ਕਿਸ਼ਤੀ ਦੌੜਾਂ ਦੀ ਸੁਲਤਾਨਪੁਰ ਲੋਧੀ ''ਚ ਦਿੱਤੀ ਜਾ ਰਹੀ ਹੈ ਮੁਫ਼ਤ ਸਿਖਲਾਈ

12/16/2018 8:11:49 PM

ਸੁਲਤਾਨਪੁਰ ਲੋਧੀ— ਪੰਜਾਬ ਵਿੱਚ ਪਾਣੀਆਂ ਦੀਆਂ ਦੌੜਾਂ ਨੂੰ ਉਤਸ਼ਾਹਿਤ ਕਰਨ ਲਈ ਚੱਲ ਰਹੇ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਸੁਲਤਾਨਪੁਰ ਲੋਧੀ 'ਚ ਪਵਿੱਤਰ ਵੇਈਂ 'ਚ ਕਿਸ਼ਤੀ ਦੌੜਾਂ ਲਈ ਪੰਜ ਸੂਬਿਆਂ ਦੇ ਖਿਡਾਰੀਆਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ । ਸੈਂਟਰ ਵਿੱਚ ਖਿਡਾਰੀਆਂ ਨੂੰ ਸਿਖਲਾਈ ਦੇ ਰਹੇ ਕੋਚ ਅਮਨਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਉੱਤਰ ਪ੍ਰਦੇਸ਼, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਪੰਜਾਬ ਦੇ ਖਿਡਾਰੀਆਂ ਨੂੰ ਕਿਸ਼ਤੀ ਦੌੜਾਂ ਲਈ ਇੱਥੇ ਮੁਫਤ ਸਿਖਲਾਈ ਦਿੱਤੀ ਜਾ ਰਹੀ ਹੈ । ਉੱਥੇਂ ਹੀ ਦੂਸਰੇ ਸੂਬਿਆਂ ਤੋ ਆਏ ਖਿਡਾਰੀਆਂ ਦਾ ਕਹਿਣਾ ਹੈ ਕਿ ਹੋਰ ਸੈਂਟਰਾਂ ਵਿੱਚ ਉਨ੍ਹਾਂ ਨੂੰ ਸਿਖਲਾਈ ਪ੍ਰਾਪਤ ਕਰਨ ਲਈ ਹਰ ਮਹੀਨੇ 10 ਤੋਂ 12 ਹਾਜ਼ਾਰ ਰੁਪਏ ਸਿਖਲਾਈ ਲੈਣ ਲਈ ਖਰਚਣੇ ਪੈਂਦੇ ਸੀ ਜੋ ਇੱਥੇ ਮੁਫਤ ਹੈ ਇਸ ਨਾਲ ਗਰੀਬ ਘਰਾਂ ਦੇ ਹੋਣਹਾਰ ਖਿਡਾਰੀਆਂ ਨੂੰ ਵੀ ਮੌਕਾ ਮਿਲ ਰਿਹਾ ਹੈ । ਜਿਕਰਯੋਗ ਹੈ ਕਿ ਇਸ ਸੈਂਟਰ 'ਚ ਸਾਲ 2014 'ਚ ਗੁਰੂ ਨਾਨਕ ਕੱਪ ਅਤੇ ਸਾਲ 2016 'ਚ ਨੈਸ਼ਨਲ ਚੈਪੀਅਨਸ਼ਿਪ ਹੋ ਚੁੱਕੀ ਹੈ।
ਕੋਚ ਸ੍ਰੀ ਖਹਿਰਾ ਨੇ ਕਿਹਾ ਕਿ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪ੍ਰੇਰਨਾ ਸਦਕਾ ਹੀ ਇੱਥੇ ਇਹ ਸੈਂਟਰ ਸਥਾਪਤ ਹੋ ਸਕਿਆ ਜੋ ਪੰਜਾਬ ਦਾ ਪਹਿਲਾਂ ਅਜਿਹਾ ਸੈਂਟਰ ਹੈ ਜਿਹੜਾ ਮੁਫਤ ਸਿਖਲਾਈ ਦੇ ਰਿਹਾ ਹੈ। ਪੰਜਾਬ 'ਚ ਕਿਸ਼ਤੀ ਦੀਆਂ ਦੌੜਾਂ ਵੀ ਪਹਿਲੀਵਾਰ ਇੱਥੇ ਵੇਈਂ 'ਤੇ ਹੀ ਸ਼ੁਰੂ ਕਰਵਾਈਆਂ ਗਈਆਂ ਸਨ ।
'ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ' ਦੀ ਨਿਵੇਕਲੀ ਪਛਾਣ ਏਸੇ ਕਰਕੇ ਵੀ ਹੈ ਕਿ ਇਸ ਸੈਂਟਰ 'ਚ ਖਿਡਾਰੀਆਂ ਨੂੰ ਮੁਫਤ ਵਿੱਚ ਕੋਚਿੰਗ ਦੇ ਨਾਲ ਨਾਲ ਰਿਹਾਇਸ਼ ਅਤੇ ਖਾਣਾ ਵੀ ਮੁਫਤ ਮੁਹੱਈਆ ਕਰਵਾਇਆ ਜਾ ਰਿਹਾ ਹੈ । ਇਹ ਸੈਂਟਰ 2015 ਵਿੱਚ ਪਾਣੀ ਵਾਲੀਆਂ ਖੇਡਾਂ ਨੂੰ ਮੁੱਖ ਰੱਖ ਕੇ ਖੋਲਿਆ ਗਿਆ ਸੀ । ਇਸ ਸੈਂਟਰ ਨੇ ਕਈ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਖਿਡਾਰੀ ਪੈਦਾ ਕੀਤੇ ਹਨ । ਕਈ ਖਿਡਾਰੀ ਵੱਖ-ਵੱਖ ਸਰਕਾਰੀ ਮਹਿਕਮਿਆਂ ਵਿੱਚ ਰੋਜਗਾਰ ਵੀ ਪ੍ਰਪਾਤ ਕਰ ਚੁੱਕੇ ਹਨ।
ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਖੇਡਾਂ ਤੋਂ ਇਲਾਵਾ ਨੈਤਿਕ, ਧਾਰਮਿਕ ਅਤੇ ਸਮਾਜਿਕ ਜਿੰਮੇਵਾਰੀਆਂ ਵੀ ਸਿਖਾਈਆਂ ਜਾਦੀਆਂ ਹਨ । ਖੇਡਾਂ ਦੇ ਨਾਲ-ਨਾਲ ਖਿਡਾਰੀ ਸੇਵਾ ਦੇ ਕੰਮਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਉਦੇ ਹਨ।


Related News