ਫੇਸਬੁੱਕ ’ਤੇ ਦੋਸਤੀ ਕਰ ਕਸੂਤੀ ਘਿਰੀ ਔਰਤ, ਇਸ ਹੱਦ ਤੱਕ ਪਹੁੰਚ ਜਾਵੇਗੀ ਗੱਲ ਸੋਚਿਆ ਨਾ ਸੀ
Monday, Jun 05, 2023 - 07:08 PM (IST)
ਜਲੰਧਰ (ਜ. ਬ.)-ਖ਼ੁਦ ਨੂੰ ਹਿਊਮਨ ਰਾਈਟਸ ਐਸੋਸੀਏਸ਼ਨ ਦਾ ਪ੍ਰਧਾਨ ਦੱਸਣ ਵਾਲੇ ਵਿਅਕਤੀ ਅਤੇ ਉਸ ਦੇ ਭਰਾ ਖ਼ਿਲਾਫ਼ ਇਕ ਹੀ ਔਰਤ ਨਾਲ ਦੋ ਵਾਰ ਫਰਾਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਫੇਸਬੁੱਕ ’ਤੇ ਔਰਤ ਨਾਲ ਜਾਣ-ਪਛਾਣ ਕੀਤੀ ਅਤੇ ਫਿਰ ਉਸ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਹੋਏ ਪਹਿਲਾਂ ਸੁਵਿਧਾ ਸੈਂਟਰ ’ਚ ਨੌਕਰੀ ਦਿਵਾਉਣ ਲਈ ਆਪਣੇ ਖ਼ਾਤੇ ’ਚ 2250 ਰੁਪਏ ਟਰਾਂਸਫ਼ਰ ਕੀਤੇ ਅਤੇ ਬਾਅਦ ’ਚ ਉਸ ਨੂੰ ਵਰਕ ਪਰਮਿਟ ’ਤੇ ਕੈਨੇਡਾ ਭੇਜਣ ਦੇ ਬਹਾਨੇ 1.22 ਲੱਖ ਰੁਪਏ ਦਾ ਫਰਾਡ ਕੀਤਾ। ਪੁਲਸ ਨੇ ਇਸ ਮਾਮਲੇ ਵਿਚ ਕਥਿਤ ਪ੍ਰਧਾਨ ਦੇ ਭਰਾ ਨੂੰ ਮੁਲਜ਼ਮ ਬਣਾਇਆ ਹੈ ਕਿਉਂਕਿ ਉਸ ਦੇ ਖਾਤੇ ਵਿਚ ਔਰਤ ਅਤੇ ਉਸ ਦੀ ਧੀ ਦੇ ਮੈਡੀਕਲ ਦੀ ਫੀਸ ਭੇਜੀ ਗਈ ਸੀ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਜਲੰਧਰ ਕੁੰਜ ਦੀ ਰਹਿਣ ਵਾਲੀ ਕਮਲਜੀਤ ਕੌਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਪ੍ਰਭਜੀਤ ਸਿੰਘ ਬੇਦੀ ਨਾਂ ਦਾ ਵਿਅਕਤੀ ਉਸ ਦਾ ਫੇਸਬੁੱਕ ਫਰੈਂਡ ਬਣ ਗਿਆ ਸੀ। ਜਦੋਂ ਬੇਦੀ ਨੇ ਉਸ ਨੂੰ ਮੈਸੇਜ ਕਰ ਕੇ ਉਸ ਬਾਰੇ ਪੁੱਛਿਆ ਤਾਂ ਕਮਲਜੀਤ ਨੇ ਕਿਹਾ ਕਿ ਉਹ ਨੌਕਰੀ ਕਰਨਾ ਚਾਹੁੰਦੀ ਹੈ। ਪ੍ਰਭਜੀਤ ਸਿੰਘ ਨੇ ਉਸ ਨੂੰ ਝਾਂਸਾ ਦਿੱਤਾ ਕਿ ਉਸ ਦੇ ਬਹੁਤ ਸਾਰੇ ਜਾਣ-ਪਛਾਣ ਵਾਲੇ ਹਨ ਅਤੇ ਉਹ ਉਸ ਨੂੰ ਸੁਵਿਧਾ ਸੈਂਟਰ ਵਿਚ ਨੌਕਰੀ ਦਿਵਾ ਦੇਵੇਗਾ। ਬੇਦੀ ਨੇ ਸੁਵਿਧਾ ਸੈਂਟਰ ਦੇ ਪ੍ਰਾਸਪੈਕਟਸ ਲਈ ਆਪਣੇ ਗੂਗਲ ਪੇਅ ਵਿਚ 2250 ਰੁਪਏ ਟਰਾਂਸਫਰ ਕੀਤੇ। ਪ੍ਰਭਜੀਤ ਸਿੰਘ ਨੇ ਕਾਫ਼ੀ ਦੇਰ ਤੱਕ ਉਸ ਨਾਲ ਗੱਲ ਨਹੀਂ ਕੀਤੀ। ਜਦੋਂ ਉਸ ਨੇ ਨਤੀਜੇ ਬਾਰੇ ਪੁੱਛਿਆ ਤਾਂ ਬੇਦੀ ਨੇ ਕਮਲਜੀਤ ਕੌਰ ਦਾ ਨੰਬਰ ਲੈ ਲਿਆ ਅਤੇ ਫਿਰ ਵਟਸਐਪ ’ਤੇ ਗੱਲਾਂ ਕਰਨ ਲੱਗਾ।
ਇਹ ਵੀ ਪੜ੍ਹੋ-ਮੌਸਮ 'ਚ ਹੋ ਰਹੀ ਤਬਦੀਲੀ, ਜੂਨ ਮਹੀਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਸਕਦੀ ਹੈ ਗਰਮੀ, ਜਾਣੋ ਤਾਜ਼ਾ ਅਪਡੇਟ
ਕਮਲਜੀਤ ਕੌਰ ਨੇ ਕਿਹਾ ਕਿ ਉਸ ਨੇ ਪ੍ਰਭਜੀਤ ਸਿੰਘ ਬੇਦੀ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਉਸ ਦਾ ਕੈਨੇਡਾ ਦਾ ਵੀਜ਼ਾ ਰੱਦ ਹੋ ਗਿਆ ਸੀ ਪਰ ਹੁਣ ਉਹ ਵਰਕ ਪਰਮਿਟ ਲਈ ਦੋਬਾਰਾ ਕੋਸ਼ਿਸ਼ ਕਰ ਰਹੀ ਹੈ। ਅਜਿਹੇ ’ਚ ਪ੍ਰਭਜੀਤ ਨੇ ਦੱਸਿਆ ਕਿ ਉਸ ਦਾ ਕਜ਼ਨ ਕੈਨੇਡਾ ’ਚ ਸੈਟਲ ਹੈ, ਜਿਸ ਦੇ ਉੱਥੇ ਮਾਲਜ਼, ਫਰਮਾਂ ਅਤੇ ਸਟੋਰ ਹਨ। ਉਸ ਦੀ ਮਦਦ ਨਾਲ ਉਹ ਉਸ ਨੂੰ ਕੈਨੇਡਾ ਭੇਜ ਸਕਦਾ ਹੈ। ਕਮਲਜੀਤ ਕੌਰ ਨੇ ਪੈਸੇ ਨਾ ਹੋਣ ਦੀ ਮਜਬੂਰੀ ਬਾਰੇ ਦੱਸਿਆ ਤਾਂ ਪ੍ਰਭਜੀਤ ਸਿੰਘ ਨੇ ਉਸ ਨੂੰ ਭਰੋਸੇ ਵਿਚ ਲੈਣ ਲਈ ਕਿਹਾ ਕਿ ਉਸ ਦੇ ਚਾਚੇ ਕੋਲ ਬਹੁਤ ਪੈਸਾ ਹੈ ਜੋ ਹਰ ਸਾਲ ਭਾਰਤ ਤੋਂ 10 ਬੰਦੇ ਆਪਣੀਆਂ ਕੰਪਨੀਆਂ ਲਈ ਲੈ ਕੇ ਜਾਂਦਾ ਹੈ ਅਤੇ ਜੇਕਰ ਉਹ ਜਾਣਾ ਚਾਹੁੰਦੀ ਹੈ ਤਾਂ ਉਹ ਉਸ ਲਿਸਟ ਵਿਚ ਉਸ ਦਾ ਨਾਂ ਪੁਆ ਦੇਵੇਗਾ, ਜਿਸ ਦਾ ਬਹੁਤ ਘੱਟ ਖਰਚ ਆਵੇਗਾ।
ਕਮਲਜੀਤ ਕੌਰ ਨੇ ਝਾਂਸੇ ਵਿਚ ਆ ਕੇ ਉਸ ਨੂੰ ਆਪਣਾ ਤੇ ਆਪਣੀ ਧੀ ਦਾ ਨਾਂ ਲਿਖਣ ਲਈ ਕਹਿ ਦਿੱਤਾ। ਪ੍ਰਭਜੀਤ ਸਿੰਘ ਨੇ ਉਸ ਨੂੰ ਵਿਦੇਸ਼ ਭੇਜਣ ਦਾ ਕੰਮ ਸ਼ੁਰੂ ਕਰਨ ਲਈ ਬੈਂਕ ਵਿਚ 50-50 ਹਜ਼ਾਰ ਰੁਪਏ ਟਰਾਂਸਫਰ ਕਰਵਾ ਲਏ ਅਤੇ ਫਿਰ ਕਮਲਜੀਤ ਦੇ ਮੈਡੀਕਲ ਲਈ 10 ਹਜ਼ਾਰ ਰੁਪਏ ਅਤੇ ਉਸ ਦੀ ਬੇਟੀ ਦੇ ਮੈਡੀਕਲ ਲਈ 12500 ਰੁਪਏ ਉਸ ਦੇ ਭਰਾ ਬਲਜਿੰਦਰ ਸਿੰਘ ਦੇ ਖਾਤੇ ਵਿਚ ਟਰਾਂਸਫਰ ਕਰਵਾ ਲਏ। ਪੈਸੇ ਲੈਣ ਤੋਂ ਬਾਅਦ ਪ੍ਰਭਜੀਤ ਸਿੰਘ ਨੇ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ ਅਤੇ ਉਸ ਨਾਲ ਗੱਲਬਾਤ ਵੀ ਬੰਦ ਕਰ ਦਿੱਤੀ। ਇਸ ਸਬੰਧੀ ਕਮਲਜੀਤ ਕੌਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਪ੍ਰਭਜੀਤ ਸਿੰਘ ਨੇ ਆਪਣੇ ਭਰਾ ਨਾਲ ਮਿਲ ਕੇ ਸੁਵਿਧਾ ਕੇਂਦਰ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 2250 ਰੁਪਏ ਸਮੇਤ ਕਮਲਜੀਤ ਕੌਰ ਨਾਲ 1,24,750 ਰੁਪਏ ਦੀ ਠੱਗੀ ਮਾਰੀ। ਲੰਮੀ ਜਾਂਚ ਤੋਂ ਬਾਅਦ ਮੁਲਜ਼ਮ ਪ੍ਰਭਜੀਤ ਸਿੰਘ, ਉਸ ਦੇ ਭਰਾ ਬਲਜਿੰਦਰ ਸਿੰਘ ਬੇਦੀ ਪੁੱਤਰ ਗੁਰਬਚਨ ਸਿੰਘ ਬੇਦੀ ਵਾਸੀ ਐੱਮ. ਆਈ. ਜੀ. ਫਲੈਟ ਗੜ੍ਹਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਇਹ ਵੀ ਪੜ੍ਹੋ-ਨਸ਼ੇ ਦੇ ਦੈਂਤ ਨੇ ਉਜਾੜਿਆ ਘਰ, ਫਿਲੌਰ ਵਿਖੇ 2 ਸਾਲਾਂ ’ਚ ਨਿਗਲੀਆਂ ਪਰਿਵਾਰ ਦੇ 3 ਨੌਜਵਾਨਾਂ ਦੀਆਂ ਜ਼ਿੰਦਗੀਆਂ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani