ਬਿਜਲੀ ਦੇ ਸਮਾਨ ਦੀ ਸਪਲਾਈ ਕਰਨ ਦੇ ਨਾਂ ’ਤੇ ਔਰਤ ਨਾਲ 3 ਲੱਖ ਦੀ ਠੱਗੀ
Thursday, Sep 08, 2022 - 11:44 AM (IST)
ਚੰਡੀਗੜ੍ਹ (ਸੁਸ਼ੀਲ) : ਭਾਰਤੀ ਫ਼ੌਜ ਦੇ ਇਕ ਅਧਿਕਾਰੀ ਦੀ ਪਤਨੀ ਨੂੰ 30 ਫ਼ੀਸਦੀ ਡਿਸਕਾਊਂਟ ਅਤੇ ਇਕ ਨਾਲ ਇਕ ਮੁਫ਼ਤ ਬਿਜਲੀ ਦਾ ਸਮਾਨ ਦੇਣ ਦਾ ਝਾਂਸਾ ਦੇ ਕੇ ਵਿਅਕਤੀ ਨੇ 3 ਲੱਖ 86 ਹਜ਼ਾਰ 813 ਰੁਪਏ ਦੀ ਠੱਗੀ ਕਰ ਲਈ। ਪੈਸੇ ਟਰਾਂਸਫਰ ਕਰਨ ਤੋਂ ਬਾਅਦ ਮੁਲਜ਼ਮ ਨੇ ਫੋਨ ਬੰਦ ਕਰ ਦਿੱਤਾ। ਸੈਕਟਰ-49 ਦੀ ਵਸਨੀਕ ਸ਼ੈਲਜਾ ਗਰੋਵਰ ਦੀ ਸ਼ਿਕਾਇਤ ’ਤੇ ਸਾਈਬਰ ਸੈੱਲ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧੋਖਾਦੇਹੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਸੈਕਟਰ-49 ਸਥਿਤ ਪਟੇਲ ਸੋਸਾਇਟੀ ਦੀ ਰਹਿਣ ਵਾਲੀ ਸ਼ੈਲਜਾ ਗਰੋਵਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਮੁਲਾਕਾਤ ਓਮ ਸਾਵਰੀਆ ਨਾਲ 2021 ਵਿਚ ਹੋਈ ਸੀ। ਉਸ ਨੇ ਦੱਸਿਆ ਕਿ ਉਹ ਇਲੈਕਟ੍ਰੋਨਿਕ ਸਮਾਨ ਦੀ ਸਪਲਾਈ ਕਰਦਾ ਹੈ ਅਤੇ ਬੀਟਫੌਕਸ ਇੰਟਰਪ੍ਰਾਈਜਿਜ਼ ਦਾ ਮਾਲਕ ਹੈ। ਇਸ ਤੋਂ ਬਾਅਦ ਸਬੂਤ ਵਜੋਂ ਕੰਪਨੀ ਦੇ ਟਵਿੱਟਰ ਪੇਜ਼ ਅਤੇ ਆਨਲਾਈਨ ਸਾਈਟ ਦੇ ਸਕਰੀਨਸ਼ਾਟ ਵਟਸਐਪ ’ਤੇ ਭੇਜੇ ਗਏ।
ਫਰਵਰੀ ਵਿਚ ਫੋਨ ’ਤੇ ਸੰਪਰਕ ਕੀਤਾ ਅਤੇ ਕਿਹਾ ਕਿ 30 ਫ਼ੀਸਦੀ ਡਿਸਕਾਊਂਟ ਅਤੇ ਇਕ ਇਲੈਕਟ੍ਰੋਨਿਕ ਡਿਵਾਈਸ ਨਾਲ ਇਕ ਮੁਫ਼ਤ ਦਿੱਤਾ ਜਾਵੇਗਾ। ਉਸ ਨੇ ਪਹਿਲਾਂ ਹੀ ਪੂਰੀ ਰਕਮ ਮੰਗੀ ਅਤੇ ਕਿਹਾ ਕਿ 21 ਦਿਨਾਂ ਵਿਚ ਸਮਾਨ ਪਹੁੰਚ ਜਾਵੇਗਾ। ਸ਼ੈਲਜਾ ਨੇ ਸਾਂਵਰੀਆ ਵਲੋਂ ਦੱਸੇ ਖਾਤੇ ਵਿਚ 3 ਲੱਖ 86 ਹਜ਼ਾਰ 813 ਰੁਪਏ ਟਰਾਂਸਫਰ ਕੀਤੇ। 21 ਦਿਨਾਂ ਤਕ ਸਮਾਨ ਦੀ ਡਲਿਵਰੀ ਨਹੀਂ ਹੋਈ ਤਾਂ ਫੋਨ ’ਤੇ ਸੰਪਰਕ ਕੀਤਾ। ਵਿਅਕਤੀ ਦਾ ਫੋਨ ਸਵਿੱਚ ਆਫ ਆ ਗਿਆ ਅਤੇ ਉਸ ਨੂੰ ਆਪਣੇ ਨਾਲ ਠੱਗੀ ਦਾ ਅਹਿਸਾਸ ਹੋਇਆ। ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।