ਜਲੰਧਰ: ਦਕੋਹਾ ਦੇ ਬ੍ਰਿਟਿਸ਼ ਓਲੀਵੀਆ ਸਕੂਲ ''ਚ ਹੋਈ 35 ਲੱਖ ਦੀ ਚੋਰੀ ਦੇ ਮਾਮਲੇ ''ਚ ਹੋਏ ਵੱਡੇ ਖ਼ੁਲਾਸੇ
Saturday, Oct 15, 2022 - 03:19 PM (IST)
ਜਲੰਧਰ (ਜ. ਬ.)– ਦਕੋਹਾ ਸਥਿਤ ਬ੍ਰਿਟਿਸ਼ ਓਲੀਵੀਆ ਸਕੂਲ ’ਚ ਹੋਈ 35 ਲੱਖ ਰੁਪਏ ਕੈਸ਼ ਦੀ ਚੋਰੀ ਵਿਚ 23 ਲੱਖ ਰੁਪਏ ਦੀ ਧਾਂਦਲੀ ਕਰਨ ’ਤੇ ਥਾਣਾ ਰਾਮਾ ਮੰਡੀ ਵਿਚ ਚੌਂਕੀ ਦਕੋਹਾ ਦੇ ਸਾਬਕਾ ਇੰਚਾਰਜ ਮੁਨੀਸ਼ ਸ਼ਰਮਾ ਅਤੇ ਉਕਤ ਸਕੂਲ ਦੇ ਚੇਅਰਮੈਨ ਵਿਜੇ ਮੈਣੀ ਖ਼ਿਲਾਫ਼ 18 ਪੰਨਿਆਂ ਦੀ ਇਕ ਐੱਫ਼. ਆਈ. ਆਰ. ਦਰਜ ਕਰ ਲਈ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਵੀਰਵਾਰ ਦੇਰ ਰਾਤ ਹੋਈ ਐੱਫ਼. ਆਈ. ਆਰ. ਵਿਚ ਗ੍ਰਿਫ਼ਤਾਰੀ ਪਾਉਣ ਲਈ ਸਾਬਕਾ ਇੰਚਾਰਜ ਮੁਨੀਸ਼ ਸ਼ਰਮਾ ਨੂੰ ਸ਼ੁੱਕਰਵਾਰ ਸਵੇਰੇ 8 ਵਜੇ ਹਿਰਾਸਤ ਵਿਚ ਲੈ ਲਿਆ ਗਿਆ ਪਰ ਜਿਉਂ ਹੀ ਇਸ ਕੇਸ ਵਿਚ ‘ਆਪ’ ਦੇ ਵਿਧਾਇਕ ਦੇ ਨਜ਼ਦੀਕੀ ਰਿਸ਼ਤੇਦਾਰ ਦਾ ਨਾਂ ਉਛਲਣਾ ਸ਼ੁਰੂ ਹੋਇਆ ਤਾਂ ਸਥਾਨਕ ਆਮ ਆਦਮੀ ਪਾਰਟੀ ਦੀ ਇਕ ਲਾਬੀ ਨੇ ਪੁਲਸ ਅਧਿਕਾਰੀਆਂ ’ਤੇ ਦਬਾਅ ਬਣਾ ਕੇ ਏ. ਆਈ. ਐੱਸ. ਮੁਨੀਸ਼ ਸ਼ਰਮਾ ਨੂੰ ਸ਼ੁੱਕਰਵਾਰ ਦੁਪਹਿਰੇ ਹਿਰਾਸਤ ਵਿਚੋਂ ਛੁਡਵਾ ਵੀ ਲਿਆ। ਇਸ ਮਾਮਲੇ ਸਬੰਧੀ ਜਲੰਧਰ ਹੀ ਨਹੀਂ, ਸਗੋਂ ਪੰਜਾਬ ਦੀ ਸਿਆਸਤ ਵਿਚ ਵੀ ਚਰਚਾ ਛਿੜ ਗਈ ਹੈ।
ਥਾਣਾ ਰਾਮਾ ਮੰਡੀ ਵਿਚ ਐੱਫ. ਆਈ. ਆਰ. ਨੰਬਰ 292 ਵਿਚ ਧਾਰਾ 166, 166-ਏ, 167, 409, 120-ਬੀ ਅਤੇ ਕੁਰੱਪਸ਼ਨ ਐਕਟ ਅਧੀਨ ਸਾਬਕਾ ਚੌਕੀ ਇੰਚਾਰਜ ਮੁਨੀਸ਼ ਸ਼ਰਮਾ ਅਤੇ ਬ੍ਰਿਟਿਸ਼ ਓਲੀਵੀਆ ਸਕੂਲ ਦੇ ਚੇਅਰਮੈਨ ਵਿਜੇ ਮੈਣੀ ਨਿਵਾਸੀ ਬ੍ਰਿਟਿਸ਼ ਟਾਊਨ ਰਾਮਾ ਮੰਡੀ ਨੂੰ ਨਾਮਜ਼ਦ ਕੀਤਾ ਗਿਆ ਹੈ। ਦਰਅਸਲ ਮਈ 2022 ਵਿਚ ਊਸ਼ਾ ਸ਼ਰਮਾ ਨਿਵਾਸੀ ਗੁਰਜੀਤ ਨਗਰ ਗੜ੍ਹਾ ਦੀ ਸ਼ਿਕਾਇਤ ’ਤੇ ਥਾਣਾ ਨੰਬਰ 7 ਦੀ ਪੁਲਸ ਨੇ ਚੋਰੀ ਦਾ ਕੇਸ ਦਰਜ ਕੀਤਾ ਸੀ। ਊਸ਼ਾ ਸ਼ਰਮਾ ਦਾ ਦੋਸ਼ ਸੀ ਕਿ ਕੋਈ ਅਣਪਛਾਤਾ ਚੋਰ ਉਸਦੇ ਘਰ ਵਿਚੋਂ ਸੋਨੇ ਦੇ ਗਹਿਣੇ ਅਤੇ ਕੈਸ਼ ਚੋਰੀ ਕਰ ਕੇ ਲੈ ਗਿਆ ਹੈ। ਇਸ ਮਾਮਲੇ ਦੀ ਜਾਂਚ ਸੀ. ਆਈ. ਏ. ਸਟਾਫ਼-1 ਦੇ ਕੋਲ ਆਈ ਤਾਂ ਜਾਂਚ ਦੌਰਾਨ ਪੁਲਸ ਨੂੰ ਇਨਪੁੱਟ ਮਿਲੇ ਕਿ ਊਸ਼ਾ ਦੇ ਘਰ ਸ਼ਾਮੂ ਪੁੱਤਰ ਘਨਈ ਨਿਵਾਸੀ ਸੁਜਾਨਪੁਰ (ਯੂ. ਪੀ.), ਹਾਲ ਨਿਵਾਸੀ ਢਿੱਲਵਾਂ ਨੇ ਚੋਰੀ ਕੀਤੀ ਹੈ। ਜਾਂਚ ਕਰਨ ’ਤੇ ਪਤਾ ਲੱਗਾ ਕਿ ਉਹ ਕਪੂਰਥਲਾ ਦੀ ਜੇਲ ਵਿਚ ਇਕ ਚੋਰੀ ਦੇ ਮਾਮਲੇ ਵਿਚ ਬੰਦ ਹੈ, ਜਿਸ ਤੋਂ ਬਾਅਦ ਸੀ. ਆਈ. ਏ. ਸਟਾਫ ਦੀ ਟੀਮ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ। 30 ਸਤੰਬਰ ਨੂੰ ਜਦੋਂ ਸ਼ਾਮੂ ਤੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਸਨੇ ਦੱਸਿਆ ਕਿ ਊਸ਼ਾ ਰਾਣੀ ਦੇ ਘਰ ਉਸ ਨੇ ਨਹੀਂ, ਸਗੋਂ ਉਸ ਦੇ ਜਾਣਕਾਰ ਚੋਰ ਹਰਵਿੰਦਰ ਉਰਫ਼ ਮਨੀ ਪੁੱਤਰ ਪਰਮਜੀਤ ਨਿਵਾਸੀ ਨਕੋਦਰ ਨੇ ਚੋਰੀ ਕੀਤੀ ਹੈ, ਜੋ ਕਿ ਇਸ ਸਮੇਂ ਉਸੇ ਦੇ ਨਾਲ ਕਪੂਰਥਲਾ ਦੀ ਜੇਲ੍ਹ ਵਿਚ ਬੰਦ ਹੈ।
ਇਹ ਵੀ ਪੜ੍ਹੋ: ਕੈਨੇਡਾ ਤੋਂ ਮੰਦਭਾਗੀ ਖ਼ਬਰ: ਨਕੋਦਰ ਦੇ 22 ਸਾਲਾ ਨੌਜਵਾਨ ਦੀ ਮੌਤ, ਜਨਮ ਦਿਨ ਦਾ ਤੋਹਫ਼ਾ ਉਡੀਕਦੀ ਰਹੀ ਭੈਣ
ਉਥੇ ਹੀ, ਸਖ਼ਤੀ ਨਾਲ ਪੁੱਛਗਿੱਛ ਕਰਨ ’ਤੇ ਉਸ ਨੇ ਕਬੂਲਿਆ ਕਿ ਉਸ ਨੇ ਸਿਰਫ਼ ਬ੍ਰਿਟਿਸ਼ ਓਲੀਵੀਆ ਸਕੂਲ ਵਿਚੋਂ 35 ਲੱਖ ਰੁਪਏ ਕੈਸ਼ ਚੋਰੀ ਕੀਤਾ ਸੀ, ਜਿਸ ਨਾਲ ਖ਼ਰੀਦਿਆ ਸਾਮਾਨ ਅਤੇ ਬਾਕੀ ਕੈਸ਼ ਉਹ ਬਰਾਮਦ ਕਰਵਾ ਚੁੱਕਾ ਹੈ। ਜਦੋਂ ਇਸ ਬਾਰੇ ਪੁਲਸ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਗਈ ਤਾਂ ਜਾਂਚ ਵਿਚ ਪਾਇਆ ਕਿ ਉਸ ਐੱਫ਼. ਆਈ. ਆਰ. ਵਿਚ ਤਾਂ ਸਿਰਫ਼ 8 ਲੱਖ 5 ਹਜ਼ਾਰ ਕੈਸ਼ ਅਤੇ ਚੋਰੀ ਦੇ ਪੈਸਿਆਂ ਨਾਲ ਕੀਤੀ ਗਈ 4 ਲੱਖ ਰੁਪਏ ਦੀ ਖਰੀਦਦਾਰੀ ਦੀ ਹੀ ਰਿਕਵਰੀ ਹੈ, ਜਿਸ ਤੋਂ ਬਾਅਦ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਸ਼ੁਰੂ ਕਰਵਾ ਦਿੱਤੀ ਅਤੇ ਸਾਰੀ ਸੱਚਾਈ ਸਾਹਮਣੇ ਆ ਗਈ। ਇਸ ਮਾਮਲੇ ਸਬੰਧੀ ਜਦੋਂ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ 2 ਦਿਨਾਂ ਤੋਂ ਛੁੱਟੀ ’ਤੇ ਹਨ, ਜਦੋਂ ਕਿ ਡੀ. ਸੀ. ਪੀ. ਜਗਮੋਹਨ ਸਿੰਘ ਨੇ ਫੋਨ ਨਹੀਂ ਚੁੱਕਿਆ।
ਚੋਰ ਨੇ ਕਿਹਾ-ਏ. ਐੱਸ. ਆਈ. ਨੇ ਹਿਰਾਸਤ ’ਚ ਰੱਖ ਕੇ ਏ. ਟੀ. ਐੱਮ. ਅਤੇ ਚੈੱਕ ਦੋਵਾਂ ਨਾਲ ਕਢਵਾਇਆ ਕੈਸ਼
ਮੁਲਜ਼ਮ ਸ਼ਾਮੂ ਨੇ ਸੀ. ਆਈ. ਏ. ਸਟਾਫ ਵਿਚ ਹੋਈ ਪੁੱਛਗਿੱਛ ’ਚ ਦੱਸਿਆ ਕਿ ਸਤੰਬਰ 2022 ਨੂੰ ਉਹ ਹਰ ਵਾਰ ਵਾਂਗ ਦਕੋਹਾ ਸਥਿਤ ਬ੍ਰਿਟਿਸ਼ ਓਲੀਵੀਆ ਸਕੂਲ ਵਿਚ ਕੰਮ ਕਰਨ ਗਿਆ ਸੀ। ਉਸ ਦੀ ਦੁਕਾਨ ਵੀ ਨੇੜੇ ਹੀ ਹੈ। ਜਦੋਂ ਉਹ ਕੰਮ ਕਰ ਰਿਹਾ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਅਲਮਾਰੀ ਵਿਚ ਕੈਸ਼ ਪਿਆ ਹੈ। ਉਸ ਨੇ ਮੌਕਾ ਦੇਖ ਕੇ ਅਲਮਾਰੀ ਖੋਲ੍ਹ ਕੇ 2000 ਅਤੇ 500 ਰੁਪਏ ਦੇ ਸਾਰੇ ਨੋਟ ਕੱਢ ਕੇ ਆਪਣੇ ਬੈਗ ਵਿਚ ਰੱਖ ਲਏ। ਜਦੋਂ ਉਸ ਨੇ ਪੈਸੇ ਗਿਣੇ ਤਾਂ ਉਹ 35 ਲੱਖ ਰੁਪਏ ਸਨ। ਪੈਸੇ ਘਰ ਲੈ ਕੇ ਗਿਆ ਤਾਂ ਘਰ ਵਾਲਿਆਂ ਨੂੰ ਕਿਹਾ ਕਿ ਉਸਨੂੰ ਪੈਸੇ ਡਿੱਗੇ ਹੋਏ ਮਿਲੇ ਹਨ।
ਜਲੰਧਰ ਤੋਂ ਖਰੀਦਦਾਰੀ ਕਰਕੇ ਉਹ ਯੂ. ਪੀ. ਚਲਾ ਗਿਆ ਪਰ 4 ਦਿਨਾਂ ਬਾਅਦ ਚੌਕੀ ਦਕੋਹਾ ਦੇ ਸਾਬਕਾ ਇੰਚਾਰਜ ਮੁਨੀਸ਼ ਸ਼ਰਮਾ ਨੇ ਉਸ ਨੂੰ ਰੇਡ ਕਰ ਕੇ ਚੁੱਕ ਲਿਆ। ਉਸਨੇ ਚੋਰੀ ਦੇ ਪੈਸਿਆਂ ਨਾਲ ਖਰੀਦਿਆ ਸਾਰਾ ਸਾਮਾਨ, ਗਹਿਣੇ ਆਦਿ ਪੁਲਸ ਨੂੰ ਸੌਂਪ ਦਿੱਤੇ। ਏ. ਐੱਸ. ਆਈ. ਮੁਨੀਸ਼ ਨੂੰ ਉਸਨੇ 30 ਲੱਖ ਰੁਪਏ ਕੈਸ਼ ਵੀ ਦੇ ਦਿੱਤੇ ਸਨ। ਜਲੰਧਰ ਲਿਆ ਕੇ ਸਾਬਕਾ ਇੰਚਾਰਜ ਸ਼ਾਮੂ ਨੂੰ ਉਸ ਦੇ ਘਰ ਲੈ ਕੇ ਗਿਆ, ਜਿੱਥੋਂ ਉਸ ਨੇ ਦੋਵਾਂ ਬੈਂਕ ਅਕਾਊਂਟਾਂ ਦੇ ਏ. ਟੀ. ਐੱਮ. ਅਤੇ ਪਾਸਬੁੱਕ ਬਰਾਮਦ ਕਰ ਲਈ। 10 ਸਤੰਬਰ ਨੂੰ ਉਸ ਦੀ ਗ੍ਰਿਫ਼ਤਾਰੀ ਦਿਖਾਈ ਗਈ, ਜਦੋਂ ਕਿ ਉਸੇ ਦਿਨ ਸਾਬਕਾ ਇੰਚਾਰਜ ਨੇ ਉਸ ਦੀ ਪਤਨੀ ਨੂੰ ਬੁਲਾ ਕੇ ਇਕ ਮੁਲਾਜ਼ਮ ਨਾਲ ਏ. ਟੀ. ਐੱਮ. ਵਿਚੋਂ 25 ਹਜ਼ਾਰ ਰੁਪਏ ਕਢਵਾ ਕੇ ਆਪਣੇ ਕੋਲ ਰੱਖ ਲਏ। ਉਸ ਨੇ ਜਿਹੜੇ ਬੈਂਕ ਵਿਚ ਪੈਸੇ ਜਮ੍ਹਾ ਕਰਵਾਏ ਸਨ, ਉਨ੍ਹਾਂ ਨੂੰ ਕਢਵਾਉਣ ਲਈ ਪਤਨੀ ਤੋਂ ਚੈੱਕ ਮੰਗਵਾ ਕੇ ਸ਼ਾਮੂ ਦੇ ਸਾਈਨ ਕਰਵਾ ਕੇ ਪੈਸੇ ਕਢਵਾ ਲਏ ਸਨ। ਉਦੋਂ ਵੀ ਸ਼ਾਮੂ ਪੁਲਸ ਦੀ ਹਿਰਾਸਤ ਵਿਚ ਸੀ। ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਸਕੂਲ ਵਿਚ ਹੋਈ ਚੋਰੀ ਦਾ ਜਾਂਚ ਅਫਸਰ ਏ. ਐੱਸ. ਆਈ. ਸੁਖਰਾਜ ਸਿੰਘ ਸੀ ਪਰ ਸਾਬਕਾ ਇੰਚਾਰਜ ਮੁਨੀਸ਼ ਸ਼ਰਮਾ ਨੇ ਉਸ ਨੂੰ ਜਾਂਚ ਲਈ ਸ਼ਾਮਲ ਨਹੀਂ ਕੀਤਾ ਅਤੇ ਆਪਣੇ ਪੱਧਰ ’ਤੇ ਸਾਰੀ ਲਿਖਾ-ਪੜ੍ਹੀ ਕਰਕੇ ਬਿਨਾਂ ਰਿਮਾਂਡ ਲਏ ਮੁਲਜ਼ਮ ਨੂੰ ਜੇਲ ਭੇਜ ਦਿੱਤਾ। ਪੁਲਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਸਾਬਕਾ ਏ. ਐੱਸ. ਆਈ. ਮੁਨੀਸ਼ ਨੇ ਨਿੱਜੀ ਫਾਇਦਾ ਲੈਣ ਲਈ ਸਕੂਲ ਦੇ ਚੇਅਰਮੈਨ ਵਿਜੇ ਮੈਣੀ ਦੇ ਕਹਿਣ ’ਤੇ ਵ੍ਹਾਈਟ ਮਨੀ ਨੂੰ ਹੀ ਐੱਫ਼. ਆਈ. ਆਰ. ਵਿਚ ਵਿਖਾ ਕੇ 8 ਲੱਖ 5 ਹਜ਼ਾਰ ਰੁਪਏ ਤੇ 4 ਲੱਖ ਰੁਪਏ ਦਾ ਸਾਮਾਨ ਰਿਕਵਰੀ ਵਿਚ ਦਿਖਾ ਦਿੱਤਾ, ਜਦਕਿ ਚੋਰੀ 35 ਲੱਖ ਰੁਪਏ ਦੀ ਸੀ। ਬਾਕੀ ਦੇ 23 ਲੱਖ ਰੁਪਏ ਸਾਬਕਾ ਚੌਕੀ ਇੰਚਾਰਜ ਮੁਨੀਸ਼ ਸ਼ਰਮਾ ਨੇ ਆਪਣੇ ਕੋਲ ਰੱਖ ਲਏ।
ਸਾਬਕਾ ਇੰਚਾਰਜ ਨੇ ਇਸ ਮਾਮਲੇ ਸਬੰਧੀ ਥਾਣਾ ਇੰਚਾਰਜ ਨਵਦੀਪ ਸਿੰਘ ਨੂੰ ਕੁਝ ਨਹੀਂ ਦੱਸਿਆ। ਇਸ ਵਿਚ ਆਮ ਆਦਮੀ ਪਾਰਟੀ ਦੇ ਇਕ ਵਿਧਾਇਕ ਦੀ ਨੂੰਹ ਦੇ ਪਿਓ ਦਾ ਨਾਂ ਵੀ ਸਾਹਮਣੇ ਆ ਰਿਹਾ ਸੀ, ਜਿਸ ਕਾਰਨ ਇਸ ਮਾਮਲੇ ਨੂੰ ਦਬਾਉਣ ਲਈ ਵਿਧਾਇਕਾਂ ਦੀ ਲਾਬੀ ਇਸ ਮਾਮਲੇ ਵਿਚ ਸੀ. ਪੀ. ਆਫਿਸ ਪਹੁੰਚ ਗਈ ਅਤੇ ਕਾਫ਼ੀ ਦਬਾਅ ਬਣਾ ਕੇ ਹਿਰਾਸਤ ਵਿਚ ਲਏ ਸਾਬਕਾ ਚੌਕੀ ਇੰਚਾਰਜ ਨੂੰ ਛੁਡਵਾ ਕੇ ਲੈ ਗਈ।
ਪਤਨੀ ਲਈ ਸੋਨੇ ਦੇ ਗਹਿਣੇ ਖਰੀਦ ਕੇ ਟੈਕਸੀ ਕਰਕੇ ਯੂ. ਪੀ. ਜਾ ਕੇ ਵੀ ਕੀਤੀ ਸ਼ਾਪਿੰਗ
ਮੁਲਜ਼ਮ ਸ਼ਾਮੂ ਨੇ ਦੱਸਿਆ ਕਿ ਪੈਸੇ ਚੋਰੀ ਕਰਨ ਦੇ ਇਕ ਹਫਤੇ ਤੱਕ ਉਹ ਬ੍ਰਿਟਿਸ਼ ਓਲੀਵੀਆ ਸਕੂਲ ਵਿਚ ਕੰਮ ਲਈ ਜਾਂਦਾ ਰਿਹਾ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਪੈਸੇ ਉਸਨੇ ਇਕ ਸਪੀਕਰ ’ਚ ਲੁਕੋ ਕੇ ਰੱਖੇ ਹੋਏ ਸਨ। ਇਸੇ ਵਿਚਕਾਰ ਉਸਨੇ ਆਪਣੀ ਪਤਨੀ ਲਈ ਸੋਨੇ ਦਾ ਮੰਗਲਸੂਤਰ, ਸੋਨੇ ਦੀ ਚੇਨ, 2 ਸੈੱਟ ਸੋਨੇ ਦੀਆਂ ਵਾਲੀਆਂ, ਰਿੰਗ ਅਤੇ ਆਪਣੇ ਲਈ ਚਾਂਦੀ ਦਾ ਬ੍ਰੈਸਲੇਟ ਖਰੀਦਿਆ। ਕੁੱਲ 1 ਲੱਖ 95 ਹਜ਼ਾਰ ਰੁਪਏ ਦੇ ਗਹਿਣੇ ਉਸਨੇ ਖਰੀਦੇ, ਜਦੋਂ ਕਿ 20 ਹਜ਼ਾਰ ਰੁਪਏ ਦੇ ਕੱਪੜੇ ਰਾਮਾ ਮੰਡੀ ਤੋਂ ਖਰੀਦੇ। ਫਿਰ ਉਸਨੇ ਘਰ ਲਈ 21 ਹਜ਼ਾਰ ਰੁਪਏ ਦੀ ਐੱਲ. ਈ. ਡੀ. ਅਤੇ 5 ਹਜ਼ਾਰ ਰੁਪਏ ਦਾ ਡਿਸ਼ ਐਂਟੀਨਾ ਖਰੀਦਿਆ। ਇਸ ਤੋਂ ਇਲਾਵਾ ਸ਼ਾਮੂ ਨੇ ਆਪਣੇ ਲਈ 8 ਹਜ਼ਾਰ ਰੁਪਏ ਦਾ ਮੋਬਾਇਲ ਖਰੀਦਿਆ ਅਤੇ ਫਿਰ 2 ਬੈਂਕ ਖਾਤਿਆਂ ’ਚ ਕੁੱਲ 1 ਲੱਖ 75 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਤੋਂ ਬਾਅਦ 20 ਹਜ਼ਾਰ ਰੁਪਏ ’ਚ ਟੈਕਸੀ ਕਰ ਕੇ ਯੂ. ਪੀ. ਆਪਣੀ ਪਤਨੀ ਅਤੇ ਬੱਚਿਆਂ ਨਾਲ ਚਲਾ ਗਿਆ। ਮੁਲਜ਼ਮ ਨੇ ਯੂ. ਪੀ. ਜਾ ਕੇ ਪਹਿਲਾਂ 95 ਹਜ਼ਾਰ ਰੁਪਏ ਦੀ ਸਕੂਟਰੀ ਖਰੀਦੀ ਅਤੇ ਫਿਰ 20 ਹਜ਼ਾਰ ਰੁਪਏ ਦੇ ਨਵੇਂ ਭਾਂਡੇ ਅਤੇ 23 ਹਜ਼ਾਰ ਰੁਪਏ ਦਾ ਸੋਲਰ ਸਿਸਟਮ ਤੇ ਬੈਟਰੀ ਖਰੀਦੀ। ਆਪਣੇ ਪਿੰਡ ਜਾਣ ਦੇ 4 ਦਿਨਾਂ ਬਾਅਦ ਹੀ ਪੁਲਸ ਨੇ ਉਸ ਨੂੰ ਰੇਡ ਕਰ ਕੇ ਕਾਬੂ ਕਰ ਲਿਆ, ਜਿਸ ਤੋਂ ਬਾਅਦ ਉਸ ਨੇ ਸਾਰਾ ਖ਼ਰੀਦਿਆ ਸਾਮਾਨ ਸਾਬਕਾ ਚੌਂਕੀ ਇੰਚਾਰਜ ਦੇ ਸਪੁਰਦ ਕਰ ਦਿੱਤਾ। ਇਸ ਤੋਂ ਇਲਾਵਾ ਏ. ਐੱਸ. ਆਈ. ਨੇ ਚੋਰ ਨੂੰ ਯੂ. ਪੀ. ਤੋਂ ਗ੍ਰਿਫ਼ਤਾਰ ਕੀਤਾ, ਜਦਕਿ ਗ੍ਰਿਫ਼ਤਾਰੀ ਜਲੰਧਰ ਤੋਂ ਦਿਖਾ ਦਿੱਤੀ। ਜਲੰਧਰ ਆਪਣੇ ਘਰ ਲਈ ਖਰੀਦਿਆ ਸਾਮਾਨ ਵੀ ਪੁਲਸ ਨੇ ਬਰਾਮਦ ਕਰ ਲਿਆ ਸੀ, ਹਾਲਾਂਕਿ ਜਿਉਂ ਹੀ ਮਾਮਲਾ ਪੁਲਸ ਅਧਿਕਾਰੀਆਂ ਕੋਲ ਆਇਆ ਤਾਂ ਉਨ੍ਹਾਂ ਵੱਲੋਂ ਚੌਕੀ ਇੰਚਾਰਜ ਮੁਨੀਸ਼ ਸ਼ਰਮਾ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ: ਪੁੱਤ ਦੇ ਕਾਰੇ ਨੇ ਚੱਕਰਾਂ 'ਚ ਪਾਇਆ ਪਰਿਵਾਰ, ਭੇਤ ਖੁੱਲ੍ਹਣ 'ਤੇ ਪਿਓ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ
ਪੁਲਸ ਦੀ ਜਾਂਚ ’ਚ ਚੌਂਕੀ ਇੰਚਾਰਜ ਅਤੇ ਚੇਅਰਮੈਨ ਦੋਵੇਂ ਕਸੂਰਵਾਰ
ਪੁਲਸ ਨੇ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਪਾਇਆ ਕਿ ਸਾਬਕਾ ਚੌਕੀ ਇੰਚਾਰਜ ਮੁਨੀਸ਼ ਸ਼ਰਮਾ ਨੇ ਸਕੂਲ ਦੇ ਚੇਅਰਮੈਨ ਨਾਲ ਮਿਲ ਕੇ ਪੁਲਸ ਡਿਪਾਰਟਮੈਂਟ ਨਾਲ ਧਾਂਦਲੀ ਕੀਤੀ ਅਤੇ ਨਿੱਜੀ ਫਾਇਦਾ ਲੈਣ ਲਈ ਹਰ ਤਰ੍ਹਾਂ ਦੀ ਸੂਝ-ਬੂਝ ਨਾਲ ਅਪਰਾਧਿਕ ਸਾਜ਼ਿਸ਼ ਰਚੀ। ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਸਾਬਕਾ ਚੌਕੀ ਇੰਚਾਰਜ ਨੇ ਥਾਣੇ ਵਿਚ ਰਿਕਾਰਡ ਪੇਸ਼ ਨਹੀਂ ਕੀਤਾ, ਜਿਸ ਕਾਰਨ ਥਾਣਾ ਰਾਮਾ ਮੰਡੀ ਦੇ ਮੁਨਸ਼ੀ ਨੇ 13 ਸਤੰਬਰ ਨੂੰ ਰਿਪੋਰਟ ਵੀ ਦਰਜ ਕੀਤੀ, ਜਿਸ ਬਾਰੇ ਗੱਲ ਉਦੋਂ ਦੇ ਥਾਣਾ ਰਾਮਾ ਮੰਡੀ ਦੇ ਐੱਸ. ਐੱਚ. ਓ. ਨਵਦੀਪ ਸਿੰਘ ਨੂੰ ਦੱਸੀ ਗਈ, ਜਿਨ੍ਹਾਂ ਤੁਰੰਤ ਪੁਲਸ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ। ਏ. ਐੱਸ. ਆਈ. ਮੁਨੀਸ਼ ਸ਼ਰਮਾ ’ਤੇ ਇਹ ਵੀ ਦੋਸ਼ ਹੈ ਕਿ ਉਸ ਨੇ ਆਪਣੇ ਐੱਸ. ਐੱਚ. ਓ. ਜਾਂ ਫਿਰ ਕਿਸੇ ਵੀ ਪੁਲਸ ਅਧਿਕਾਰੀ ਨੂੰ ਬਿਨਾਂ ਦੱਸੇ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਮੁਲਜ਼ਮ ਨੂੰ ਜੇਲ ਵੀ ਭੇਜ ਦਿੱਤਾ।
ਇਹ ਹੈ ਈਮਾਨਦਾਰ ਸਰਕਾਰ ਦੀ ਭੂਮਿਕਾ: ਕੇ. ਡੀ. ਭੰਡਾਰੀ
ਭਾਜਪਾ ਦੇ ਸੀਨੀਅਰ ਆਗੂ ਕੇ. ਡੀ. ਭੰਡਾਰੀ ਨੇ ਇਸ ਮਾਮਲੇ ਸਬੰਧੀ ਕਿਹਾ ਕਿ ਪੰਜਾਬ ਸਰਕਾਰ ਈਮਾਨਦਾਰੀ ਦਾ ਟੈਗ ਲੈ ਕੇ ਸ਼ਾਸਨ ਵਿਚ ਆਈ ਹੈ ਪਰ ਉਨ੍ਹਾਂ ਦੇ ਵਿਧਾਇਕਾਂ ਦੇ ਰਿਸ਼ਤੇਦਾਰ ਅਜਿਹੇ ਮਾਮਲਿਆਂ ਵਿਚ ਸਾਹਮਣੇ ਆ ਰਹੇ ਹਨ ਜਿਹੜੇ ਕਿ ਅਪਰਾਧਿਕ ਹਨ। ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਾਬੂ ਕੀਤੇ ਏ. ਐੱਸ. ਆਈ. ਨੂੰ ਛੁਡਵਾਉਣਾ ਸਾਬਿਤ ਕਰਦਾ ਹੈ ਕਿ ਪੁਲਸ ਡਿਪਾਰਟਮੈਂਟ ’ਤੇ ਪੰਜਾਬ ਸਰਕਾਰ ਦੇ ਵਿਧਾਇਕ ਤੇ ਵਰਕਰ ਬਹੁਤ ਹਾਵੀ ਹਨ। ਇਸ ਮਾਮਲੇ ਸਬੰਧੀ ਉਹ ਮੁੱਖ ਮੰਤਰੀ ਨੂੰ ਵੀ ਸ਼ਿਕਾਇਤ ਕਰਨਗੇ। ਕੇ. ਡੀ. ਭੰਡਾਰੀ ਨੇ ਡੀ. ਜੀ. ਪੀ. ਤੋਂ ਮੰਗ ਕਰਦਿਆਂ ਕਿਹਾ ਕਿ ਪੁਲਸ ਅਧਿਕਾਰੀ ਮੁਜਰਿਮ ਨੂੰ ਕਿਵੇਂ ਛੱਡ ਸਕਦੇ ਹਨ, ਇਸ ਦੀ ਜਾਂਚ ਕੀਤੀ ਜਾਵੇ।
ਇਹ ਵੀ ਪੜ੍ਹੋ: ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ 'ਚ ਦਰਦਨਾਕ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ