ਨਸ਼ੇੜੀ ਦੋਸਤਾਂ ਨੇ ਵਿਅਕਤੀ ਨੂੰ ਉਤਾਰਿਆ ਮੌਤ ਦੇ ਘਾਟ, ਲਾਸ਼ ਖੁਰਦ-ਬੁਰਦ ਕਰਨ ਲਈ ਨਹਿਰ ’ਚ ਸੁੱਟੀ
Friday, Aug 19, 2022 - 04:46 PM (IST)
ਪਾਇਲ (ਵਿਨਾਇਕ) : ਥਾਣਾ ਪਾਇਲ ਪੁਲਸ ਨੇ ਪਿੰਡ ਧਮੋਟ ਕਲਾਂ ‘ਚ ਪਿਛਲੇ ਦਿਨੀਂ ਨਸ਼ੇੜੀ ਦੋਸਤਾ ਵੱਲੋਂ ਇਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦੇਣ ਉਪਰੰਤ ਉਸਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਸਰਹਿੰਦ ਨਹਿਰ ’ਚ ਵਹਾ ਦੇਣ ਦੇ ਦੋਸ਼ ਹੇਠ ਦੋ ਨੂੰ ਕਾਬੂ ਕਰਕੇ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਬਾਅਦ ਵਿਚ ਕਥਿਤ ਮੁਲਜ਼ਮਾਂ ਦੀ ਪਹਿਚਾਣ ਲਵਪ੍ਰੀਤ ਸਿੰਘ ਉਰਫ ਬੱਬਲੂ ਪੁੱਤਰ ਮੁਖਤਿਆਰ ਸਿੰਘ ਅਤੇ ਜਗਦੀਪ ਸਿੰਘ ਉਰਫ ਜੱਗੂ ਪੁੱਤਰ ਦਲਵਿੰਦਰ ਸਿੰਘ ਵਾਸੀ ਪਿੰਡ ਧਮੋਟ ਕਲਾਂ, ਥਾਣਾ ਪਾਇਲ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਾਇਲ ਦੇ ਡੀ.ਐਸ.ਪੀ. ਹਰਸਿਮਰਤ ਸਿੰਘ ਛੇਤਰਾ ਪੀ.ਪੀ.ਐੱਸ ਨੇ ਦੱਸਿਆ ਕਿ ਥਾਣੇਦਾਰ ਅਮਰੀਕ ਸਿੰਘ ਮੁੱਖ ਅਫਸਰ ਥਾਣਾ ਪਾਇਲ ਵੱਲੋਂ ਕੀਤੀ ਗਈ ਜਾਂਚ ਪੜਤਾਲ ਦੌਰਾਨ ਇਹ ਅੰਨ੍ਹੇ ਕਤਲ ਦਾ ਮਾਮਲਾ ਹੱਲ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ 16 ਅਗਸਤ ਨੂੰ ਮ੍ਰਿਤਕ ਜਗਦੇਵ ਸਿੰਘ ਉਰਫ ਕਾਲਾ (45 ਸਾਲ) ਪੁੱਤਰ ਹਰੀ ਸਿੰਘ ਵਾਸੀ ਪਿੰਡ ਧਮੋਟ ਕਲਾਂ ਥਾਣਾ ਪਾਇਲ ਜ਼ਿਲ੍ਹਾ ਲੁਧਿਆਣਾ ਸ਼ਾਮ 6 ਵਜੇ ਕਰੀਬ ਆਪਣੀ ਮੋਟਰ ’ਤੇ ਖੇਤਾਂ ਵਿਚੋਂ ਪਸ਼ੂਆਂ ਲਈ ਪੱਠੇ ਵੱਢਣ ਲਈ ਗਿਆ ਸੀ ਅਤੇ ਕਾਫੀ ਰਾਤ ਸਮੇਂ ਜਦੋਂ ਉਹ ਘਰ ਵਾਪਿਸ ਨਾ ਪਰਤਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਭਾਲ ਕਰਦੇ ਹੋਏ ਮੋਟਰ ’ਤੇ ਪੁੱਜੇ ਤਾਂ ਜਗ੍ਹਾ-ਜਗ੍ਹਾ ਖੂਨ ਖਿਲਰਿਆ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਉਪਰੰਤ ਇਸ ਘਟਨਾ ਦੀ ਸੂਚਨਾਂ ਪੁਲਸ ਨੂੰ ਦਿੱਤੀ ਗਈ। ਪਾਇਲ ਪੁਲਸ ਨੇ ਇਸ ਘਟਨਾ ਸਬੰਧੀ ਦਲਵਿੰਦਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਧਮੋਟ ਕਲਾਂ, ਥਾਣਾ ਪਾਇਲ ਜਿਲਾ ਲੁਧਿਆਣਾ ਦੇ ਬਿਆਨਾਂ ਦੇ ਆਧਾਰ ‘ਤੇ ਉਸਦੇ ਭਰਾ ਜਗਦੇਵ ਸਿੰਘ ਉਰਫ ਕਾਲਾ ਦੇ ਸੱਟਾ ਮਾਰਕੇ ਕਤਲ ਕਰਨ ਦੀ ਨੀਅਤ ਨਾਲ ਉਸਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾ ਕਰਕੇ ਆਪਣੇ ਕਬਜ਼ੇ ਵਿਚ ਰੱਖਣ ਸਬੰਧੀ ਮੁਕੱਦਮਾ ਨੰਬਰ 86 ਮਿਤੀ 17.08.2022 ਧਾਰਾ 364 ਆਈ. ਪੀ. ਸੀ. ਤਹਿਤ ਥਾਣਾ ਪਾਇਲ ਵਿਖੇ ਦਰਜ ਰਜਿਸਟਰ ਕਰਕੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ।
ਡੀ.ਐੱਸ.ਪੀ. ਛੇਤਰਾ ਨੇ ਅੱਗੇ ਦੱਸਿਆ ਕਿ ਦੌਰਾਨੇ ਤਫਤੀਸ਼ ਮਿਤੀ 18 ਅਗਸਤ 2022 ਨੂੰ ਮ੍ਰਿਤਕ ਜਗਦੇਵ ਸਿੰਘ ਉਰਫ ਕਾਲਾ ਦੀ ਲਾਸ਼ ਸਰਹਿੰਦ ਨਹਿਰ ਵਿਚੋਂ ਪਿੰਡ ਜਰਗ ਨੇੜਿਓਂ ਮਿਲਣ ਉਪਰੰਤ ਉੁਕਤ ਮੁਕੱਦਮੇ ’ਚ ਧਾਰਾ 364 ਆਈ. ਪੀ. ਸੀ. ਦਾ ਘਾਟਾ ਕਰਕੇ ਜੁਰਮ 302, 201, 34 ਆਈ. ਪੀ. ਸੀ. ਦਾ ਵਾਧਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਥਾਣਾ ਪਾਇਲ ਦੇ ਐੱਸ.ਐੱਚ.ਓ. ਅਮਰੀਕ ਸਿੰਘ ਨੇ ਇਸ ਮੁਕੱਦਮੇ ਦੀ ਤਫਤੀਸ਼ ਨੂੰ ਡੂੰਘਾਈ ਅਤੇ ਵਿਗਿਆਨਕ ਢੰਗ ਨਾਲ ਅੱਗੇ ਵਧਾਉਂਦੇ ਹੋਏ ਦੋਵੇਂ ਮੁਲਜ਼ਮਾਂ ਲਵਪ੍ਰੀਤ ਸਿੰਘ ਉਰਫ ਬੱਬਲੂ ਅਤੇ ਜਗਦੀਪ ਸਿੰਘ ਉਰਫ ਜੱਗੂ ਨੂੰ ਗ੍ਰਿਫਤਾਰ ਕਰ ਲਿਆ। ਡੀ.ਐੱਸ.ਪੀ. ਨੇ ਅੱਗੇ ਦੱਸਿਆ ਕਿ ਦੋਸ਼ੀ ਲਵਪ੍ਰੀਤ ਸਿੰਘ ਉਰਫ ਬੱਬਲੂ ਦੇ ਖ਼ਿਲਾਫ ਪਹਿਲਾਂ ਵੀ ਅਪਰਾਧਕ ਮੁਕੱਦਮੇ ਦਰਜ ਹਨ। ਮ੍ਰਿਤਕ ਜਗਦੇਵ ਸਿੰਘ ਉਰਫ ਕਾਲਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਇਸ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਜੇਕਰ ਹੋਰ ਕਿਸੇ ਦੋਸ਼ੀ ਜਾਂ ਦੋਸ਼ੀਆਂ ਦਾ ਨਾਮ ਸਾਹਮਣੇ ਆਇਆ ਤਾਂ ਉਨ੍ਹਾਂ ਦੀ ਵੀ ਉਕਤ ਮੁਕੱਦਮੇ ਵਿੱਚ ਗ੍ਰਿਫਤਾਰੀ ਪਾ ਕੇ ਜਾਂਚ ਅੱਗੇ ਵਧਾਈ ਜਾਵੇਗੀ।
ਇਸ ਮੌਕੇ ਥਾਣਾ ਪਾਇਲ ਦੇ ਐੱਸ.ਐੱਚ.ਓ. ਅਮਰੀਕ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਲਵਪ੍ਰੀਤ ਸਿੰਘ ਉਰਫ ਬੱਬਲੂ ਅਤੇ ਜਗਦੀਪ ਸਿੰਘ ਉਰਫ ਜੱਗੂ ਅਤੇ ਮ੍ਰਿਤਕ ਜਗਦੇਵ ਸਿੰਘ ਉਰਫ ਕਾਲਾ ਪਹਿਲਾ ਦੋਸਤ ਹੋਇਆ ਕਰਦੇ ਸਨ ਅਤੇ ਕਾਫੀ ਸਮਾਂ ਪਹਿਲਾਂ ਇਨ੍ਹਾਂ ਤਿੰਨ੍ਹਾਂ ਵਿਚਕਾਰ ਝਗੜਾ ਹੋ ਗਿਆ ਸੀ, ਬਾਅਦ ਵਿਚ ਜਿਸ ਨੂੰ ਮੋਹਤਵਰ ਵਿਅਕਤੀਆਂ ਨੇ ਮਿਲ ਬੈਠ ਕੇ ਨਿਪਟਾ ਦਿੱਤਾ ਸੀ ਅਤੇ ਵਾਰਦਾਤ ਸਮੇਂ ਮੁਲਜ਼ਮ, ਮ੍ਰਿਤਕ ਦੀ ਮੋਟਰ ਨੇੜੇ ਭੰਗ (ਨਸ਼ੀਲਾ ਪਦਾਰਥ) ਪੀ ਰਹੇ ਸਨ, ਜਿਸ ਨੂੰ ਲੈ ਕੇ ਇਨ੍ਹਾਂ ਵਿਚਕਾਰ ਝਗੜਾ ਹੋਇਆ ਸੀ ਅਤੇ ਮੁਲਜ਼ਮਾਂ ਨੇ ਜਗਦੇਵ ਸਿੰਘ ਉਰਫ ਕਾਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਪਾਇਲ ਵਿਖੇ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ, ਉਪਰੰਤ ਮੁਲਜ਼ਮਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਅਹਿਮ ਖੁਲਾਸੇ ਹੋਣ ਦੀ ਪੂਰਨ ਸੰਭਾਵਨਾ ਹੈ।