘ ਕੰਗ ਸਮੇਤ ਅਨੇਕਾਂ ਸ਼ਖਸੀਅਤਾਂ ਵੱਲੋਂ ਬੀਬੀ ਮੋਹਿੰਦਰ ਕੌਰ ਜੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਅਖੀਰ ਵਿਚ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਪੁੱਜੀਆਂ ਸਾਰੀਆਂ ਪਾਰਟੀਆਂ, ਜਥੇਬੰਦੀਆਂ ਤੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਹਰ ਗਮ ਤੇ ਮੁਸ਼ਕਲ 'ਚ ਪੰਜਾਬ ਨਾਲ ਖੜ੍ਹਾ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੁਧਾਰ ਲਈ ਕਿਸੇ ਨੇ ਬਾਹਰੋਂ ਨਹੀਂ ਆਉਣਾ, ਸਗੋਂ ਸਾਨੂੰ ਖੁਦ ਨੂੰ ਹੀ ਹੰਭਲਾ ਮਾਰਨਾ ਪਵੇਗਾ।
ਇਸ ਸਮੇਂ ਸੁਖਪਾਲ ਖਹਿਰਾ ਦੀ ਪਤਨੀ ਜਤਿੰਦਰ ਕੌਰ ਖਹਿਰਾ, ਪੁੱਤਰ ਮਹਿਤਾਬ ਸਿੰਘ ਖਹਿਰਾ, ਬੇਟੀ ਸਿਮਰ ਖਹਿਰਾ ਜੌਹਲ, ਦਾਮਾਦ ਇੰਦਰਬੀਰ ਸਿੰਘ ਜੌਹਲ, ਕੁਲਬੀਰ ਸਿੰਘ ਖਹਿਰਾ ਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ 'ਆਪ' ਦੇ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਜਗਤਾਰ ਸਿੰਘ ਹਿੱਸੋਵਾਲ, ਜਨਰਲ ਸੁਰੇਸ਼ ਖਜੂਰੀਆ, ਭਾਈ ਗੁਰਦੀਪ ਸਿੰਘ ਬਠਿੰਡਾ, ਅਮਰਜੀਤ ਸਿੰਘ ਸਮਰਾ, ਵਿਧਾਇਕ ਓ. ਪੀ. ਸੋਨੀ, ਪ੍ਰੋ. ਕਰਤਾਰ ਸਿੰਘ ਸਚਦੇਵਾ, ਸਾਬਕਾ ਡੀ. ਜੀ. ਪੀ. ਮਹਿਲ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ, ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ, ਕਰਮਪਾਲ ਸਿੰਘ ਸਾਬੀ, ਜਸਬੀਰ ਸਿੰਘ ਲਿੱਟਾਂ, ਕੁਲਵਿੰਦਰ ਸਿੰਘ ਬੱਬਲ, ਭੁੱਟੋ ਭੁੱਲਰ, ਕੁਲਵਿੰਦਰ ਸਿੰਘ ਭੁੱਲਰ, ਸਰਦਾਰੀ ਲਾਲ, ਹਰਜੀਤ ਸਿੰਘ ਬੇਗੋਵਾਲ, ਸ਼ਮਸ਼ੇਰ ਸਿੰਘ ਸ਼ੇਰਾ, ਗੁਲਬਦਨਜੀਤ ਸਿੰਘ ਤੱਖਰ, ਪਲਵਿੰਦਰ ਸਿੰਘ ਭਿੰਡਰ, ਅਮਨਦੀਪ ਸਿੰਘ ਖੱਸਣ, ਕਰਨਦੀਪ ਸਿੰਘ ਖੱਖ ਸਮੇਤ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।
