7 ਕਰੋੜ ਦੀ ਲਾਗਤ ਨਾਲ ਬਣੇਗਾ ਫ੍ਰੀ ਦਿ-ਹਿਊਮੈਨਿਟੀ ਹਸਪਤਾਲ : ਗੁੱਗੂ

07/20/2017 4:08:35 PM


ਬਟਾਲਾ(ਬੇਰੀ)- ਅੱਜ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਭ ਦਾ ਭਲਾ ਹਿਊਮੈਨਿਟੀ ਕਲੱਬ ਦੇ ਸਰਪ੍ਰਸਤ ਅਤੇ ਉੱਘੇ ਸਮਾਜ ਸੇਵਕ ਨਵਤੇਜ ਸਿੰਘ ਗੁੱਗੂ ਨੇ ਦੱਸਿਆ ਕਿ 7 ਕਰੋੜ ਦੀ ਲਾਗਤ ਨਾਲ ਦਿ-ਹਿਊਮੈਨਿਟੀ ਹਸਪਤਾਲ ਬਟਾਲਾ ਵਿਖੇ ਤਿਆਰ ਹੋ ਰਿਹਾ ਹੈ, ਜਿਸ ਵਿਚ ਉੱਚ ਪੱਧਰੀ ਤਕਨੀਕੀ ਟੈਸਟ ਮਸ਼ੀਨਾਂ ਅਤੇ ਸਪੈਸ਼ਲਿਸਟ ਮਾਹਿਰ ਡਾਕਟਰ ਮੁਹੱਈਆ ਕਰਵਾਏ ਜਾਣਗੇ ਅਤੇ ਉਨ੍ਹਾਂ ਵੱਲੋਂ ਲੋੜਵੰਦ ਲੋਕਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਦਫਤਰ ਅੱਗੇ ਇਕ ਮੈਡੀਕਲ ਸਟੋਰ ਖੋਲ੍ਹਿਆ ਹੈ, ਜਿਸ ਵਿਚ ਰੋਜ਼ਾਨਾ ਕਰੀਬ 400 ਲੋੜਵੰਦ ਲੋਕਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ। 
ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਹੁਣ ਤੱਕ 100 ਦੇ ਕਰੀਬ ਕੈਂਸਰ ਮਰੀਜ਼ਾਂ ਦਾ ਇਲਾਜ ਕਰਵਾਇਆ ਜਾ ਚੁੱਕਾ ਹੈ ਅਤੇ ਹਰ-ਰੋਜ਼ 40 ਤੋਂ 50 ਲੋੜਵੰਦ ਲੋਕਾਂ ਦੇ ਅਲਟਰਾਸਾਊਂਡ ਅਤੇ ਸੀ. ਟੀ. ਸਕੈਨ ਕਲੱਬ ਵੱਲੋਂ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਲੱਬ ਨੂੰ ਹੱਡੀਆਂ ਅਤੇ ਜੋੜਾਂ ਲਈ ਐੱਨ. ਆਰ. ਆਈ. ਸੰਦੀਪ ਕੌਰ ਹੁੰਦਲ ਵੱਲੋਂ 15 ਲੱਖ ਦੀ ਮਸ਼ੀਨ ਦਾਨ ਵਜੋਂ ਦਿੱਤੀ ਗਈ ਹੈ ਅਤੇ ਇਸਦੇ ਨਾਲ-ਨਾਲ ਪੇਟ ਦੇ ਆਪ੍ਰੇਸ਼ਨਾਂ ਲਈ 15 ਲੱਖ ਦੀ ਲੈਪਰੋਸਕੋਪਿਕ ਮਸ਼ੀਨ ਜਗਦੀਪ ਸਿੰਘ ਐੱਨ. ਆਰ. ਆਈ ਵੱਲੋਂ ਕਲੱਬ ਨੂੰ ਦਾਨ ਵਿਚ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ 2 ਲੱਖ ਰੁਪਏ ਦੀ ਐਕਸਰੇ ਮਸ਼ੀਨ ਡਾ. ਗੁਰਦੀਪ ਸਿੰਘ ਪੰਜਗਰਾਈਆਂ ਵੱਲੋਂ ਉਨ੍ਹਾਂ ਦੇ ਹਸਪਤਾਲ ਨੂੰ ਦਿੱਤੀ ਗਈ ਹੈ। ਨਵਤੇਜ ਗੁੱਗੂ ਨੇ ਅੱਗੇ ਦੱਸਿਆ ਕਿ ਇਹ ਸਾਰਾ ਸਹਿਯੋਗ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਬੈਠੇ ਐੱਨ. ਆਰ. ਆਈ., ਆਰਮੀ ਅਫਸਰ ਅਤੇ ਪੁਲਸ ਅਫਸਰਾਂ ਵੱਲੋਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਜ਼ਰੂਰਤਮੰਦ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਨਾ ਹੈ ਅਤੇ ਇਸਦੇ ਨਾਲ-ਨਾਲ ਉਨ੍ਹਾਂ ਨੂੰ ਫ੍ਰੀ ਡਾਕਟਰੀ ਸੁਵਿਧਾਵਾਂ ਮੁਹੱਈਆ ਕਰਵਾਉਣਾ ਹੈ ਅਤੇ ਇਸ ਲਈ ਉਹ ਅਤੇ ਉਨ੍ਹਾਂ ਦੀ ਕਲੱਬ ਕੋਈ ਕਸਰ ਬਾਕੀ ਨਹੀਂ ਛੱਡਣਗੇ।


Related News