ਅਮਰੀਕਾ ਦੀ ਬਜਾਏ ਇੰਡੋਨੇਸ਼ੀਆ ਭੇਜਿਆ, ਬੰਧਕ ਬਣਾ ਠੱਗੇ ਕਰੋੜਾਂ ਰੁਪਏ, ਪਿਓ-ਪੁੱਤ ਦੇ ਕਾਰਨਾਮੇ ਨੇ ਉਡਾਏ ਹੋਸ਼

Thursday, Apr 24, 2025 - 02:03 PM (IST)

ਅਮਰੀਕਾ ਦੀ ਬਜਾਏ ਇੰਡੋਨੇਸ਼ੀਆ ਭੇਜਿਆ, ਬੰਧਕ ਬਣਾ ਠੱਗੇ ਕਰੋੜਾਂ ਰੁਪਏ, ਪਿਓ-ਪੁੱਤ ਦੇ ਕਾਰਨਾਮੇ ਨੇ ਉਡਾਏ ਹੋਸ਼

ਜਲੰਧਰ (ਵਰੁਣ)–ਜਲੰਧਰ ਦੇ ਵੈਸਟ ਹਲਕੇ ਵਿਚ ਆਉਂਦੇ ਅਸ਼ੋਕ ਨਗਰ ਵਾਸੀ ਫਰਜ਼ੀ ਟ੍ਰੈਵਲ ਏਜੰਟ ਪਿਓ-ਪੁੱਤਰ ਨੇ 3 ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਇੰਡੋਨੇਸ਼ੀਆ ਵਿਚ ਬੰਧਕ ਬਣਾ ਕੇ 1 ਕਰੋੜ 20 ਲੱਖ ਰੁਪਏ ਠੱਗ ਲਏ। ਮੁਲਜ਼ਮ ਏਜੰਟਾਂ ਨੇ ਪਹਿਲਾਂ ਤਿੰਨਾਂ ਨੌਜਵਾਨਾਂ ਤੋਂ 7-7 ਲੱਖ ਰੁਪਏ ਐਡਵਾਂਸ ਲਏ ਸਨ ਅਤੇ ਫਿਰ ਅਮਰੀਕਾ ਦੀ ਬਜਾਏ ਇੰਡੋਨੇਸ਼ੀਆ ਵਿਚ ਆਪਣੇ ਲੋਕਾਂ ਕੋਲ ਭੇਜ ਕੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਅਤੇ ਸਿਰ ’ਤੇ ਬੰਦੂਕ ਰੱਖ ਕੇ ਫੋਨ ਕਰਵਾ ਦਿੱਤਾ ਕਿ ਉਹ ਯੂ. ਐੱਸ. ਏ. ਪਹੁੰਚ ਗਏ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ, ਨਵੇਂ ਹੁਕਮ ਜਾਰੀ, ਖੜ੍ਹੀ ਹੋਈ ਵੱਡੀ ਮੁਸੀਬਤ

ਯੂ. ਐੱਸ. ਏ. ਪਹੁੰਚਣ ਦਾ ਫੋਨ ਆਉਂਦੇ ਹੀ ਤਿੰਨਾਂ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਏਜੰਟ ਪਿਓ-ਪੁੱਤ ਨੂੰ 33-33 ਲੱਖ ਰੁਪਏ ਹੋਰ ਦੇ ਦਿੱਤੇ ਪਰ ਜਦੋਂ ਉਹ ਤਿੰਨੋਂ ਵਾਪਸ ਆਏ ਤਾਂ ਪਤਾ ਲੱਗਾ ਕਿ ਏਜੰਟਾਂ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਥਾਣਾ ਐੱਨ. ਆਰ. ਆਈ. ਵਿਚ ਫਰਜ਼ੀ ਏਜੰਟ ਰਵਿੰਦਰਪਾਲ ਸਿੰਘ ਪੁੱਤਰ ਲਾਭ ਸਿੰਘ ਵਾਸੀ ਅਸ਼ੋਕ ਨਗਰ ਅਤੇ ਉਸ ਦੇ ਬੇਟੇ ਜੋਤ ਪ੍ਰਕਾਸ਼ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ। ਉਸ ਨੂੰ ਦਿੱਤੀ ਸ਼ਿਕਾਇਤ ਵਿਚ ਸੂਬਾ ਸਿੰਘ ਵਾਸੀ ਮਾਡਲ ਟਾਊਨ ਕਪੂਰਥਲਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਨੂੰ ਅਮਰੀਕਾ ਭੇਜਣ ਲਈ ਬੱਸ ਸਟੈਂਡ ਨੇੜੇ ਦਫ਼ਤਰ ਖੋਲ੍ਹ ਕੇ ਬੈਠੇ ਰਵਿੰਦਰਪਾਲ ਸਿੰਘ ਅਤੇ ਉਸ ਦੇ ਬੇਟੇ ਜੋਤ ਪ੍ਰਕਾਸ਼ ਸਿੰਘ ਨਾਲ ਗੱਲ ਕੀਤੀ ਸੀ। ਉਸ ਦੇ ਜਾਣਕਾਰ ਰਾਹੀਂ ਉਨ੍ਹਾਂ ਨੂੰ ਮਿਲਿਆ ਸੀ, ਜਿਸ ਨੇ ਬੇਟੇ ਨੂੰ ਅਮਰੀਕਾ ਭੇਜਣ ਲਈ 40 ਲੱਖ ਰੁਪਏ ਦੀ ਮੰਗ ਕੀਤੀ ਸੀ, ਜਿਸ ਵਿਚੋਂ 7 ਲੱਖ ਰੁਪਏ ਐਡਵਾਂਸ ਅਤੇ ਬਾਕੀ ਦੇ 33 ਲੱਖ ਰੁਪਏ ਯੂ. ਐੱਸ. ਏ. ਪਹੁੰਚਣ ਤੋਂ ਬਾਅਦ ਦੇਣੇ ਸਨ।

ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ ਲਈ ਚੰਗੀ ਖ਼ਬਰ, ਮਾਨ ਸਰਕਾਰ ਨੇ ਚੁੱਕਿਆ ਵੱਡਾ ਕਦਮ

ਦੋਸ਼ ਹੈ ਕਿ ਬੇਟਾ ਘਰੋਂ ਅਮਰੀਕਾ ਲਈ ਨਿਕਲਿਆ ਸੀ। ਕੁਝ ਘੰਟਿਆਂ ਬਾਅਦ ਉਨ੍ਹਾਂ ਨੂੰ ਪੁੱਤਰ ਦਾ ਫੋਨ ਆਇਆ ਕਿ ਉਹ ਅਮਰੀਕਾ ਸਹੀ-ਸਲਾਮਤ ਪਹੁੰਚ ਚੁੱਕਾ ਹੈ ਅਤੇ ਬਾਕੀ ਦੇ 33 ਲੱਖ ਰੁਪਏ ਰਵਿੰਦਰਪਾਲ ਸਿੰਘ ਨੂੰ ਦੇ ਦਿਓ। ਸੂਬਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬੇਟੇ ਨੂੰ ਸੈਟਲ ਕਰਨ ਲਈ ਲੋਨ ਲੈ ਕੇ ਅਤੇ ਗੋਲਡ ਦੇ ਕੇ ਪੈਸੇ ਦਿੱਤੇ ਸਨ। ਫੋਨ ਆਉਣ ਤੋਂ ਕੁਝ ਸਮੇਂ ਬਾਅਦ ਏਜੰਟ ਰਵਿੰਦਰਪਾਲ ਸਿੰਘ ਉਨ੍ਹਾਂ ਦੇ ਘਰ ਆਇਆ ਅਤੇ 33 ਲੱਖ ਰੁਪਏ ਲੈ ਕੇ ਚਲਾ ਗਿਆ। ਕੁਝ ਦਿਨ ਬਾਅਦ ਪਤਾ ਲੱਗਾ ਕਿ ਬੇਟਾ ਵਾਪਸ ਆ ਰਿਹਾ ਹੈ।

ਇਹ ਵੀ ਪੜ੍ਹੋ: ਪਹਿਲਗਾਮ ਹਮਲੇ ਮਗਰੋਂ ਹਾਈ ਅਲਰਟ 'ਤੇ ਪੰਜਾਬ, DGP ਗੌਰਵ ਯਾਦਵ ਨੇ ਉੱਚ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਹੁਕਮ

ਜਿਵੇਂ ਹੀ ਉਨ੍ਹਾਂ ਦਾ ਬੇਟਾ ਵਾਪਸ ਆਇਆ ਤਾਂ ਪਤਾ ਲੱਗਾ ਕਿ ਰਵਿੰਦਰਪਾਲ ਸਿੰਘ ਅਤੇ ਉਸ ਦੇ ਬੇਟੇ ਜੋਤ ਪ੍ਰਕਾਸ਼ ਨੇ ਉਸ ਨੂੰ ਅਮਰੀਕਾ ਦੀ ਬਜਾਏ ਇੰਡੋਨੇਸ਼ੀਆ ਆਪਣੇ ਲੋਕਾਂ ਕੋਲ ਭੇਜ ਕੇ ਬੰਧਕ ਬਣਾ ਲਿਆ। ਉਨ੍ਹਾਂ ਲੋਕਾਂ ਨੇ ਸਿਰ ’ਤੇ ਪਿਸਤੌਲ ਤਾਣ ਕੇ ਉਸ ਤੋਂ ਜ਼ਬਰਦਸਤੀ ਘਰ ਫੋਨ ਕਰਵਾਇਆ ਕਿ ਉਹ ਅਮਰੀਕਾ ਪਹੁੰਚ ਚੁੱਕਾ ਹੈ ਤਾਂ ਜੋ 33 ਲੱਖ ਰੁਪਏ ਲਏ ਜਾ ਸਕਣ। ਸੂਬਾ ਸਿੰਘ ਨੇ ਦੱਸਿਆ ਕਿ ਉਸ ਦੇ ਬੇਟੇ ਨਾਲ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਵੀ 2 ਨੌਜਵਾਨ ਸਨ ਅਤੇ ਉਸ ਦੇ ਬੇਟੇ ਵਾਂਗ ਉਨ੍ਹਾਂ ਤੋਂ ਵੀ ਏਜੰਟ ਨੇ 40-40 ਲੱਖ ਰੁਪਏ ਇਸੇ ਤਰ੍ਹਾਂ ਲੈ ਲਏ। ਪੀੜਤ ਪਰਿਵਾਰ ਨੇ ਏਜੰਟ ਨਾਲ ਗੱਲ ਕੀਤੀ, ਜਿਸ ਨੇ 40 ਲੱਖ ਵਿਚੋਂ 21 ਲੱਖ ਰੁਪਏ ਤਾਂ ਵਾਪਸ ਕਰ ਦਿੱਤੇ ਪਰ 19 ਲੱਖ ਰੁਪਏ ਨਹੀਂ ਮੋੜੇ। ਇਸ ਸਬੰਧੀ ਐੱਨ. ਆਰ. ਆਈ. ਵਿੰਗ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਦੀ ਜਾਂਚ ਤੋਂ ਬਾਅਦ ਐੱਨ. ਆਈ. ਆਰ. ਥਾਣੇ ਵਿਚ ਮੁਲਜ਼ਮ ਏਜੰਟ ਰਵਿੰਦਰਪਾਲ ਸਿੰਘ ਅਤੇ ਉਸ ਦੇ ਬੇਟੇ ਜੋਤ ਪ੍ਰਕਾਸ਼ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਫਿਲਹਾਲ ਪਿਓ-ਪੁੱਤਰ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।

ਇਹ ਵੀ ਪੜ੍ਹੋ: ਰਾਧਾ ਸੁਆਮੀ ਡੇਰਾ ਬਿਆਸ ਨਾਲ ਜੁੜੀ ਵੱਡੀ ਖ਼ਬਰ, ਇਨ੍ਹਾਂ ਤਾਰੀਖ਼ਾਂ ਨੂੰ ਹੋਵੇਗਾ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News