10 ਕਰੋੜ ਸਰਪਲੱਸ, ਫਿਰ ਵੀ ਵਧਾ ਦਿੱਤਾ ਗਿਆ ਐੱਫ. ਪੀ. ਪੀ. ਸੀ. ਚਾਰਜ
Thursday, Feb 08, 2018 - 07:38 AM (IST)

ਚੰਡੀਗੜ੍ਹ (ਵਿਜੇ) - ਚੰਡੀਗੜ੍ਹ ਦੇ ਬਿਜਲੀ ਵਿਭਾਗ ਕੋਲ ਫਿਊਲ ਐਂਡ ਪਾਵਰ ਪ੍ਰਚੇਜ਼ ਕਾਸਟ ਐਡਜਸਟਮੈਂਟ (ਐੱਫ. ਪੀ. ਪੀ. ਸੀ.) ਦੇ ਨਾਮ 'ਤੇ ਕਰੋੜਾਂ ਰੁਪਏ ਸਰਪਲੱਸ ਪਿਆ ਹੈ, ਬਾਵਜੂਦ ਇਸ ਦੇ ਲੋਕਾਂ ਦੇ ਬਿਜਲੀ ਬਿੱਲ 'ਤੇ ਫਿਰ ਤੋਂ ਬੋਝ ਪਾਉਣ ਦੀ ਤਿਆਰੀ ਕਰ ਲਈ ਗਈ ਹੈ। ਵਿਭਾਗ ਵੱਲੋਂ ਐੱਫ. ਪੀ. ਪੀ. ਸੀ. ਚਾਰਜ ਨੂੰ ਰਿਵਾਈਜ਼ ਕੀਤਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਵਿਭਾਗ ਵੱਲੋਂ ਜੁਆਇੰਟ ਇਲੈਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਕੋਲੋਂ ਜੋ ਟੈਰਿਫ ਪਟੀਸ਼ਨ ਫਾਈਲ ਕੀਤੀ ਗਈ ਹੈ, ਉਸ ਵਿਚ ਅਧਿਕਾਰੀਆਂ ਨੇ ਖੁਦ ਮੰਨਿਆ ਹੈ ਕਿ ਇਸ ਸਮੇਂ ਐੱਫ. ਪੀ. ਪੀ. ਸੀ. ਦਾ ਲਗਭਗ 109.96 ਕਰੋੜ ਰੁਪਏ ਸਰਪਲੱਸ ਹੈ ਪਰ ਫਿਰ ਵੀ ਵਿਭਾਗ ਵੱਲੋਂ ਇਸ ਚਾਰਜ ਨੂੰ ਰਿਵਾਈਜ਼ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਵਿਭਾਗ ਦੀਆਂ ਸਾਰੀਆਂ ਸ਼੍ਰੇਣੀਆਂ ਵਿਚ ਲਗਭਗ 30 ਤੋਂ 40 ਫੀਸਦੀ ਦਾ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ, ਉਥੇ ਹੀ ਵਿਭਾਗ ਦਾ ਕਹਿਣਾ ਹੈ ਕਿ ਜਦੋਂ ਤਕ ਪਿਛਲੇ ਸਾਲਾਂ ਦੌਰਾਨ ਟੈਰਿਫ ਨਾ ਵਧਾਏ ਜਾਣ ਨਾਲ ਜੋ ਉਨ੍ਹਾਂ ਦਾ ਕਰੋੜਾਂ ਦਾ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਨਹੀਂ ਕਰ ਦਿੱਤੀ ਜਾਂਦੀ, ਉਦੋਂ ਤਕ ਐੱਫ. ਪੀ. ਪੀ. ਸੀ. ਲਗਦਾ ਰਹੇਗਾ। ਜਾਣਕਾਰੀ ਅਨੁਸਾਰ ਲਗਭਗ ਤਿੰਨ ਸਾਲਾਂ ਤਕ ਕਮਿਸ਼ਨ ਨੇ ਵਿਭਾਗ ਵੱਲੋਂ ਤੈਅ ਕੀਤੇ ਗਏ ਟੈਰਿਫ ਨੂੰ ਵਧਾਇਆ ਸੀ, ਜਿਸ ਕਾਰਨ ਵਿਭਾਗ ਦਾ ਘਾਟਾ ਵਧ ਕੇ ਕਰੀਬ 483 ਕਰੋੜ ਰੁਪਏ ਤਕ ਪਹੁੰਚ ਗਿਆ ਹੈ। ਹੁਣ ਵਿਭਾਗ ਇਸ ਘਾਟੇ ਨੂੰ ਪੂਰਾ ਕਰਨ ਲਈ ਐੱਫ. ਪੀ. ਪੀ. ਸੀ. ਚਾਰਜ ਨੂੰ ਫਿਰ ਤੋਂ ਵਧਾਉਣ ਜਾ ਰਿਹਾ ਹੈ।