ਮੁਕਤਸਰ ਵਿਖੇ ਡਰੇਨ 'ਚੋਂ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ 'ਚ ਨਵਾਂ ਖ਼ੁਲਾਸਾ, 4 ਦੋਸਤਾਂ ਨੇ ਦਿੱਤੀ ਸੀ ਬੇਰਹਿਮ ਮੌਤ

Monday, Jun 12, 2023 - 01:28 PM (IST)

ਮੁਕਤਸਰ ਵਿਖੇ ਡਰੇਨ 'ਚੋਂ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ 'ਚ ਨਵਾਂ ਖ਼ੁਲਾਸਾ, 4 ਦੋਸਤਾਂ ਨੇ ਦਿੱਤੀ ਸੀ ਬੇਰਹਿਮ ਮੌਤ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ/ਤਨੇਜਾ) : ਪਿੰਡ ਭਾਗਸਰ ਵਿਖੇ ਰਾਮਗੜ੍ਹ ਚੂੰਘਾਂ ਨੂੰ ਜਾਂਦੀ ਸੜਕ ਦੇ ਪੈਂਦੇ ਚੰਦ ਭਾਨ ਡਰੇਨ ਦੇ ਪੁੱਲ ਨੇੜਿਓਂ ਨੌਜਵਾਨ ਗੁਰਪਿੰਦਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਭਾਗਸਰ ਦੀ 10 ਜੂਨ ਨੂੰ ਲਾਸ਼ ਮਿਲੀ ਸੀ। ਇਸ ਮਾਮਲੇ 'ਚ ਨਵਾਂ ਖ਼ੁਲਾਸਾ ਹੋਇਆ ਹੈ ਤੇ ਇਹ ਕਤਲ ਦਾ ਮਾਮਲਾ ਨਿਕਲਿਆ ਹੈ। ਜਾਣਕਾਰੀ ਮੁਤਾਬਕ ਕਤਲ ਗੁਰਪਿੰਦਰ ਸਿੰਘ ਦੇ ਸਾਥੀਆਂ ਨੇ ਵੱਲੋਂ ਹੀ ਕੀਤਾ ਗਿਆ ਹੈ। ਥਾਣਾ ਲੱਖੇਵਾਲੀ ਦੀ ਪੁਲਸ ਨੇ ਬਹੁਤ ਜਲਦੀ ਕਾਰਵਾਈ ਕਰਕੇ ਚਾਰ ਵਿਅਕਤੀਆਂ 'ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਇਨ੍ਹਾਂ ਚਾਰਾਂ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਮੰਤਰੀ ਅਨਮੋਲ ਗਗਨ ਮਾਨ ਦਾ ਵਿਰੋਧੀਆਂ 'ਤੇ ਤਿੱਖਾ ਨਿਸ਼ਾਨਾ, ਕਿਹਾ- ਹੌਕੇ ਨਾ ਲਓ, ਬੈਠਕੇ ਦੇਖੋ

ਇਹ ਜਾਣਕਾਰੀ ਥਾਣਾ ਮੁਖੀ ਪੁਲਸ ਇੰਸਪੈਕਟਰ ਰਮਨ ਕੰਬੋਜ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਜਾਂਚ ਪੜਤਾਲ ਕਰਨ ਤੋਂ ਬਾਅਦ ਇਸ ਮਾਮਲੇ ਵਿੱਚ ਕਾਲਾ ਸਿੰਘ ਪੁੱਤਰ ਹਰਜਿੰਦਰ ਸਿੰਘ, ਵਰਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ, ਜਾਨੀ ਉਰਫ ਦੇਵਾ ਪੁੱਤਰ ਦਰਸ਼ਨ ਸਿੰਘ ਅਤੇ ਰਵਿੰਦਰ ਸਿੰਘ ਉਰਫ ਕਾਲੂ ਪੁੱਤਰ ਇਕਬਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਪਿੰਡ ਭਾਗਸਰ ਦੇ ਵਸਨੀਕ ਹਨ। ਇਨ੍ਹਾਂ ਚਾਰਾਂ ਨੇ ਮਿਲ ਕੇ ਗੁਰਪਿੰਦਰ ਸਿੰਘ ਉਰਫ ਪਿੰਦਰ ਦਾ ਕਤਲ ਕੀਤਾ ਸੀ।

ਇਹ ਵੀ ਪੜ੍ਹੋ-  ਪਹਿਲਾਂ ਦੋਸਤ ਨੂੰ ਫੋਨ ਕਰ ਖ਼ੁਦਕੁਸ਼ੀ ਕਰਨ ਦੀ ਕਹੀ ਗੱਲ, ਫਿਰ ਉਸ ਦੇ ਸਾਹਮਣੇ ਇੰਝ ਲਾਇਆ ਮੌਤ ਨੂੰ ਗਲੇ

ਉਨ੍ਹਾਂ ਦੱਸਿਆ ਕਿ ਮਰਨ ਵਾਲੇ ਨੌਜਵਾਨ ਦੇ ਪਿਤਾ ਸਰਬਜੀਤ ਸਿੰਘ ਪੁੱਤਰ ਰਸਾਲਾ ਸਿੰਘ ਨੇ ਪੁਲਸ ਕੋਲ ਬਿਆਨ ਦਿੱਤਾ ਹੈ ਕਿ ਉਸ ਦਾ ਪੁੱਤਰ ਚੋਰੀ ਨਾਜਾਇਜ਼ ਸ਼ਰਾਬ ਵੇਚਦਾ ਸੀ ਤੇ ਇਹ ਸਾਰੇ ਅਕਸਰ ਹੀ ਇਕੱਠੇ ਰਹਿੰਦੇ ਸਨ। ਇਨ੍ਹਾਂ ਦਾ ਆਪਸ ਵਿੱਚ ਮੋਬਾਈਲ ਫੋਨ ਨੂੰ ਲੈ ਕੇ ਪੈਸਿਆਂ ਦਾ ਕੋਈ ਰੌਲਾ ਵੀ ਪਿਆ ਸੀ ਤੇ ਉਹ ਮੇਰੇ ਪੁੱਤਰ ਨੂੰ ਧਮਕੀਆਂ ਦਿੰਦੇ ਸਨ। ਇਨ੍ਹਾਂ ਚਾਰਾਂ ਨੇ ਗੁਰਪਿੰਦਰ ਸਿੰਘ ਪਿੰਦਰ ਨੂੰ ਮਾਰ ਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਚੰਦ ਭਾਨ ਡਰੇਨ ਵਿਚ ਸੁੱਟ ਦਿੱਤਾ ਸੀ। ਪੁਲਸ ਇੰਸਪੈਕਟਰ ਰਮਨ ਕੰਬੋਜ ਨੇ ਦੱਸਿਆ ਕਿ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਦੱਸ ਦੇਈਏ ਕਿ ਗੁਰਪਿੰਦਰ ਸਿੰਘ 7 ਤਾਰੀਖ਼ ਤੋਂ ਲਾਪਤਾ ਸੀ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News