ਫ਼ੌਜ ''ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਚੰਗੀ ਖ਼ਬਰ, ਦਿੱਤੀ ਜਾਵੇਗੀ ਮੁਫ਼ਤ ਸਿਖਲਾਈ
Tuesday, Nov 16, 2021 - 01:19 PM (IST)
ਬਠਿੰਡਾ (ਵਰਮਾ) : ਪੰਜਾਬ ਸਰਕਾਰ ਦੇ ਰੁਜ਼ਗਾਰ ਉੱਤਪਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਵੱਲੋਂ ਬਠਿੰਡਾ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਫ਼ੌਜ ਦੀ ਭਰਤੀ ਲਈ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਸਿਖਲਾਈ ਲੈਣ ਦੇ ਚਾਹਵਾਨ ਨੌਜਵਾਨਾਂ ਦੇ 17 ਅਤੇ 18 ਨਵੰਬਰ 2021 ਨੂੰ ਟ੍ਰਾਇਲ ਲਏ ਜਾਣਗੇ। ਸਿਖਲਾਈ ਸਬੰਧੀ ਲਾਏ ਜਾ ਰਹੇ ਕੈਂਪ ਬਾਰੇ ਹੋਰ ਜਾਣਕਾਰੀ ਦਿੰਦਿਆਂ ਕੈਂਪ ਇੰਚਾਰਜ ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਫ਼ੌਜ ’ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ, ਜਿਨ੍ਹਾਂ ਦੀ ਵਿੱਦਿਅਕ ਯੋਗਤਾ 10ਵੀਂ ਘੱਟੋ-ਘੱਟ 45 ਫ਼ੀਸਦੀ ਨੰਬਰਾਂ ਨਾਲ ਜਾਂ 12ਵੀਂ ਪਾਸ ਹੋਵੇ, ਕੱਦ 170 ਸੈਂਟੀਮੀਟਰ, ਛਾਤੀ 77 ਸੈਂਟੀਮੀਟਰ, ਫੁਲਾਕੇ 82 ਸੈਂਟੀਮੀਟਰ ਉਮਰ 17.5 ਤੋਂ 21 ਸਾਲ ਦਰਮਿਆਨ ਹੋਵੇ ਹਿੱਸਾ ਲੈ ਸਕਦੇ ਹਨ।
ਕੈਂਪ ਇੰਚਾਰਜ ਸੰਧੂ ਨੇ ਕਿਹਾ ਕਿ ਚਾਹਵਾਨ ਨੌਜਵਾਨ 17 ਅਤੇ 18 ਨਵੰਬਰ ਨੂੰ ਸਵੇਰੇ 9 ਵਜੇ 10ਵੀਂ, 12ਵੀਂ ਦੇ ਅਸਲ ਸਰਟੀਫਿਕੇਟ ਸਮੇਤ ਫੋਟੋ ਕਾਪੀਆਂ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ, 2 ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਆਦਿ ਲੈ ਕੇ ਸੀ-ਪਾਈਟ ਕੈਂਪ ਕਾਲਝਰਾਣੀ ਵਿਖੇ ਸਕਰੀਨਿੰਗ ਟੈਸਟ, ਟ੍ਰਾਇਲ ਲਈ ਪਹੁੰਚ ਸਕਦੇ ਹਨ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਪੰਜਾਬ ਸਰਕਾਰ ਵੱਲੋਂ ‘ਕੋਵਿਡ-19’ ਸਬੰਧੀ ਸਮੇਂ-ਸਮੇਂ ’ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ। ਵਧੇਰੇ ਜਾਣਕਾਰੀ ਲਈ 98148-50214, 93167-13000, 94641-52013 ’ਤੇ ਦਫ਼ਤਰੀ ਕੰਮ-ਕਾਜ ਦੇ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ।