ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਮਾਰੀ 1 ਕਰੋੜ ਦੀ ਠੱਗੀ, ਲਵਾਇਆ ਜਾਅਲੀ ਵੀਜ਼ਾ
Wednesday, Mar 12, 2025 - 08:22 AM (IST)

ਸਿੱਧਵਾਂ ਬੇਟ (ਚਾਹਲ) : ਪਿੰਡ ਬਾਘੀਆਂ ਖੁਰਦ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਨੇ ਆਪਣੇ ਗੁਆਂਢੀ ਪਿੰਡ ਦੇ ਪਤੀ-ਪਤਨੀ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ 1 ਕਰੋੜ 8 ਲੱਖ ਰੁਪਏ ਦੀ ਠੱਗੀ ਮਾਰ ਲਈ, ਜਦੋਂ ਉਨ੍ਹਾਂ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਪਰਮਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਤੇ ਝੂਠੇ ਕੇਸ ’ਚ ਫਸਾ ਦੇਣ ਦੀਆਂ ਧਮਕੀਆਂ ਦਿੱਤੀਆਂ। ਪੁਲਸ ਨੇ ਇਸ ਸਬੰਧ ’ਚ ਪਰਮਿੰਦਰ ਸਿੰਘ ਤੇ ਉਸ ਦੇ ਸਾਥੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਤਫਤੀਸ਼ ਆਰੰਭ ਦਿੱਤੀ ਹੈ।
ਇਸ ਸਬੰਧੀ ਜ਼ਿਲਾ ਪੁਲਸ ਮੁਖੀ ਨੂੰ ਦਿੱਤੀ ਦਰਖਾਸਤ ਰਾਹੀਂ ਬਲਵੰਤ ਸਿੰਘ ਵਾਸੀ ਬਾਘੀਆਂ ਨੇ ਦੱਸਿਆ ਕਿ ਮੇਰਾ ਲੜਕਾ ਜਗਰੂਪ ਸਿੰਘ ਤੇ ਨੂੰਹ ਪੂਜਾ ਰਾਣੀ ਅਮਰੀਕਾ ਜਾ ਕੇ ਸੈੱਟ ਹੋਣਾ ਚਾਹੁੰਦੇ ਸਨ। ਸਾਡੇ ਨੇੜਲੇ ਪਿੰਡ ਬਾਘੀਆਂ ਖੁਰਦ ਦੇ ਪਰਮਿੰਦਰ ਸਿੰਘ, ਉਸ ਦਾ ਭਰਾ ਪਵਨ ਤੇ ਪਿਤਾ ਬਲਵੰਤ ਸਿੰਘ ਲੋਕਾਂ ਨੂੰ ਵੱਖ-ਵੱਖ ਦੇਸ਼ਾਂ ’ਚ ਭੇਜਣ ਲਈ ਏਜੰਟੀ ਦਾ ਕੰਮ ਕਰਦੇ ਹਨ, ਜਿਨ੍ਹਾਂ ਨਾਲ ਮੇਰੀ ਕਾਫੀ ਨੇੜਤਾ ਸੀ। ਜਦੋਂ ਮੈਂ ਪਰਮਿੰਦਰ ਨਾਲ ਆਪਣੀ ਨੂੰਹ ਤੇ ਬੇਟੇ ਨੂੰ ਅਮਰੀਕਾ ’ਚ ਪੱਕੇ ਤੌਰ ’ਤੇ ਭੇਜਣ ਦੀ ਗੱਲ ਕੀਤੀ ਤਾਂ ਉਨ੍ਹਾਂ ਮੈਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਕਾਨੂੰਨੀ ਤਰੀਕੇ ਨਾਲ ਭੇਜਾਂਗੇ, ਜਿਸ ’ਤੇ ਸਾਰਾ 90-95 ਲੱਖ ਰੁਪਏ ਖਰਚ ਆਵੇਗਾ।
ਇਹ ਵੀ ਪੜ੍ਹੋ : ਨਸ਼ਿਆਂ ਦੇ ਮਾਮਲੇ 'ਚ ਛਾਪੇਮਾਰੀ ਕਰਨ ਗਈ ਪੁਲਸ ਪਾਰਟੀ 'ਤੇ ਹਮਲਾ, ਥਾਣੇਦਾਰ ਜ਼ਖਮੀ
ਸਾਡੀ 95 ਲੱਖ ਰੁਪਏ ’ਚ ਗੱਲਬਾਤ ਤੈਅ ਹੋ ਗਈ, ਜਿਸ ਤੋਂ ਬਾਅਦ ਉਹ ਮੇਰੇ ਲੜਕੇ ਤੇ ਨੂੰਹ ਨੂੰ ਇੰਡੋਨੇਸ਼ੀਆ ਲੈ ਗਏ ਤੇ ਉਸ ਤੋਂ ਬਾਅਦ ਮਲੇਸ਼ੀਆ ਤੇ ਸਿੰਘਪੁਰ ਲੈ ਗਏ। ਇਸ ਦੌਰਾਨ ਉਹ ਸਾਡੇ ਕੋਲੋਂ ਪੈਸਿਆਂ ਦੀ ਮੰਗ ਕਰਦੇ ਰਹੇ, ਜੋ ਅਸੀਂ ਉਨ੍ਹਾਂ ਵੱਲੋਂ ਦਿੱਤੇ ਵੱਖ-ਵੱਖ ਬੈਂਕ ਖਾਤਿਆਂ ’ਚ ਪਾਉਂਦੇ ਰਹੇ। ਉਸ ਤੋਂ ਬਾਅਦ ਉਨ੍ਹਾਂ ਨੇ ਮੇਰੇ ਲੜਕੇ ਤੇ ਨੂੰਹ ਦਾ ਅਮਰੀਕਾ ਦਾ ਜਾਅਲੀ ਤੇ ਫਰਜ਼ੀ ਵੀਜ਼ਾ ਤਿਆਰ ਕਰ ਕੇ ਇੰਡੀਆ ਭੇਜ ਦਿੱਤਾ ਕਿ ਹੁਣ ਤੁਸੀਂ ਭਾਰਤ ਤੋਂ ਸਿੱਧਾ ਅਮਰੀਕਾ ਜਾ ਸਕਦੇ ਹੋ।
ਉਸ ਤੋਂ ਬਾਅਦ ਉਹ ਬਾਹਰ ਭੇਜਣ ਲਈ ਲਾਰੇ ਲਾਉਂਦੇ ਰਹੇ। ਜਦੋਂ ਅਸੀਂ ਵੀਜ਼ਾ ਚੈੱਕ ਕਰਵਾਇਆ ਤਾਂ ਉਹ ਜਾਅਲੀ ਨਿਕਲਿਆ। ਹੁਣ ਜਦੋਂ ਅਸੀਂ ਪਰਮਿੰਦਰ ਸਿੰਘ ਵਗੈਰਾ ਤੋਂ ਆਪਣੀ ਰਕਮ ਵਾਪਸ ਮੰਗਦੇ ਹਾਂ ਤਾਂ ਉਹ ਸਾਨੂੰ ਜਾਨੋਂ ਮਾਰਨ ਤੇ ਕਿਸੇ ਝੂਠੇ ਮੁਕੱਦਮੇ ’ਚ ਫਸਾਉਣ ਦੀਆਂ ਧਮਕੀਆਂ ਦਿੰਦੇ ਹਨ। ਪੁਲਸ ਚੌਕੀ ਗਿੱਦੜਵਿੰਡੀ ਦੇ ਇੰਚਾਰਜ ਸੁਖਮੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਸ ਸਬੰਧੀ ਪਰਮਿੰਦਰ ਸਿੰਘ ਤੇ ਉਸ ਦੇ ਅਣਪਛਾਤੇ ਸਾਥੀਆਂ ਖਿਲਾਫ ਮੁਕੱਮਦਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8