ਮਹਾਰਾਣੀ ਨਾਲ ਠੱਗੀ ਮਾਰਨ ਵਾਲਾ ਸਾਈਬਰ ਠੱਗ ਪੁਲਸ ਰਿਮਾਂਡ 'ਤੇ

Thursday, Aug 08, 2019 - 03:43 PM (IST)

ਮਹਾਰਾਣੀ ਨਾਲ ਠੱਗੀ ਮਾਰਨ ਵਾਲਾ ਸਾਈਬਰ ਠੱਗ ਪੁਲਸ ਰਿਮਾਂਡ 'ਤੇ

ਪਟਿਆਲਾ (ਬਲਜਿੰਦਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ-ਪਤਨੀ ਅਤੇ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਦੇ ਬੈਂਕ ਖਾਤੇ 'ਚੋਂ 23 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਦੋਸ਼ੀ ਅਤਾ ਉਲ ਅੰਸਾਰੀ ਨੂੰ ਪਟਿਆਲਾ ਪੁਲਸ 9 ਅਗਸਤ ਤੱਕ ਟਰਾਂਜ਼ਿਟ ਰਿਮਾਂਡ 'ਤੇ ਆਪਣੇ ਨਾਲ ਲੈ ਆਈ ਹੈ। ਅੰਸਾਰੀ ਝਾਰਖੰਡ ਦੇ ਜਾਮਤਾੜਾ ਦੀ ਮੰਡਲਕਾਰਾ ਜੇਲ 'ਚ ਬੰਦ ਸੀ। 

ਜਾਂਚ 'ਚ ਪਤਾ ਚੱਲਿਆ ਪਿੰਡ ਫੋਫਨਾਦ 'ਚ ਐਕਟਿਵ ਸੀ ਨੰਬਰ
ਠੱਗੀ ਦੇ ਤੁਰੰਤ ਬਾਅਦ ਪਰਨੀਤ ਕੌਰ ਨੇ ਦੋਸ਼ੀ ਅੰਸਾਰੀ ਦਾ ਮੋਬਾਇਲ ਮੰਬਰ ਪਟਿਆਲਾ ਪੁਲਸ ਨੂੰ ਦਿੱਤਾ। ਉਸ ਤੋਂ ਬਾਅਦ ਪੁਲਸ ਤੁਰੰਤ ਹਰਕਤ 'ਚ ਆਈ ਅਤੇ ਇਸ ਨੰਬਰ ਨੂੰ ਟ੍ਰੈਸ ਕਰਨ 'ਤੇ ਝਾਰਖੰਡ ਦੇ ਜਾਮਤਾੜਾ ਨਾਲ ਤਾਰ ਜੁੜੇ। ਪਟਿਆਲਾ ਪੁਲਸ ਨੇ ਜਾਮਤਾੜਾ ਦੇ ਐੱਸ. ਪੀ. ਅੰਸ਼ੁਮਨ ਕੁਮਾਰ ਨੂੰ ਨੰਬਰ ਸੌਂਪਿਆ। ਜਾਂਚ 'ਚ ਸਾਹਮਣੇ ਆਇਆ ਕਿ ਇਹ ਨੰਬਰ ਫੋਫਨਾਦ 'ਚ ਐਕਟਿਵ ਸੀ। ਦੋਸ਼ੀ ਅਤਾ ਉਲ ਅੰਸਾਰੀ ਜਿਸ ਨੂੰ ਜਾਮਤਾੜਾ ਪੁਲਸ ਨੇ 2 ਦਿਨ ਪਹਿਲੇ ਹੀ ਇਕ ਹੋਰ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਸੀ, ਉਹ ਹੀ ਇਸ ਨੰਬਰ ਨੂੰ ਯੂਜ਼ ਕਰ ਰਿਹਾ ਸੀ। ਇਸ ਨੰਬਰ ਦਾ ਇਸਤੇਮਾਲ ਉਸ ਨੇ ਪਰਨੀਤ ਕੌਰ ਨਾਲ ਠੱਗੀ ਕਰਨ ਦੇ ਇਲਾਵਾ ਦੋ ਹੋਰ ਸਾਈਬਰ ਕ੍ਰਾਈਮ ਦੇ ਮਾਮਲਿਆਂ 'ਚ ਵੀ ਕੀਤਾ ਸੀ। ਉਸ ਨੂੰ 3 ਅਗਸਤ ਨੂੰ ਝਾਰਖੰਡ ਦੀ ਪੁਲਸ ਵੱਲੋਂ ਕਿਸੇ ਹੋਰ ਮਾਮਲੇ 'ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਦੋਸ਼ੀ ਨੇ ਠੱਗੀ ਦੇ ਪੈਸਿਆਂ ਨਾਲ ਪਿੰਡ 'ਚ ਵੱਡੀ ਕੋਠੀ ਬਣਾਈ ਹੈ ਅਤੇ ਉਸ ਕੋਲ ਕਈ ਗੱਡੀਆਂ ਵੀ ਹਨ। 

ਇੰਝ ਵਾਪਰਿਆ ਸੀ ਸਾਰਾ ਮਾਮਲਾ 
ਸ਼ਾਤਰ ਠੱਗ ਨੇ ਖੁਦ ਨੂੰ ਐੱਸ. ਬੀ. ਆਈ. ਦਾ ਬੈਂਕ ਮੈਨੇਜਰ ਦੱਸਦੇ ਹੋਏ ਪ੍ਰਨੀਤ ਨੂੰ ਕਿਹਾ ਕਿ ਤੁਹਾਡੀ ਸੈਲਰੀ ਪਾਉਣੀ ਹੈ। ਤੁਸੀਂ ਏ. ਟੀ. ਐੱਮ. ਅਤੇ ਉਸ ਦੇ ਪਿੱਛੇ ਲਿਖਿਆ ਸੀ. ਵੀ. ਵੀ. ਨੰਬਰ ਦੱਸ ਦਿਓ, ਕਿਉਂਕਿ ਦੇਰੀ ਹੋਣ ਕਾਰਨ ਸੈਲਰੀ ਅਟਕ ਜਾਵੇਗੀ। ਠੱਗ ਨੇ ਕਿਹਾ ਸੀ ਕਿ ਮੈਂ ਹੋਲਡ ਕਰ ਰਿਹਾ ਹਾਂ। ਤੁਹਾਡੇ ਕੋਲ ਇਕ ਓ. ਟੀ.ਪੀ. ਨੰਬਰ ਆਵੇਗਾ। ਉਹ ਵੀ ਦੱਸ ਦੇਣਾ, ਤਾਂਕਿ ਹੁਣੇ ਸੈਲਰੀ ਅਕਾਉਂਟ 'ਚ ਪਾਈ ਜਾ ਸਕੇ। ਇਸ ਦੇ ਤੁਰੰਤ ਬਾਅਦ ਹੀ ਉਸ ਦੇ ਖਾਤੇ 'ਚੋਂ 23 ਲੱਖ ਰੁਪਏ ਨਿਕਲ ਗਏ। ਮੈਸੇਜ ਦੇਖਦੇ ਹੀ ਪਰਨੀਤ ਕੌਰ ਦੇ ਹੋਸ਼ ਉੱਡ ਗਏ। ਉਨ੍ਹਾਂ ਨੇ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ।

ਜਾਮਤਾੜਾ ਸਾਈਬਰ ਠੱਗੀ ਦਾ ਸਭ ਤੋਂ ਵੱਡਾ ਅੱਡਾ
ਝਾਰਖੰਡ 'ਚ ਰਾਂਚੀ ਤੋਂ ਕੁਝ ਦੂਰੀ 'ਤੇ ਸਥਿਤ ਜਾਮਤਾੜਾ ਸਾਈਬਰ ਠੱਗੀ ਦਾ ਸਭ ਤੋਂ ਵੱਡਾ ਅੱਡਾ ਹੈ। ਇਹ ਇਲਾਕਾ ਜੰਗਲਾਂ ਵਿਚ ਸਥਿਤ ਹੈ। ਜਿਹੜੇ ਜ਼ਿਆਦਾਤਰ ਬੰਦ ਰਹਿੰਦੇ ਹਨ। ਸਾਈਬਰ ਠੱਗ ਇਥੇ ਬੈਠ ਕੇ ਠੱਗੀ ਮਾਰਦੇ ਹਨ। ਜਦੋਂ ਪੁਲਸ ਰੇਡ ਕਰਦੀ ਹੈ ਤਾਂ ਜੰਗਲਾਂ 'ਚ ਭੱਜ ਜਾਂਦੇ ਹਨ। ਇਥੋਂ ਠੱਗਾਂ ਵੱਲੋਂ ਦੇਸ਼ ਭਰ 'ਚ ਸਾਈਬਰ ਠੱਗੀਆਂ ਮਾਰੀਆਂ ਜਾ ਰਹੀਆਂ ਹਨ। ਸਾਈਬਰ ਠੱਗੀ ਦੇ ਇਸ ਗਿਰੋਹ ਦਾ ਨੈੱਟਵਰਕ ਪੂਰੇ ਦੇਸ਼ 'ਚ ਫੈਲਿਆ ਹੋਇਆ ਹੈ। ਇਸ ਮਾਮਲੇ ਵਿਚ ਪੰਜਾਬ 'ਚੋਂ ਵੀ 3 ਵਿਅਕਤੀਆਂ ਨੂੰ ਰਾਊਂਡਅੱਪ ਕੀਤਾ ਗਿਆ ਹੈ। ਪੁਲਸ ਵੱਲੋਂ ਇਸ ਮਾਮਲੇ 'ਚ ਵੀ ਹੁਣ ਤੱਕ 23 ਲੱਖ ਰੁਪਏ ਰਿਕਵਰ ਕੀਤੇ ਜਾ ਚੁੱਕੇ ਹਨ।


author

Anuradha

Content Editor

Related News