ਦੂਜਾ ਵਿਆਹ ਕਰਨ ਵਾਲਾ ਭਗੌੜਾ ਪਤੀ ਦਿੱਲੀ ਤੋਂ ਗ੍ਰਿਫਤਾਰ
Thursday, Nov 23, 2017 - 07:00 AM (IST)

ਜਲੰਧਰ, (ਰਾਜੇਸ਼)- ਪਹਿਲੀ ਪਤਨੀ ਨੂੰ ਬਿਨਾਂ ਤਲਾਕ ਦਿੱਤਿਆਂ ਦੂਜਾ ਵਿਆਹ ਕਰਵਾਉਣ ਵਾਲੇ ਭਗੌੜੇ ਪਤੀ ਨੂੰ ਮਹਿਲਾ ਥਾਣੇ ਦੀ ਪੁਲਸ ਨੇ ਦਿੱਲੀ ਕੋਲੋਂ ਗ੍ਰਿਫਤਾਰ ਕਰ ਲਿਆ ਹੈ। ਮਹਿਲਾ ਥਾਣੇ ਦੀ ਇੰਸਪੈਕਟਰ ਅਵਤਾਰ ਕੌਰ ਨੇ ਦੱਸਿਆ ਕਿ 2003 ਵਿਚ ਸੈਦਾਂ ਗੇਟ ਜਲੰਧਰ ਦੀ ਰਹਿਣ ਵਾਲੀ ਲੜਕੀ ਦਾ ਵਿਆਹ ਲੁਧਿਆਣਾ ਵਾਸੀ ਸਰਬਜੀਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪਹਿਲਾਂ ਪਤੀ ਦਾਜ ਲਈ ਤੰਗ ਕਰਦਾ ਸੀ ਜਿਸ ਲਈ ਪੁਲਸ ਨੇ ਉਸ ਦੇ ਖਿਲਾਫ ਦਾਜ ਲਈ ਤੰਗ ਕੀਤੇ ਜਾਣ ਦੇ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਸੀ। ਮਾਮਲਾ ਦਰਜ ਕਰਨ ਤੋਂ ਬਾਅਦ ਪਤਾ ਲੱਗਾ ਕਿ ਸਰਬਜੀਤ ਨੇ ਬਿਨਾਂ ਪਹਿਲੀ ਪਤਨੀ ਨੂੰ ਤਲਾਕ ਦਿੱਤਿਆਂ ਦੂਜਾ ਵਿਆਹ ਕਰਵਾ ਲਿਆ ਹੈ ਜਿਸ ਤੋਂ ਬਾਅਦ ਪੁਲਸ ਨੇ ਸਰਬਜੀਤ ਦੇ ਖਿਲਾਫ ਧਾਰਾ 494 ਦੇ ਤਹਿਤ ਵੀ ਮਾਮਲਾ ਦਰਜ ਕਰ ਲਿਆ ਪਰ ਬਾਅਦ ਵਿਚ ਸਰਬਜੀਤ ਲੁਧਿਆਣਾ ਤੋਂ ਸ਼ਿਫਟ ਹੋ ਕੇ ਦਿੱਲੀ ਨੇੜੇ ਕਿਤੇ ਰਹਿਣ ਲੱਗਾ। ਕੇਸ ਅਦਾਲਤ ਵਿਚ ਚੱਲਣ ਤੋਂ ਬਾਅਦ ਉਹ ਕੇਸ ਦੀ ਤਰੀਕ 'ਤੇ ਵੀ ਨਹੀਂ ਸੀ ਜਾਂਦਾ ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ। ਹੁਣ ਮਹਿਲਾ ਥਾਣੇ ਦੀ ਇੰਸਪੈਕਟਰ ਅਵਤਾਰ ਕੌਰ ਨੂੰ ਪਤਾ ਲੱਗਾ ਕਿ ਉਹ ਦਿੱਲੀ ਵਿਚ ਕਿਤੇ ਲੁਕ ਕੇ ਰਹਿ ਰਿਹਾ ਹੈ। ਇਸ ਦੀ ਸੂਚਨਾ ਮਿਲਦਿਆਂ ਹੀ ਉਨ੍ਹਾਂ ਏ. ਐੱਸ. ਆਈ. ਪਰਮਿੰਦਰ ਸਿੰਘ ਨਾਲ ਦਿੱਲੀ ਵਿਚ ਪੁਲਸ ਪਾਰਟੀ ਭੇਜ ਕੇ ਛਾਪੇਮਾਰੀ ਕਰਵਾਈ ਤੇ ਉਸਨੂੰ ਉਥੋਂ ਗ੍ਰਿਫਤਾਰ ਕਰ ਲਿਆ। ਇੰਸਪੈਕਟਰ ਅਵਤਾਰ ਕੌਰ ਨੇ ਦੱਸਿਆ ਕਿ ਸਰਬਜੀਤ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।