ਦੁਬਈ ''ਚ ਰਹਿੰਦੇ ਨੌਜਵਾਨ ਨੇ ਤਲਾਕਸ਼ੁਦਾ ਮਹਿਲਾ ਤੋਂ ਠੱਗੇ 2 ਲੱਖ ਰੁਪਏ
Saturday, Aug 25, 2018 - 12:49 PM (IST)
ਨਵਾਂਸ਼ਹਿਰ— ਦੁਬਈ 'ਚ ਰਹਿ ਰਹੇ ਨਵਾਂਸ਼ਹਿਰ ਦੇ ਇਕ ਨੌਜਵਾਨ ਵੱਲੋਂ ਮੁੰਬਈ ਦੀ ਤਲਾਕਸ਼ੁਦਾ ਮਹਿਲਾ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਦੁਬਈ 'ਚ ਰਹਿੰਦੇ ਨੌਜਵਾਨ ਨੇ ਤਲਾਕਸ਼ੁਦਾ ਮਹਿਲਾ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਕੋਲੋਂ ਕਰੀਬ 2 ਲੱਖ ਰੁਪਏ ਠੱਗ ਲਏ। ਮਹਿਲਾ ਹੁਣ ਕਰੀਬ 10 ਸਾਲ ਦੇ ਆਪਣੇ ਬੇਟੇ ਨਾਲ ਦੋਸ਼ੀ ਦੀ ਭਾਲ ਕਰਦੇ ਹੋਏ ਨਵਾਂਸ਼ਹਿਰ ਪਹੁੰਚੀ ਹੈ।
ਮੁੰਬਈ ਦੇ ਮੁੰਬਰਾ ਖੇਤਰ ਦੇ ਸੰਜੇ ਨਗਰ ਦੀ ਰਹਿਣ ਵਾਲੀ ਤਲਾਕਸ਼ੁਦਾ ਮਹਿਲਾ ਨਗਮਾ ਅਬਦੁਲ ਖਾਨ ਨੇ ਦੱਸਿਆ ਕਿ ਉਹ ਕਰੀਬ 5 ਸਾਲਾਂ ਤੋਂ ਆਪਣੇ ਸਹੁਰੇ ਪਰਿਵਾਰ ਤੋਂ ਵੱਖ ਰਹਿ ਰਹੀ ਹੈ। ਉਸ ਦੇ ਸਾਬਕਾ ਪਤੀ ਦਾ ਭਰਾ ਜੋ ਕਿ ਦੁਬਈ 'ਚ ਰਹਿੰਦਾ ਹੈ, ਉਸ ਨਾਲ ਉਸ ਦੀ ਗੱਲਬਾਤ ਹੁੰਦੀ ਰਹਿੰਦੀ ਸੀ। ਅੱਗੇ ਦੱਸਦੇ ਹੋਏ ਉਸ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਸੁਰਾਪੁਰ ਦਾ ਇਕ ਨੌਜਵਾਨ ਵੀ ਉਸ ਦੇ ਨਾਲ ਦੁਬਈ 'ਚ ਕੰਮ ਕਰਦਾ ਸੀ। ਇਸ ਦੇ ਚਲਦਿਆਂ ਉਸ ਨਾਲ ਫੋਨ ਜ਼ਰੀਏ ਸੰਪਰਕ ਹੋ ਗਿਆ ਸੀ, ਜਿਸ ਤੋਂ ਬਾਅਦ ਨੌਜਵਾਨ ਅਕਸਰ ਉਸ ਨਾਲ ਫੋਨ 'ਤੇ ਗੱਲਬਾਤ ਕਰਦਾ ਰਹਿੰਦਾ ਸੀ।
ਇਸ ਦੌਰਾਨ ਕਰੀਬ 13-14 ਮਹੀਨੇ ਪਹਿਲਾਂ ਨੌਜਵਾਨ ਨੇ ਮਹਿਲਾ ਨੂੰ ਵਿਆਹ ਦਾ ਝਾਂਸਾ ਦਿੱਤਾ ਅਤੇ ਗੱਲਾਂ 'ਚ ਲੈ ਕੇ ਉਸ ਨੇ 2 ਲੱਖ ਦੇ ਕਰੀਬ ਆਪਣੇ, ਆਪਣੇ ਭਰਾ ਸਮੇਤ ਪਿਤਾ ਦੇ ਵੱਖ-ਵੱਖ ਖਾਤਿਆਂ 'ਚ ਟਰਾਂਸਫਰ ਕਰਵਾ ਲਏ। ਮਹਿਲਾ ਨੇ ਦੱਸਿਆ ਕਿ ਹੁਣ ਜਦੋਂ ਉਹ ਆਪਣੇ ਪੈਸੇ ਵਾਪਸ ਲੈਣ ਦੀ ਗੱਲ ਕਰਦੀ ਹੈ ਤਾਂ ਉਹ ਉਸ ਨੂੰ ਧਮਕੀਆਂ ਦਿੰਦਾ ਹੈ। ਉਹ ਉਸ ਦੀ ਤਸਵੀਰ ਫੇਸਬੁੱਕ 'ਤੇ ਅਪਲੋਡ ਕਰਕੇ ਬਦਨਾਮ ਕਰਨ ਦੀ ਧਮਕੀ ਦਿੰਦਾ ਹੈ। ਇਸ ਲਈ ਉਹ ਉਸ ਦੀ ਭਾਲ ਕਰਦੇ ਹੋਏ ਪੁਲਸ ਦੇ ਕੋਲ ਇਨਸਾਫ ਲਈ ਨਵਾਂਸ਼ਹਿਰ ਪਹੁੰਚੀ ਤਾਂ ਕਿ ਪੁਲਸ ਉਸ ਨੂੰ ਉਸ ਦੇ ਪੈਸੇ ਵਾਪਸ ਦਿਲਵਾ ਸਕੇ।