ਵਿਦੇਸ਼ ਜਾਣ ਲਈ ਖ਼ਾਤੇ ''ਚ ਲੱਖਾਂ ਰੁਪਏ ਕਰ ਦਿੱਤੇ ਸ਼ੋਅ, ਫਿਰ ਜੋ ਹੋਇਆ ਉਸ ਨੂੰ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ
Friday, Aug 23, 2024 - 06:57 PM (IST)

ਬੰਗਾ (ਰਾਕੇਸ਼ ਅਰੋੜਾ)- ਥਾਣਾ ਸਿਟੀ ਬੰਗਾ ਪੁਲਸ ਨੇ ਵਿਦੇਸ਼ ਜਾਣ ਲਈ ਫੰਡ ਸ਼ੋਅ ਕਰਨ ਦੇ ਨਾਂ ’ਤੇ ਮਾਰੀ ਠੱਗੀ ਤਹਿਤ ਇਕ ਵਿਅਕਤੀ ਨੂੰ ਨਾਮਜ਼ਦ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸੀਨੀਅਰ ਪੁਲਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਮਹਿੰਦਰ ਸਿੰਘ ਪੁੱਤਰ ਗੁਰਦਾਸ ਸਿੰਘ ਨਿਵਾਸੀ ਬਿੰਜੋਂ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਧਰਮਪ੍ਰੀਤ ਨੂੰ ਪੜ੍ਹਾਈ ਲਈ ਅਮਰੀਕਾ ਭੇਜ਼ਣ ਲਈ ਚੰਡੀਗੜ੍ਹ ਵਿਖੇ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਦਫ਼ਤਰ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਉਸ ਨੂੰ ਆਪਣੇ ਖ਼ਾਤੇ ਵਿਚ 32 ਲੱਖ ਦੇ ਕਰੀਬ ਫੰਡ ਸ਼ੋਅ ਕਰਨ ਦੀ ਗੱਲ ਕਹੀ ਪਰ ਉਸ ਦੇ ਖ਼ਾਤੇ ਵਿਚ ਇੰਨੇ ਪੈਸੇ ਨਹੀਂ ਸਨ।
ਇਹ ਵੀ ਪੜ੍ਹੋ- ਪੇਕਿਆਂ ਤੋਂ 15 ਲੱਖ ਨਾ ਲਿਆ ਸਕੀ ਪਤਨੀ, ਪਤੀ ਨੇ ਇਤਰਾਜ਼ਯੋਗ ਤਸਵੀਰਾਂ ਦੀ ਧਮਕੀ ਦੇ ਕੀਤਾ ਕਾਰਾ
ਉਸ ਨੇ ਦੱਸਿਆ ਕਿ ਉਸ ਦੇ ਲੜਕੇ ਧਰਮਪ੍ਰੀਤ ਨੇ ਆਪਣੇ ਵਾਕਫਕਾਰ ਜਗਦੀਪ ਕੁਮਾਰ ਪੁੱਤਰ ਤਰਸੇਮ ਲਾਲ ਨਿਵਾਸੀ ਨੋਰਾ ਜੋ ਬੰਗਾ ਵਿਖੇ ਇਕ ਦੁਕਾਨ ਕਰਦਾ ਹੈ, ਨਾਲ ਗੱਲ ਕੀਤੀ ਤਾਂ ਉਸ ਨੇ ਉਸ ਨੂੰ ਕਿਹਾ ਕਿ ਗੁਰਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਨਿਵਾਸੀ ਨਜ਼ਦੀਕ ਧੀਰ ਹਸਪਤਾਲ ਬੰਗਾ ਜੋ ਉਸ ਦਾ ਵਾਕਫਕਾਰ ਹੈ ਅਤੇ ਉਹ ਵਿਦੇਸ਼ ਜਾਣ ਲਈ ਉਸ ਦੇ ਖ਼ਾਤੇ ਵਿਚ ਉਕਤ ਫੰਡ ਸ਼ੋਅ ਕਰ ਦੇਵੇਗਾ, ਜਿਸ ਤੋਂ ਬਾਅਦ ਜਗਦੀਪ ਨੇ ਉਸ ਦੇ ਲੜਕੇ ਧਰਮਪ੍ਰੀਤ ਨੂੰ ਗੁਰਪ੍ਰੀਤ ਸਿੰਘ ਦਾ ਮੋਬਾਇਲ ਨੰਬਰ ਦੇ ਕੇ ਉਸ ਨਾਲ ਗੱਲਬਾਤ ਕਰਨ ਲਈ ਕਿਹਾ। ਉਸ ਦੇ ਲੜਕੇ ਨੇ ਗੁਰਪ੍ਰੀਤ ਸਿੰਘ ਨਾਲ ਫੋਨ ’ਤੇ ਗੱਲਬਾਤ ਕਰ ਸਾਰੀ ਗੱਲ ਦੱਸੀ ਤਾਂ ਗੁਰਪ੍ਰੀਤ ਸਿੰਘ ਨੇ ਉਨ੍ਹਾਂ ਦੇ ਲੜਕੇ ਨੂੰ ਕਿਹਾ ਆਪ ਨੇ ਜਿੰਨੇ ਵੀ ਪੈਸੇ ਆਪਣੇ ਬੈਂਕ ਖਾਤੇ ਵਿਚ ਸ਼ੋਅ ਕਰਵਾਉਣੇ ਹਨ ਉਸ ਦਾ 3 ਫ਼ੀਸਦੀ ਦੇ ਹਿਸਾਬ ਨਾਲ ਚਾਰਜ ਲੱਗੇਗਾ। ਉਨ੍ਹਾਂ ਦੱਸਿਆ ਉਸ ਉਪੰਰਤ ਗੁਰਪ੍ਰੀਤ ਸਿੰਘ ਨੇ ਉਨ੍ਹਾਂ ਪਾਸੋ ਬੈਂਕ ਖ਼ਾਤਾ ਖੁੱਲ੍ਹਵਾਉਣ ਲਈ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਦੇ ਲੜਕੇ ਨੇ ਆਪਣੇ ਪੇਅਟੀਐੱਮ ਤੋਂ 60,000 ਹਜ਼ਾਰ ਰੁਪਏ ਦੀ ਰਕਮ ਉਸ ਦੁਆਰਾ ਦੱਸੇ ਖ਼ਾਤੇ ਵਿਚ ਟਰਾਂਸਫ਼ਰ ਕਰ ਦਿੱਤੀ।
ਉਕਤ ਵਿਅਕਤੀ ਨੇ 05 ਅਕਤੂਬਰ 23 ਨੂੰ ਉਸ ਨੂੰ ਜਲੰਧਰ ਦੀ ਇਕ ਨਿੱਜੀ ਬੈਂਕ ਦੀ ਸ਼ਾਖਾ ਦਾ ਖ਼ਾਤਾ ਨੰਬਰ ਅਤੇ ਉਕਤ ਖ਼ਾਤੇ ਦਾ ਬੈਲੰਸ ਸਰਟੀਫਿਕੇਟ ਅਤੇ ਬੈਂਕ ਸਟੇਟਮੈਂਟ ਦੇ ਦਿੱਤੀ। ਜਿਸ ਮੁਤਾਬਕ ਉਨ੍ਹਾਂ ਦੇ ਖ਼ਾਤੇ ਵਿਚ 31,33,979.20 ਰੁਪਏ ਸ਼ੋਅ ਹੁੰਦੇ ਸਨ। ਜਦੋਂ ਗੁਰਪ੍ਰੀਤ ਸਿੰਘ ਪਾਸੋ ਉਕਤ ਖ਼ਾਤੇ ਦੀ ਚੈੱਕ ਬੁੱਕ ਅਤੇ ਪਾਸ ਬੁੱਕ ਦੀ ਮੰਗ ਕੀਤੀ ਤਾਂ ਉਸ ਨੇ ਉਕਤ ਦੋਵੇਂ ਚੀਜ਼ਾਂ ਦੇਣ ਤੋਂ ਮਨਾ ਕਰ ਦਿੱਤਾ। ਉਸ ਦੇ ਲੜਕੇ ਧਰਮਪ੍ਰੀਤ ਨੇ ਆਪਣੇ ਟ੍ਰੈਵਲ ਏਜੰਸੀ ਦੇ ਦਫ਼ਤਰ ਨਾਲ ਗੱਲਬਾਤ ਕਰ ਪਤਾ ਕੀਤਾ ਤਾਂ ਟਰੈਵਲ ਏਜੰਸੀ ਨੇ ਉਸ ਨੂੰ ਮਈ ਮਹੀਨੇ ਤੱਕ ਵਿਦੇਸ਼ ਭੇਜਣ ਵਾਰੇ ਕਿਹਾ ਅਤੇ ਉਸ ਨੇ ਉਕਤ ਗੱਲ ਗੁਰਪ੍ਰੀਤ ਨਾਲ ਕੀਤੀ ਤਾਂ ਉਸਨੇ 50 ਹਜ਼ਾਰ ਰੁਪਏ ਦੀ ਹੋਰ ਡਿਮਾਂਡ ਕੀਤੀ। ਉਸਦੇ ਲੜਕੇ ਨੇ ਗੁਰਪ੍ਰੀਤ ਦੇ ਅਤੇ ਵਿਚ ਵੱਖ-ਵੱਖ ਤਰੀਖ਼ਾਂ ਨੂੰ ਕੁੱਲ੍ਹ 1 ਲੱਖ 45 ਹਜ਼ਾਰ ਰੁਪਏ ਜਮ੍ਹਾ ਕਰਵਾ ਦਿੱਤੇ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਨਿਆਇਕ ਹਿਰਾਸਤ 'ਚ ਵਾਧਾ
ਜਦੋਂ ਉਨ੍ਹਾਂ ਦੁਆਰਾ ਜਲੰਧਰ ਦੇ ਨਿੱਜੀ ਬੈਂਕ ਦੀ ਸ਼ਾਖਾ ਜਾ ਕੇ ਆਪਣੇ ਉਕਤ ਖ਼ਾਤੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਗੁਰਪ੍ਰੀਤ ਸਿੰਘ ਵੱਲੋਂ ਜੋ ਵੀ ਉਕਤ ਨਿੱਜੀ ਬੈਂਕ ਦਾ ਖ਼ਾਤਾ ਅਤੇ ਉਸ ਨਾਲ ਸਬੰਧਤ ਸਾਰੇ ਕਾਗਜ਼ਾਤ ਜੋ ਉਨ੍ਹਾਂ ਨੂੰ ਦਿੱਤੇ ਗਏ ਸਨ ਉਹ ਜਾਅਲੀ ਸਨ। ਡੀ. ਐੱਸ. ਪੀ. ਐੱਨ. ਡੀ. ਪੀ. ਐੱਸ. ਵੱਲੋਂ ਆਪਣੀ ਕੀਤੀ ਪੜਤਾਲ ਦੀ ਰਿਪੋਰਟ ਸੀਨੀਅਰ ਪੁਲਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਨੂੰ ਸੌਂਪੀ ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੇ ਧਰਮਪ੍ਰੀਤ ਕੋਲੋ ਵੱਖ-ਵੱਖ ਸਮੇਂ ’ਤੇ ਪੈਸੇ ਲੈ ਕੇ ਅਤੇ ਉਨ੍ਹਾਂ ਨੂੰ ਜਾਅਲੀ ਬੈਂਕ ਕਾਗਜ਼ਾਤ ਸੌਂਪ 1 ਲੱਖ 45 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਮਿਲੀ ਰਿਪੋਰਟ ’ਤੇ ਸੀਨੀਅਰ ਪੁਲਸ ਕਪਤਾਨ ਵੱਲੋਂ ਡੀ. ਏ. ਲੀਗਲ ਦੀ ਰਾਏ ਜਾਣਨ ਤੋਂ ਬਾਅਦ ਉਕਤ ਵਿਅਕਤੀ ਖ਼ਿਲਾਫ਼ ਥਾਣਾ ਸਿਟੀ ਬੰਗਾ ਪੁਲਸ ਨੂੰ ਮਾਮਲਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਮਿਲੇ ਆਦੇਸ਼ਾਂ ’ਤੇ ਥਾਣਾ ਸਿਟੀ ਬੰਗਾ ਪੁਲਸ ਵੱਲੋਂ ਗੁਰਪ੍ਰੀਤ ਸਿੰਘ ਖ਼ਿਲਾਫ਼ 420, 465, 468, 471 ਤਹਿਤ ਮਾਮਲਾ ਨੰਬਰ 66 ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਪੰਜਾਬ ਯੂਨੀਵਰਸਿਟੀ ਚੋਣਾਂ ਦਾ ਐਲਾਨ, ਇਸ ਦਿਨ ਹੋਵੇਗੀ ਵੋਟਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ