ਟਰੇਨ ''ਚ ਰਹਿ ਗਿਆ ਬੈਗ ਯਾਤਰੀ ਨੂੰ ਵਾਪਸ ਕਰ ਕੇ ਨਿਭਾਇਆ ਫਰਜ਼
Monday, Aug 12, 2024 - 06:56 PM (IST)
ਜੈਤੋ (ਰਘੁਨੰਦਨ ਪਰਾਸ਼ਰ) : ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਰੇਲ ਗੱਡੀ ਨੰਬਰ 04651 (ਜੈਨਗਰ-ਅੰਮ੍ਰਿਤਸਰ ਐਕਸਪ੍ਰੈਸ) ਦੇ ਟਿਕਟ ਚੈਕਿੰਗ ਸਟਾਫ ਦਾ ਐੱਸ.ਐੱਸ.ਸੀ.ਆਈ.ਟੀ ਸ਼੍ਰੀਮਤੀ ਸ਼ਰਨਜੀਤ ਕੌਰ ਅਤੇ ਟੀ.ਟੀ.ਆਈ ਸ਼੍ਰੀਮਤੀ ਪੂਜਾ ਸ਼ਰਮਾ (ਹੈੱਡਕੁਆਰਟਰ ਅੰਮ੍ਰਿਤਸਰ) ਨੂੰ ਸੰਦੇਸ਼ ਮਿਲਿਆ। ਜਿਸ 'ਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਬੀ-8 ਕੋਚ 'ਚ ਇਕ ਯਾਤਰੀ ਦਾ ਬੈਗ ਰਹਿ ਗਿਆ ਸੀ ਅਤੇ ਯਾਤਰੀ ਆਪਣੇ ਟਿਕਾਣੇ ਵਾਲੇ ਸਟੇਸ਼ਨ ਪੁਰਾਣੀ ਦਿੱਲੀ 'ਤੇ ਉਤਰ ਗਿਆ। ਸੁਨੇਹਾ ਮਿਲਦੇ ਹੀ ਦੋਵਾਂ ਟਿਕਟ ਚੈਕਿੰਗ ਸਟਾਫ਼ ਨੇ ਬੀ-8 ਕੋਚ ਵਿੱਚ ਬੈਗ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਯਾਤਰੀਆਂ ਤੋਂ ਪੁੱਛਗਿੱਛ ਕਰਨ 'ਤੇ ਬੈਗ ਬੀ-8 ਕੋਚ 'ਚੋਂ ਮਿਲਿਆ। ਬੈਗ ਦਾ ਪਤਾ ਲੱਗਦੇ ਹੀ ਟਿਕਟ ਚੈਕਿੰਗ ਸਟਾਫ ਨੇ ਯਾਤਰੀ ਨਾਲ ਸੰਪਰਕ ਕੀਤਾ, ਜਿਸ 'ਚ ਯਾਤਰੀ ਨੇ ਦੱਸਿਆ ਕਿ ਦਿੱਲੀ ਰੇਲਵੇ ਸਟੇਸ਼ਨ 'ਤੇ ਕਾਹਲੀ 'ਚ ਉਤਰਦੇ ਸਮੇਂ ਉਹ ਗਲਤੀ ਨਾਲ ਆਪਣਾ ਬੈਗ ਟਰੇਨ 'ਚ ਭੁੱਲ ਗਿਆ ਸੀ। ਟਿਕਟ ਚੈਕਿੰਗ ਸਟਾਫ਼ ਨੇ ਯਾਤਰੀ ਦਾ ਬੈਗ ਆਰਪੀਐਫ ਪੋਸਟ ਅੰਬਾਲਾ ਨੂੰ ਸੌਂਪਣ ਲਈ ਦਿੱਤਾ। ਯਾਤਰੀ ਨੇ ਭਾਰਤੀ ਰੇਲਵੇ ਦਾ ਧੰਨਵਾਦ ਕੀਤਾ ਅਤੇ ਕੰਮ ਪ੍ਰਤੀ ਰੇਲਵੇ ਸਟਾਫ ਦੀ ਇਮਾਨਦਾਰੀ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਸ੍ਰੀ ਪਰਮਦੀਪ ਸਿੰਘ ਸੈਣੀ ਨੇ ਟਿਕਟ ਚੈਕਿੰਗ ਸਟਾਫ਼ ਨੂੰ ਇਸ ਸ਼ਲਾਘਾਯੋਗ ਕੰਮ ਲਈ ਪ੍ਰਸ਼ੰਸਾ ਪੱਤਰ ਦੇਣ ਦਾ ਐਲਾਨ ਕੀਤਾ ਤਾਂ ਜੋ ਹੋਰ ਟਿਕਟ ਚੈਕਿੰਗ ਸਟਾਫ਼ ਵੀ ਪ੍ਰੇਰਨਾ ਲੈ ਕੇ ਸ਼ਲਾਘਾਯੋਗ ਕੰਮ ਕਰਨ।